'ਸ੍ਰੀ ਨਨਕਾਣਾ ਸਾਹਿਬ 'ਤੇ ਪਥਰਾਅ ਕਰਨ ਵਾਲਿਆਂ ਨੂੰ ਇਮਰਾਨ ਖਾਨ ਬਿਨਾਂ ਦੇਰੀ ਦਿਵਾਉਣ ਸਜ਼ਾਵਾਂ'

Saturday, Jan 04, 2020 - 11:27 PM (IST)

'ਸ੍ਰੀ ਨਨਕਾਣਾ ਸਾਹਿਬ 'ਤੇ ਪਥਰਾਅ ਕਰਨ ਵਾਲਿਆਂ ਨੂੰ ਇਮਰਾਨ ਖਾਨ ਬਿਨਾਂ ਦੇਰੀ ਦਿਵਾਉਣ ਸਜ਼ਾਵਾਂ'

ਗੁਰਦਾਸਪੁਰ,(ਹਰਮਨਪ੍ਰੀਤ)- ਪਾਕਿਸਤਾਨ ’ਚ ਗੁਰਦੁਆਰਾ ਨਨਕਾਣਾ ਸਾਹਿਬ ’ਤੇ ਹੋਏ ਪਥਰਾਅ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਰਾਜ ਸਭਾ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਸੀ ਪਰ ਉਨ੍ਹਾਂ ਦੇ ਪਵਿੱਤਰ ਗੁਰਧਾਮ ’ਤੇ ਪਥਰਾਅ ਕਰ ਕੇ ਸਿੱਖ ਕੌਮ ਖਿਲਾਫ ਘਟੀਆ ਨਾਅਰੇ ਲਾਉਣ ਦੀ ਕਾਰਵਾਈ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਘੱਟ ਹੈ।

ਉਨ੍ਹਾਂ ਕਿਹਾ ਕਿ ਨਾ ਤਾਂ ਇਸ ਨੂੰ ਸਿੱਖ ਕੌਮ ਬਰਦਾਸ਼ਤ ਕਰੇਗੀ ਅਤੇ ਨਾ ਹੀ ਪੂਰਾ ਭਾਰਤ ਦੇਸ਼ ਇਸ ਘਟੀਆ ਕਾਰਵਾਈ ਨੂੰ ਸਹਿਣ ਕਰ ਸਕਦਾ ਹੈ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਲੋਂ ਮੰਗ ਕੀਤੀ ਕਿ ਜਿਹਡ਼ੇ ਦੋਸ਼ੀਆਂ ਨੇ ਗੁਰੂ ਘਰ ’ਤੇ ਹਮਲਾ ਕੀਤਾ ਹੈ, ਉਨ੍ਹਾਂ ਦੀ ਵਾਇਰਲ ਹੋਈ ਵੀਡੀਓ ਦੇ ਅਧਾਰ ’ਤੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਗੰਭੀਰ ਮਸਲੇ ਨੂੰ ਪਾਕਿਸਤਾਨ ਸਰਕਾਰ ਦੇ ਸਾਹਮਣੇ ਚੁੱਕ ਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਏ।


author

Bharat Thapa

Content Editor

Related News