ਪਾਵਰ ਸਬਸਿਡੀ ਦੇ ਮਾਮਲੇ ’ਚ ਪੰਜਾਬ ਸਰਕਾਰ ਦਾ ਡਿਫਾਲਟ 7300 ਕਰੋਡ਼ ਤੋਂ ਪਾਰ

12/19/2019 11:02:46 PM

ਚੰਡੀਗਡ਼੍ਹ, (ਸ਼ਰਮਾ)- ਰਾਜ ’ਚ ਵਿੱਤੀ ਸੰਕਟ ਦਾ ਰੋਣਾ ਰੋਣ ਵਾਲੀ ਪੰਜਾਬ ਸਰਕਾਰ ਨੇ ਬੇਸ਼ੱਕ ਵਿਧਾਇਕਾਂ ਲਈ ਨਵੇਂ ਵਾਹਨ ਖਰੀਦਣ ਦਾ ਫੈਸਲਾ ਲੈ ਲਿਆ ਹੋਵੇ ਪਰ ਜਨਤਾ ’ਤੇ ਵਾਧੂ ਵਿੱਤੀ ਬੋਝ ਪਾਉਣ ਦਾ ਉਹ ਕੋਈ ਵੀ ਮੌਕਾ ਨਹੀਂ ਗਵਾਉਂਦੀ ਜਾਂ ਫਿਰ ਅਜਿਹੀ ਸਥਿਤੀ ਪੈਦਾ ਕਰਦੀ ਹੈ ਜਿਸ ਦਾ ਵਿੱਤੀ ਤੌਰ ’ਤੇ ਰਾਜ ਦੇ ਨਾਗਰਿਕਾਂ ਨੂੰ ਹੀ ਭਾਰ ਚੁੱਕਣਾ ਪਵੇ। ਅਜਿਹੀ ਹੀ ਸਥਿਤੀ ਪੰਜਾਬ ਸਰਕਾਰ ਨੇ ਰਾਜ ਦੇ ਕਿਸਾਨਾਂ ਜਾਂ ਹੋਰ ਵਰਗਾਂ ਨੂੰ ਮੁਫ਼ਤ ਬਿਜਲੀ ਦੇ ਬਦਲੇ ਪੰਜਾਬ ਪਾਵਰਕਾਮ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਰਾਸ਼ੀ ਨੂੰ ਅਦਾ ਨਾ ਕਰਨ ਦੇ ਕਾਰਣ ਬਣਾ ਦਿੱਤੀ ਹੈ ਕਿਉਂਕਿ ਪੰਜਾਬ ਸਰਕਾਰ ਇਸ ਸਬਸਿਡੀ ਰਾਸ਼ੀ ਦੇ ਬੀਤੇ 15 ਦਸੰਬਰ ਤੱਕ 7368 ਕਰੋਡ਼ ਦੀ ਡਿਫਾਲਟਰ ਹੋ ਗਈ ਹੈ। ਇੰਨੀ ਵੱਡੀ ਰਾਸ਼ੀ ਪੰਜਾਬ ਪਾਵਰਕਾਮ ਨੂੰ ਨਾ ਮਿਲਣ ਦੇ ਚਲਦੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪਾਵਰਕਾਮ ਆਪਣਾ ਕੰਮ ਚਲਾਉਣ ਲਈ ਸ਼ਾਰਟ ਟਰਮ ਲਾਸ ਦਾ ਸਹਾਰਾ ਲੈਂਦੀ ਹੈ, ਜਿਸ ’ਤੇ ਅਦਾ ਹੋਣ ਵਾਲਾ ਵਿਆਜ ਦਾ ਬੋਝ ਸਾਲਾਨਾ ਮਾਲੀਆ ਪ੍ਰਾਪਤੀਆਂ ਦੇ ਮਾਧਿਅਮ ਨਾਲ ਦਰਾਂ ’ਚ ਸੋਧ ਦੇ ਰੂਪ ’ਚ ਖਪਤਕਾਰਾਂ ’ਤੇ ਪੈਂਦਾ ਹੈ।

ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਨੇ ਚਾਲੂ ਵਿੱਤੀ ਸਾਲ ਲਈ ਪਿਛਲੇ ਮਈ ਮਹੀਨੇ ਜਾਰੀ ਟੈਰਿਫ ਆਰਡਰ ’ਚ ਪੰਜਾਬ ਸਰਕਾਰ ਵਲੋਂ ਪਾਵਰਕਾਮ ਨੂੰ ਅਦਾ ਕੀਤੀ ਜਾਣ ਵਾਲੀ ਸਬਸਿਡੀ ਦੀ ਰਾਸ਼ੀ ਨੂੰ 14972.09 ਕਰੋਡ਼ ਰੁਪਏ ਆਂਕਦੇ ਹੋਏ ਇਸ ਰਾਸ਼ੀ ਦਾ ਭੁਗਤਾਨ ਮਹੀਨਾਵਾਰ ਅਗਾਊਂ ਕਿਸ਼ਤਾਂ ’ਚ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਤਰ੍ਹਾਂ ਬੀਤੀ 15 ਦਸੰਬਰ ਤੱਕ ਪੰਜਾਬ ਸਰਕਾਰ ਨੂੰ ਉਕਤ ਸਬਸਿਡੀ ਰਾਸ਼ੀ ’ਚੋਂ 11166.40 ਕਰੋਡ਼ ਦਾ ਭੁਗਤਾਨ ਕਰ ਦੇਣਾ ਚਾਹੀਦਾ ਸੀ ਪਰ ਇਸ ਨੇ ਪੰਜਾਬ ਪਾਵਰਕਾਮ ਨੂੰ ਸਿਰਫ 3797.58 ਕਰੋਡ਼ ਦਾ ਭੁਗਤਾਨ ਕੀਤਾ। ਇਸ ’ਚ ਵੀ 653.48 ਕਰੋਡ਼ ਰੁਪਏ ਪਾਵਰਕਾਮ ਵਲੋਂ ਸਰਕਾਰ ਨੂੰ ਉਸ ਦੇ ਬਾਂਡਸ ਦੇ ਵਿਆਜ ਦੇ ਰੂਪ ’ਚ ਅਦਾ ਕੀਤੇ ਜਾਣ ਵਾਲੇ ਵਿਆਜ ਨੂੰ ਐਡਜਸਟ ਕੀਤਾ ਹੈ।

ਇਸ ਤਰ੍ਹਾਂ ਸਰਕਾਰ ਮਹੀਨਾਵਾਰ ਬਣਦੀ ਰਹੀ ਡਿਫਾਲਟਰ

ਰੈਗੂਲੇਟਰੀ ਕਮਿਸ਼ਨ ਦੇ ਹੁਕਮਾਂ ਅਨੁਸਾਰ ਅਪ੍ਰੈਲ ਅਤੇ ਮਈ ਮਹੀਨੇ ’ਚ ਸਰਕਾਰ ਨੇ 1143.24 ਕਰੋਡ਼ ਦੀਆਂ ਮਹੀਨਾਵਾਰ ਕਿਸ਼ਤਾਂ ’ਚ ਅਗਾਊਂ ਰੂਪ ਭਾਵ ਮਹੀਨੇ ਦੀ ਸ਼ੂਰੁਆਤ ’ਚ ਸਬਸਿਡੀ ਰਾਸ਼ੀ ਦੀ ਅਦਾਇਗੀ ਕਰਨੀ ਸੀ ਪਰ ਇਸ ਨੇ ਅਪ੍ਰੈਲ ਮਹੀਨੇ ’ਚ ਸਿਰਫ਼ 100 ਕਰੋਡ਼ ਰੁਪਏ ਅਦਾ ਕੀਤੇ ਜਦੋਂਕਿ ਮਈ ਮਹੀਨੇ ’ਚ 319.30 ਕਰੋਡ਼ ਰੁਪਏ ਅਦਾ ਕੀਤੇ। ਜੂਨ ਮਹੀਨੇ ਤੋਂ ਮਹੀਨਾਵਾਰ ਕਿਸ਼ਤ ਦੀ ਇਹ ਰਾਸ਼ੀ 1268.56 ਕਰੋਡ਼ ਰੁਪਏ ਨਿਰਧਾਰਤ ਕੀਤੀ ਗਈ ਸੀ ਪਰ ਪੰਜਾਬ ਸਰਕਾਰ ਨੇ ਜੂਨ ਮਹੀਨੇ ’ਚ 250 ਕਰੋਡ਼, ਜੁਲਾਈ ਮਹੀਨੇ ’ਚ 952.78 ਕਰੋਡ਼, ਅਗਸਤ ਮਹੀਨੇ ’ਚ 300 ਕਰੋਡ਼, ਸਤੰਬਰ ਮਹੀਨੇ ’ਚ 822. 02 ਕਰੋਡ਼, ਅਕਤੂਬਰ ਮਹੀਨੇ ’ਚ ਸਿਰਫ 100 ਕਰੋਡ਼ ਜਦੋਂਕਿ ਨਵੰਬਰ ਮਹੀਨੇ ’ਚ ਕੁੱਝ ਵੀ ਅਦਾ ਨਹੀਂ ਕੀਤਾ। ਦਸੰਬਰ ਮਹੀਨੇ ’ਚ 300 ਕਰੋਡ਼ ਜ਼ਰੂਰ ਅਦਾ ਕਰ ਦਿੱਤੇ ਗਏ ਹਨ। ਇਸ ਤਰ੍ਹਾਂ ਸਰਕਾਰ ਪਿਛਲੇ 15 ਦਸੰਬਰ ਤੱਕ ਪਾਵਰਕਾਮ ਦੀ 7368.82 ਕਰੋਡ਼ ਦੀ ਡਿਫਾਲਟਰ ਹੈ।


Bharat Thapa

Content Editor

Related News