ਨਗਰ ਸੁਧਾਰ ਟਰੱਸਟ ਦੇ ਈ. ਓ. ਵਲੋਂ ਮਾੜੇ ਵਤੀਰੇ ਨੂੰ ਲੈ ਕੇ ਸਫਾਈ ਸੇਵਕਾਂ ਨੇ ਲਗਾਇਆ ਧਰਨਾ
Wednesday, Sep 13, 2017 - 05:40 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਨਗਰ ਸੁਧਾਰ ਟਰੱਸਟ ਦੇ ਈ. ਓ. ਦੇ ਵਤੀਰੇ ਤੋਂ ਦੁਖੀ ਹੋ ਕੇ ਕੱਚੇ ਸਫਾਈ ਸੇਵਕਾਂ ਨੇ ਨਗਰ ਸੁਧਾਰ ਟਰੱਸਟ ਦੇ ਦਫਤਰ ਅੱਗੇ ਧਰਨਾ ਲਗਾ ਕੇ ਈ. ਓ. ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਈ. ਓ. 'ਤੇ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਸਫਾਈ ਸੇਵਕਾਂ ਨੂੰ ਆਪਣੇ ਦਫਤਰੋਂ ਬਾਹਰ ਜਾਣ ਲਈ ਕਿਹਾ। ਇਸ ਮੁੱਦੇ ਨੂੰ ਲੈ ਕੇ ਸਫਾਈ ਸੇਵਕਾਂ ਦਾ ਇਕ ਵਫਦ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਵੀ ਮਿਲਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਸਫਾਈ ਸੇਵਕ ਅਜੇ ਕੁਮਾਰ, ਵਿਜੇ ਕੁਮਾਰ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਸਾਨੂੰ ਤਨਖਾਹ ਨਹੀਂ ਮਿਲੀ। ਸਾਡੇ ਬੱਚੇ ਭੁੱਖੇ ਮਰ ਰਹੇ ਹਨ। ਜਦੋਂ ਇਸ ਸਬੰਧ 'ਚ ਸਫਾਈ ਦਾ ਕੰਮਕਾਜ ਦੇਖ ਰਹੇ ਰਾਮ ਕੁਮਾਰ ਰਾਮਾ ਨੂੰ ਅਸੀਂ ਤਨਖਾਹ ਦੇਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਨਗਰ ਸੁਧਾਰ ਟਰੱਸਟ ਨੇ ਸਫਾਈ ਦੀ ਕੋਈ ਪੇਮੈਂਟ ਨਹੀਂ ਕੀਤੀ। ਜਦੋਂ ਅਸੀਂ ਉਨ੍ਹਾਂ ਨੂੰ ਨਾਲ ਲੈ ਕੇ ਈ. ਓ. ਨੂੰ ਮਿਲਣ ਗਏ ਤਾਂ ਈ. ਓ. ਨੇ ਸਫਾਈ ਦਾ ਕੰਮ ਦੇਖ ਰਹੇ ਰਾਮ ਕੁਮਾਰ ਰਾਮਾ ਦੀ ਬੇਇਜ਼ਤੀ ਕੀਤੀ ਅਤੇ ਉਸ ਨੂੰ ਦਫਤਰੋਂ ਬਾਹਰ ਹੋਣ ਲਈ ਕਿਹਾ। ਸਾਡੇ ਨਾਲ ਵੀ ਉਨ੍ਹਾਂ ਵਲੋਂ ਮਾੜਾ ਵਤੀਰਾ ਕੀਤਾ ਗਿਆ। ਜੇਕਰ ਸਾਨੂੰ ਜਲਦ ਤਨਖਾਹ ਰਲੀਜ ਨਾ ਕੀਤੀ ਗਈ ਅਤੇ ਈ. ਓ. ਨੇ ਆਪਣਾ ਰਵੱਈਆ ਨਾ ਸੁਧਾਰਿਆ ਤਾਂ ਸਾਡੇ ਵਲੋਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਸਫਾਈ ਦਾ ਕੰਮ ਦੇਖ ਰਹੇ ਰਾਮ ਕੁਮਾਰ ਰਾਮ ਨੇ ਕਿਹਾ ਕਿ ਈ. ਓ. ਬਰਨਾਲਾ ਵਲੋਂ ਮੈਨੂੰ ਜਾਣਬੁੱਝ ਕੇ ਬੇਇੱਜ਼ਤ ਕੀਤਾ ਗਿਆ।