ਲਤੀਫਪੁਰਾ ਪੁੱਜੇ ਸੰਸਦ ਮੈਂਬਰ ਚੌਧਰੀ ਨੂੰ ਲੋਕਾਂ ਨੇ ਖ਼ਰੀਆਂ-ਖ਼ਰੀਆਂ ਸੁਣਾ ਕੀਤੇ ਤਿੱਖੇ ਸਵਾਲ

Monday, Dec 12, 2022 - 01:59 PM (IST)

ਲਤੀਫਪੁਰਾ ਪੁੱਜੇ ਸੰਸਦ ਮੈਂਬਰ ਚੌਧਰੀ ਨੂੰ ਲੋਕਾਂ ਨੇ ਖ਼ਰੀਆਂ-ਖ਼ਰੀਆਂ ਸੁਣਾ ਕੀਤੇ ਤਿੱਖੇ ਸਵਾਲ

ਜਲੰਧਰ (ਚੋਪੜਾ)-ਲਤੀਫਪੁਰਾ ਦੇ ਸੈਂਕੜੇ ਲੋਕਾਂ ਨੂੰ ਬੇਘਰ ਕਰਨ ਦੀ ਕਾਰਵਾਈ ਦੇ ਤੀਜੇ ਦਿਨ ਸੰਸਦ ਮੈਂਬਰ ਸੰਤੋਖ ਚੌਧਰੀ ਲਤੀਫਪੁਰਾ ਵਿਚ ਉਜਾੜੇ ਗਏ ਲੋਕਾਂ ਨੂੰ ਮਿਲਣ ਲਈ ਪਹੁੰਚੇ ਪਰ ਇਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ। ਜਦੋਂ ਚੌਧਰੀ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਕਾਰਵਾਈ ਤਾਂ ਠੀਕ ਹੈ ਪਰ ‘ਆਪ’ ਸਰਕਾਰ ਅਤੇ ਇੰਪਰੂਵਮੈਂਟ ਟਰੱਸਟ ਨੂੰ ਪ੍ਰਭਾਵਿਤ ਲੋਕਾਂ ਨੂੰ ਪਹਿਲਾਂ ਮੁਆਵਜ਼ਾ ਦੇਣਾ ਚਾਹੀਦਾ ਸੀ। ਇਸ ’ਤੇ ਲੋਕਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ 5 ਸਾਲ ਤੱਕ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਰਹੀ, ਉਦੋਂ ਤੁਸੀਂ ਇਨ੍ਹਾਂ ਲੋਕਾਂ ਨੂੰ ਘਰਾਂ ਲਈ ਜ਼ਮੀਨ ਅਲਾਟ ਕਿਉਂ ਨਹੀਂ ਕਰਵਾਈ? ਜਦੋਂ ਟਰੱਸਟ ਅਤੇ ਪੁਲਸ ਪ੍ਰਸ਼ਾਸਨ ਲੋਕਾਂ ਦੇ ਘਰਾਂ ਨੂੰ ਤੋੜ ਰਹੇ ਸਨ, ਉਦੋਂ ਤੁਸੀਂ ਕਿੱਥੇ ਸੀ? ਚੌਧਰੀ ਨੇ ਕਿਹਾ ਕਿ ਅਸੀਂ ਤਾਂ ਟਰੱਸਟ ਨੂੰ ਕਹਿੰਦੇ ਰਹੇ ਕਿ ਇਨ੍ਹਾਂ ਲੋਕਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਓ, ਪਹਿਲਾਂ ਉਨ੍ਹਾਂ ਨੂੰ ਮੁਆਵਜ਼ਾ ਦੇਵੋ ਅਤੇ ਇਨ੍ਹਾਂ ਗੱਲਾਂ ਰਾਹੀਂ ਟਰੱਸਟ ਦੀ ਕਾਰਵਾਈ ਨੂੰ ਰੋਕਦੇ ਰਹੇ। ਉਨ੍ਹਾਂ ਕਿਹਾ ਕਿ ਅਸੀਂ ਕਾਜ਼ੀ ਮੰਡੀ ਦੇ ਲੋਕਾਂ ਨੂੰ ਬੇਘਰ ਕਰਨ ਦੀ ਬਜਾਏ 2-2 ਮਰਲੇ ਦੇ ਪਲਾਟ ਦਿੱਤੇ ਸੀ ਪਰ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦੋਗਲਾਪਨ ਹੈ ਕਿ ਉਹ ਆਮ ਲੋਕਾਂ ਨੂੰ ਉਜਾੜ ਰਹੀ ਹੈ। ਚੌਧਰੀ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਲਿਖਾਂਗੇ ਕਿ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਕੋਸ਼ਿਸ਼ ਕਰਾਂਗੇ ਕਿ ਸਰਕਾਰ ਇਨ੍ਹਾਂ ਲੋਕਾਂ ਦੇ ਮੁੜ-ਵਸੇਬੇ ਦਾ ਪ੍ਰਬੰਧ ਕਰੇ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਸਰਦਾਰ ਦਾ ਕਮਾਲ ਵੇਖ ਕਰੋਗੇ ਤਾਰੀਫ਼ਾਂ, ਤਿਆਰ ਕੀਤਾ ਭਾਰਤ ਦਾ ਸਭ ਤੋਂ ਵੱਡਾ 40 ਕਿਲੋ ਦਾ 'ਬਰਗਰ'

PunjabKesari

ਉਥੇ ਹੀ, ਦੂਜੇ ਪਾਸੇ ਕੈਂਟ ਵਿਧਾਨ ਸਭਾ ਹਲਕੇ ਦੇ ਵਿਧਾਇਕ ਪ੍ਰਗਟ ਸਿੰਘ ਸਮੁੱਚੀ ਦ੍ਰਿਸ਼ ਤੋਂ ਅੱਜ ਤੱਕ ਗਾਇਬ ਰਹੇ ਹਨ। ਲਤੀਫਪੁਰਾ ’ਤੇ ਕਾਰਵਾਈ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਗਹਿਮਾ-ਗਹਿਮੀ ਦਾ ਮਾਹੌਲ ਬਣੇ ਰਹਿਣ, ਲਤੀਫਪੁਰਾ ’ਤੇ 600 ਦੇ ਕਰੀਬ ਪੁਲਸ ਕਰਮਚਾਰੀਆਂ ਦੀ ਸਹਾਇਤਾ ਨਾਲ ਦਰਜਨਾਂ ਘਰਾਂ ਨੂੰ ਮਿੱਟੀ ਵਿਚ ਮਿਲਾ ਦੇਣ ਦੀ ਕਾਰਵਾਈ ਹੋਣ, ਲੋਕਾਂ ਦੇ ਛੋਟੇ-ਛੋਟੇ ਬੱਚਿਆਂ ਨਾਲ ਸਰਦ ਰਾਤਾਂ ਵਿਚ ਖੁੱਲ੍ਹੇ ਆਸਮਾਨ ਹੇਠ ਗੰਦਗੀ ਦੇ ਢੇਰਾਂ ਅਤੇ ਜਾਨਵਰਾਂ ਵਿਚ ਰਹਿਣ ਨੂੰ ਮਜਬੂਰ ਹੋਣ ਦੇ ਬਾਵਜੂਦ ਵਿਧਾਇਕ ਪ੍ਰਗਟ ਸਿੰਘ ਨੇ ਇਕ ਵਾਰ ਵੀ ਉੱਜੜੇ ਲੋਕਾਂ ਦੀ ਕੋਈ ਸਾਰ ਨਹੀਂ ਲਈ। ਲਤੀਫਪੁਰਾ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਉਹੀ ਵਿਧਾਇਕ ਪ੍ਰਗਟ ਸਿੰਘ ਹਨ, ਜਿਨ੍ਹਾਂ ਨੇ ਇਸ ਸਾਲ ਵਿਧਾਨ ਸਭਾ ਚੋਣਾਂ ਦੌਰਾਨ ਲਤੀਫਪੁਰਾ ਦੇ ਲੋਕਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਦਾ ਸਮਰਥਨ ਮੰਗਿਆ ਸੀ ਪਰ ਚੋਣਾਂ ਜਿੱਤ ਜਾਣ ਤੋਂ ਬਾਅਦ ਅੱਜ ਜਦੋਂ ਉਨ੍ਹਾਂ ਲੋਕਾਂ ਨੂੰ ਜ਼ਰੂਰਤ ਪਈ ਹੈ ਤਾਂ ਵਿਧਾਇਕ ਦੇ ਦਰਸ਼ਨ ਤੱਕ ਦੁਰਲੱਭ ਹੋ ਗਏ ਹਨ। ਜੋ ਵੀ ਹੋਵੇ ਲੋਕਾਂ ਵਿਚ ਜਿੰਨਾ ਗੁੱਸਾ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਹੈ, ਓਨਾ ਹੀ ਕਾਂਗਰਸ ’ਤੇ ਵੀ ਹੈ।

ਇਹ ਵੀ ਪੜ੍ਹੋ : ਨੈਸ਼ਨਲ ਹਾਈਵੇਅ ਅਥਾਰਿਟੀ ਨੇ ਜਲੰਧਰ ’ਚ ਸ਼ੁਰੂ ਕੀਤਾ ਦਿੱਲੀ-ਜੰਮੂ-ਕਟੜਾ ਐਕਸਪ੍ਰੈੱਸ-ਵੇਅ ਦਾ ਕੰਮ

PunjabKesari

ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਰਵਾਈ ਵਾਲੇ ਦਿਨ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਕਰ ਕੇ ਲਤੀਫਪੁਰਾ ’ਤੇ ਕਾਰਵਾਈ ਨੂੰ ਲੈ ਕੇ ਆਪਣਾ ਵਿਰੋਧ ਪ੍ਰਗਟਾਉਂਦੇ ਹੋਏ ‘ਆਪ’ ਸਰਕਾਰ ਨੂੰ ਲੰਮੇ ਹੱਥੀਂ ਲਿਆ ਸੀ। ਕਿਹਾ ਜਾ ਰਿਹਾ ਹੈ ਕਿ ਇਸ ਕਾਰਵਾਈ ਨੂੰ ਲੈ ਕੇ ਤੇ ਵਿਧਾਇਕ ਪ੍ਰਗਟ ਸਿੰਘ ਦੀ ਭੂਮਿਕਾ ਨੂੰ ਲੈ ਕੇ ਰਾਜਾ ਵੜਿੰਗ ਸਣੇ ਹਾਈਕਮਾਨ ਵੀ ਵਿਧਾਇਕ ਤੋਂ ਕਾਫ਼ੀ ਨਾਰਾਜ਼ ਹੈ।
‘ਆਪ’ ਵੱਲੋਂ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਨੇ ਵੀ 3 ਦਿਨਾਂ ਤੱਕ ਲਗਾਤਾਰ ਕਾਰਵਾਈ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਪਰ ਆਪਣੀ ਹੀ ਸਰਕਾਰ ਵਿਚ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ ਅਤੇ ਟਰੱਸਟ ਨੇ ਲੋਕਾਂ ਦੇ ਘਰਾਂ ਨੂੰ ਤਬਾਹ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਤੋਂ ਇਲਾਵਾ ਕਾਂਗਰਸ ਵੱਲੋਂ ਸਿਰਫ਼ ਇਲਾਕਾ ਕੌਂਸਲਰ ਅਰੁਣਾ ਅਰੋੜਾ ਹੀ ਲਗਾਤਾਰ ਡਟ ਕੇ ਖੜ੍ਹੀ ਦਿਖਾਈ ਦਿੱਤੀ, ਜਦਕਿ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਤੇ ਵਿਧਾਇਕ ਰਾਜਿੰਦਰ ਬੇਰੀ ਨੇ ਵੀ ਸਿਰਫ ‘ਆਪ’ ਸਰਕਾਰ ਦੀ ਨਿੰਦਾ ਕਰਨ ਦੀ ਕਾਗਜ਼ੀ ਬਿਆਨਬਾਜ਼ੀ ਕਰਕੇ ਪੂਰੇ ਮਾਮਲੇ ਤੋਂ ਪੱਲਾ ਝਾੜ ਲਿਆ ਹੈ।

ਇਹ ਵੀ ਪੜ੍ਹੋ : ਕੈਨੇਡਾ ਤੋਂ ਫੋਨ ਕਰਕੇ ਰਿਸ਼ਤੇਦਾਰ ਦੱਸ ਮਾਰੀ ਲੱਖਾਂ ਦੀ ਠੱਗੀ, ਜਦ ਵੈਸਟਰਨ ਯੂਨੀਅਨ ਜਾ ਕੇ ਵੇਖਿਆ ਤਾਂ ਉੱਡੇ ਹੋਸ਼

PunjabKesari

ਸਾਂਝਾ ਬੈਂਕ ਅਕਾਊਂਟ ਖੁਲ੍ਹਵਾਉਣ ਦੇ ਬਾਅਦ ਹੀ ਲੈਣਗੇ ਆਰਥਿਕ ਸਹਾਇਤਾ
ਲਤੀਫਪੁਰਾ ਦੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਨੂੰ ਲੈ ਕੇ ਅਨੇਕ ਲੋਕਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਪਰ ਹੁਣ ਕੁਝ ਪੀੜਤ ਲੋਕਾਂ ਦਾ ਇਕ ਸਾਂਝਾ ਬੈਂਕ ਅਕਾਊਂਟ ਖੁਲ੍ਹਵਾ ਕੇ ਉਸ ਅਕਾਊਂਟ ਜ਼ਰੀਏ ਹੀ ਆਰਥਿਕ ਸਹਾਇਤਾ ਪ੍ਰਾਪਤ ਕੀਤੀ ਜਾਵੇਗੀ ਤਾਂ ਕਿ ਲੋਕਾਂ ਵੱਲੋਂ ਭੇਜੇ ਗਏ ਇਕ-ਇਕ ਪੈਸੇ ਦਾ ਹਿਸਾਬ ਹੋ ਸਕੇ। ਲੋਕਾਂ ਦਾ ਕਹਿਣਾ ਹੈ ਕਿ ਉਹ ਇਕ ਕਮੇਟੀ ਬਣਾ ਕੇ 8-10 ਲੋਕਾਂ ਦੇ ਨਾਂ ਸੋਮਵਾਰ ਨੂੰ ਬੈਂਕ ਅਕਾਊਂਟ ਖੁਲ੍ਹਵਾਉਣਗੇ।

ਖਾਲਸਾ ਏਡ ਟੈਂਟ ਲਾ ਕੇ ਖੁੱਲ੍ਹੇ ਆਸਮਾਨ ਹੇਠ ਰਹਿ ਰਹੇ ਲੋਕਾਂ ਨੂੰ ਦੇਵੇਗੀ ਸਹਾਰਾ
ਸਮਾਜ-ਸੇਵੀ ਸੰਸਥਾ ਖਾਲਸਾ ਏਡ ਲਤੀਫਪੁਰਾ ਵਿਚ ਖੁੱਲ੍ਹੇ ਆਸਮਾਨ ਹੇਠਾਂ ਰਹਿਣ ਨੂੰ ਮਜਬੂਰ ਪਰਿਵਾਰਾਂ ਨੂੰ ਟੈਂਟ ਲਾ ਕੇ ਸਹਾਰਾ ਦੇਵੇਗੀ। ਇਸ ਸਬੰਧ ਵਿਚ ਖਾਲਸਾ ਏਡ ਦੇ ਵਫਦ ਦੀ ਲਤੀਫਪੁਰਾ ਦੇ ਲੋਕਾਂ ਨਾਲ ਗੱਲਬਾਤ ਵੀ ਹੋ ਚੁੱਕੀ ਹੈ ਅਤੇ ਸੋਸਾਇਟੀ 1-2 ਦਿਨਾਂ ਵਿਚ ਛੋਟੇ-ਛੋਟੇ ਟੈਂਟਾਂ ਦੀ ਵਿਵਸਥਾ ਕਰ ਕੇ ਉਥੇ ਪਹੁੰਚ ਜਾਵੇਗੀ।

ਐਤਵਾਰ ਹੋਣ ਕਾਰਨ ਨਿਗਮ ਨੇ ਅੱਜ ਨਹੀਂ ਚੁੱਕਿਆ ਮਲਬਾ
ਪਿਛਲੇ 2 ਦਿਨਾਂ ਤੋਂ ਲਤੀਫਪੁਰਾ ਵਿਚ ਕੰਮ ਕਰ ਰਹੀ ਨਗਰ ਨਿਗਮ ਦੀ ਮਸ਼ੀਨਰੀ ਅਤੇ ਪੀਲੇ ਪੰਜੇ ਨੇ ਕੋਈ ਕੰਮ ਨਹੀਂ ਕੀਤਾ। ਐਤਵਾਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਨਾ ਤਾਂ ਟਰੱਸਟ ਅਧਿਕਾਰੀ ਦਿਖਾਈ ਦਿੱਤੇ ਅਤੇ ਨਾ ਹੀ ਨਗਰ ਨਿਗਮ ਦੀ ਮਸ਼ੀਨਰੀ ਨੇ ਢਹਿ-ਢੇਰੀ ਕੀਤੇ ਜਾ ਚੁੱਕੇ ਘਰਾਂ ਦਾ ਮਲਬਾ ਚੁੱਕਣ ਦਾ ਕੰਮ ਕੀਤਾ। ਹਾਲਾਂਕਿ ਪੁਲਸ ਕਰਮਚਾਰੀ ਆਪਣੀ ਡਿਊਟੀ ’ਤੇ ਤਾਇਨਾਤ ਰਹੇ ਪਰ ਅੱਜ ਮਾਹੌਲ ਪੂਰੀ ਤਰਾਂ ਨਾਲ ਸ਼ਾਂਤਮਈ ਵਿਖਾਈ ਦਿੱਤਾ।

ਇਹ ਵੀ ਪੜ੍ਹੋ : ਪਰਿਵਾਰ 'ਤੇ ਟੁੱਟਾ ਦੁੱਖ਼ਾਂ ਦਾ ਪਹਾੜ, ਨੌਸਰਬਾਜ਼ਾਂ ਵੱਲੋਂ ਸਰਬੀਆ ਭੇਜੇ ਦਸੂਹਾ ਦੇ ਨੌਜਵਾਨ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News