ਰੇਲ ਮੰਤਰੀ ਦਾ ਐਲਾਨ: 10 ਗੁਣਾ ਤੇਜ਼ ਹੋਵੇਗੀ ਈ-ਟਿਕਟਿੰਗ, ਜਲੰਧਰ-ਅੰਮ੍ਰਿਤਸਰ ਸਣੇ 6 ਸਟੇਸ਼ਨ ਬਣਨਗੇ 'ਮਾਡਰਨ'
Saturday, Feb 04, 2023 - 03:46 AM (IST)
ਜਲੰਧਰ (ਗੁਲਸ਼ਨ)- ਕੇਂਦਰੀ ਬਜਟ ਵਿਚ ਰੇਲਵੇ ਨੂੰ 2.40 ਲੱਖ ਕਰੋੜ ਰੁਪਏ ਦਾ ਫੰਡ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਇਕ ਵੀਡੀਓ ਕਾਨਫਰੰਸਿੰਗ ਜ਼ਰੀਏ ਬਜਟ ਤੋਂ ਬਾਅਦ ਅਗਲੀ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਪੰਜਾਬ ਵਿਚ ਵੀ ਰੇਲਵੇ ਇਨਫਰਾਸਟਰੱਕਚਰ ਨੂੰ ਮਜ਼ਬੂਤ ਕਰਨ ਲਈ 4762 ਕਰੋੜ ਰੁਪਏ ਖਰਚ ਕੀਤੇ ਜਾਣਗੇ। ਜੰਮੂ-ਕਸ਼ਮੀਰ ਵਿਚ 6003 ਕਰੋੜ ਅਤੇ ਹਿਮਾਚਲ ਪ੍ਰਦੇਸ਼ ਵਿਚ 1838 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਰੇਲ ਮੰਤਰੀ ਨੇ ਕਿਹਾ ਕਿ ਇਕ ਸਾਲ ਵਿਚ 4500 ਕਿਲੋਮੀਟਰ ਨਵੀਆਂ ਰੇਲ ਪਟੜੀਆਂ ਵਿਛਾਈਆਂ ਜਾਣਗੀਆਂ, ਜਿਹੜੀਆਂ ਕਿ ਯੂ. ਪੀ. ਏ. ਸਰਕਾਰ ਦੇ ਸਮੇਂ ਤੋਂ 21 ਗੁਣਾ ਜ਼ਿਆਦਾ ਹੈ। ਅਗਲੇ ਸਾਲ ਇਸ ਦਾ ਟਾਰਗੇਟ 7 ਹਜ਼ਾਰ ਕਿਲੋਮੀਟਰ ਤੱਕ ਕੀਤਾ ਜਾਵੇਗਾ। ਰੇਲਵੇ ਲਾਈਨਾਂ ਦੇ ਨਾਲ ਲੱਗਦੇ ਸ਼ਹਿਰਾਂ ਨੂੰ ਆਪਸ ਵਿਚ ਜੋੜਨ ਲਈ ਨਵੇਂ ਅੰਡਰਬ੍ਰਿਜ ਅਤੇ ਓਵਰਬ੍ਰਿਜ ਬਣਾਏ ਜਾਣਗੇ, ਇਸ ਦੇ ਲਈ ਨਵੇਂ ਡਿਜ਼ਾਈਨ ਤਿਆਰ ਕੀਤੇ ਗਏ ਹਨ। 30 ਰੇਲਵੇ ਸਟੇਸ਼ਨਾਂ ਨੂੰ ਵਰਲਡ ਕਲਾਸ ਸਟੇਸ਼ਨ ਬਣਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਵਿਰੁੱਧ ਵੱਡੀ ਕਾਰਵਾਈ, ਇੱਕੋ ਸਮੇਂ 1490 ਥਾਵਾਂ 'ਤੇ ਛਾਪੇਮਾਰੀ
ਟਿਕਟਿੰਗ ਸਿਸਟਮ ਨੂੰ ਅਪਗ੍ਰੇਡ ਕੀਤਾ ਜਾਵੇਗਾ। ਪਹਿਲਾਂ ਇਕ ਮਿੰਟ ਵਿਚ 25 ਹਜ਼ਾਰ ਟਿਕਟਾਂ ਬਣਦੀਆਂ ਸਨ, ਜਿਨ੍ਹਾਂ ਨੂੰ ਹੁਣ 10 ਗੁਣਾ ਵਧਾ ਕੇ 2.5 ਲੱਖ ਪ੍ਰਤੀ ਮਿੰਟ ਤੱਕ ਕੀਤਾ ਜਾਵੇਗਾ। ਇਨਕੁਆਰੀ ਸਿਸਟਮ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਕ ਮਿੰਟ ਵਿਚ 40 ਲੱਖ ਲੋਕ ਜਾਣਕਾਰੀ ਲੈ ਸਕਣਗੇ। ਇਸਦਾ ਕੰਮ ਸਤੰਬਰ ਤੱਕ ਪੂਰਾ ਕਰ ਲਿਆ ਜਾਵੇਗਾ।
ਰੇਲ ਮੰਤਰੀ ਨੇ ਕਿਹਾ ਕਿ ਵੰਦੇ ਭਾਰਤ ਐਕਸਪ੍ਰੈੱਸ ਦੇ ਸਫਲ ਹੋਣ ਤੋਂ ਬਾਅਦ ਹੁਣ ਵੰਦੇ ਭਾਰਤ ਦਾ ਸਲੀਪਰ ਕੋਚ ਵੀ ਡਿਜ਼ਾਈਨ ਕੀਤਾ ਜਾ ਰਿਹਾ ਹੈ, ਜਿਹੜਾ ਕਿ ਅਕਤੂਬਰ ਤੱਕ ਫਾਈਨਲ ਹੋ ਜਾਵੇਗਾ। ਘੱਟ ਦੂਰੀ ਵਾਲੇ ਸ਼ਹਿਰਾਂ ਦੇ ਵਿਚਕਾਰ ਵੰਦੇ ਮੈਟਰੋ ਟਰੇਨ ਚਲਾਉਣ ਦੀ ਯੋਜਨਾ ਵੀ ਬਣਾਈ ਗਈ ਹੈ। ਇਸੇ ਸਾਲ ਦਸੰਬਰ ਤੱਕ ਨਵੀਂ ਟੈਕਨਾਲੋਜੀ ਵਾਲੀ ਹਾਈਡ੍ਰੋਜਨ ਟਰੇਨ ਨੂੰ ਵੀ ਚਲਾਇਆ ਜਾਵੇਗਾ। ਯਾਤਰੀਆਂ ਦੀ ਸਹੂਲਤ ਲਈ ਰੇਲਵੇ ਸਟੇਸ਼ਨ ’ਤੇ ਜਨ-ਸੁਵਿਧਾ ਕੇਂਦਰ ਵੀ ਖੋਲ੍ਹੇ ਜਾਣਗੇ।
ਵੀਡੀਓ ਕਾਨਫਰੰਸਿੰਗ ਤੋਂ ਬਾਅਦ ਜਲੰਧਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਫਿਰੋਜ਼ਪੁਰ ਮੰਡਲ ਦੀ ਡੀ. ਆਰ. ਐੱਮ. ਡਾ. ਸੀਮਾ ਸ਼ਰਮਾ ਨੇ ਦੱਸਿਆ ਕਿ ਅੰਮ੍ਰਿਤ ਭਾਰਤ ਯੋਜਨਾ ਤਹਿਤ ਫਿਰੋਜ਼ਪੁਰ ਮੰਡਲ ਦੇ 15 ਰੇਲਵੇ ਸਟੇਸ਼ਨਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ, ਜਿਸ ਵਿਚ ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ ਕੈਂਟ, ਕੋਟਕਪੂਰਾ, ਢੰਡਾਰੀ ਕਲਾਂ, ਫਗਵਾੜਾ, ਫਿਲੌਰ, ਹੁਸ਼ਿਆਰਪੁਰ, ਮੋਗਾ, ਪਠਾਨਕੋਟ ਸਿਟੀ, ਗੁਰਦਾਸਪੁਰ, ਊਧਮਪੁਰ, ਬੈਜਨਾਥ ਅਤੇ ਬਡਗਾਮ ਵਰਗੇ ਸਟੇਸ਼ਨ ਸ਼ਾਮਲ ਹਨ। ਲੁਧਿਆਣਾ, ਜੰਮੂ-ਤਵੀ ਅਤੇ ਜਲੰਧਰ ਕੈਂਟ ਵਿਚ ਕੰਮ ਸ਼ੁਰੂ ਹੋ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ - ਨਵਜੋਤ ਸਿੱਧੂ ਦੇ ਪੁੱਤਰ ਕਰਨ ਸਿੱਧੂ ਦਾ ਵੱਡਾ ਬਿਆਨ, ਦੱਸਿਆ ਕਦੋਂ ਹੋਵੇਗੀ ਜੇਲ੍ਹ 'ਚੋਂ ਰਿਹਾਈ
ਇਸ ਤੋਂ ਇਲਾਵਾ ਜਲੰਧਰ ਸਿਟੀ, ਪਠਾਨਕੋਟ ਕੈਂਟ, ਬਿਆਸ, ਪਾਲਮਪੁਰ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਅੰਮ੍ਰਿਤਸਰ ਸਟੇਸ਼ਨਾਂ ਲਈ ਟੈਕਨੋ ਇਕਨਾਮਿਕ ਫਿਜ਼ੀਬਿਲਿਟੀ ਚੈੱਕ ਕੀਤੀ ਜਾ ਰਹੀ ਹੈ। ਫਾਈਨਲ ਰਿਪੋਰਟ ਆਉਣ ਤੋਂ ਬਾਅਦ ਇਨ੍ਹਾਂ ਸਟੇਸ਼ਨਾਂ ਨੂੰ ਵੀ ਮਾਡਰਨ ਸਟੇਸ਼ਨ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਡੀ. ਆਰ. ਐੱਮ. ਨੇ ਕਿਹਾ ਕਿ ਵੰਦੇ ਭਾਰਤ ਐਕਸਪ੍ਰੈੱਸ ਟਰੇਨਾਂ ਦੀ ਗਿਣਤੀ ਵਧਣ ਤੋਂ ਬਾਅਦ ਹੁਣ ਵਾਸ਼ਿੰਗ ਲਾਈਨਾਂ ਵੀ ਇਨ੍ਹਾਂ ਦੇ ਅਨੁਸਾਰ ਹੀ ਬਣਾਈਆਂ ਜਾ ਰਹੀਆਂ ਹਨ। ਅੰਮ੍ਰਿਤਸਰ ਵਿਚ 2 ਨਵੀਆਂ ਵਾਸ਼ਿੰਗ ਲਾਈਨਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਜਲੰਧਰ ਕੈਂਟ ਸਟੇਸ਼ਨ ’ਤੇ ਰਾਜਧਾਨੀ ਐਕਸਪ੍ਰੈੱਸ ਦਾ ਸਟਾਪੇਜ ਦੇਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ। ਇਸ ਮੌਕੇ ਏ. ਡੀ. ਆਰ. ਐੱਮ. (ਇਨਫਰਾ) ਬਲਬੀਰ ਸਿੰਘ, ਸੀਨੀਅਰ ਡੀ. ਸੀ. ਐੱਮ. ਸ਼ੁਭਮ ਕੁਮਾਰ, ਸੀਨੀਅਰ ਡੀ. ਈ. ਐੱਨ.-2 ਵਿਨੇ ਕੁਮਾਰ, ਚੀਫ ਏਰੀਆ ਮੈਨੇਜਰ (ਲੁਧਿਆਣਾ) ਤਰਲੋਕ ਸਿੰਘ, ਪੀ. ਆਰ. ਆਈ. ਵਿਕ੍ਰਾਂਤ ਕੁਮਾਰ ਸਮੇਤ ਕਈ ਰੇਲਵੇ ਅਧਿਕਾਰੀ ਮੌਜੂਦ ਰਹੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।