ਵਿਜੀਲੈਂਸ ਨੇ ਪ੍ਰਾਪਤ ਕੀਤਾ 3 ਮੁੱਖ ਦੋਸ਼ੀਆਂ ਖਿਲਾਫ ਐੱਲ. ਓ. ਸੀ. ਆਰਡਰ

Sunday, Jun 10, 2018 - 06:43 AM (IST)

ਗੁਰਦਾਸਪੁਰ (ਵਿਨੋਦ) - ਨਗਰ ਸੁਧਾਰ ਟਰੱਸਟ ਦੇ ਇਸ਼ਤਿਹਾਰਬਾਜ਼ੀ ਦੇ ਨਾਂ 'ਤੇ ਹੋਏ 4 ਕਰੋੜ 26 ਲੱਖ ਰੁਪਏ ਦੇ ਘਪਲੇ ਸਬੰਧੀ ਵਿਜੀਲੈਂਸ ਵਿਭਾਗ ਗੁਰਦਾਸਪੁਰ ਨੇ ਜਿਨ੍ਹਾਂ 3 ਦੋਸ਼ੀਆਂ ਦੇ ਗੈਰ-ਜ਼ਮਾਨਤੀ ਵਾਰੰਟ ਪਠਾਨਕੋਟ ਦੀ ਅਦਾਲਤ ਤੋਂ ਪ੍ਰਾਪਤ ਕੀਤੇ ਸਨ, ਉਨ੍ਹਾਂ ਦੋਸ਼ੀਆਂ ਦੇ ਵਿਰੁੱਧ ਲੁਕ ਆਊਟ ਕਾਰਨਰ (ਐੱਲ. ਓ. ਸੀ.) ਆਰਡਰ ਪ੍ਰਾਪਤ ਕਰ ਕੇ ਇਨ੍ਹਾਂ ਤਿੰਨਾਂ ਦੋਸ਼ੀਆਂ ਦੇ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ 'ਤੇ ਰੋਕ ਲਾ ਦਿੱਤੀ ਹੈ।
ਕੀ ਹੈ ਪੂਰਾ ਮਾਮਲਾ
ਡੀ. ਐੱਸ. ਪੀ. ਵਿਜੀਲੈਂਸ ਗੁਰਦਾਸਪੁਰ ਨਵਜੋਤ ਸਿੰਘ ਨੇ ਦੱਸਿਆ ਕਿ ਪਠਾਨਕੋਟ ਨਗਰ ਸੁਧਾਰ ਟਰੱਸਟ ਵਿਚ ਸਾਲ 2015-16 ਵਿਚ ਅਖਬਾਰਾਂ ਅਤੇ ਸਥਾਨਕ ਚੈਨਲਾਂ ਦੇ ਨਾਂ 'ਤੇ ਲਗਭਗ 4 ਕਰੋੜ 26 ਲੱਖ ਰੁਪਏ ਦੇ ਸਕੈਂਡਲ ਨੂੰ ਵਿਜੀਲੈਂਸ ਵਿਭਾਗ ਗੁਰਦਾਸਪੁਰ ਦੀ ਟੀਮ ਨੇ ਪਰਦਾਫਾਸ਼ ਕੀਤਾ ਸੀ। ਇਸ ਸੰਬੰਧੀ ਵਿਜੀਲੈਂਸ ਵਿਭਾਗ ਨੇ 2 ਪੱਤਰਕਾਰਾਂ ਜਤਿੰਦਰ ਸ਼ਰਮਾ, ਸੁਰਿੰਦਰ ਮਹਾਜਨ ਸਮੇਤ ਈ. ਓ. ਜਤਿੰਦਰ ਸਿੰਘ ਅਤੇ ਅਰਵਿੰਦਰ ਸ਼ਰਮਾ, ਐੱਸ. ਡੀ. ਓ. ਵਿਪਨ ਕੁਮਾਰ ਅਤੇ ਕਲਰਕ ਵਿਸ਼ਾਲ ਸ਼ਰਮਾ ਵਿਰੁੱਧ ਧਾਰਾ 120-ਬੀ, 409, 465, 467, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਕੇਸ ਦਰਜ ਕੀਤਾ ਸੀ। ਉਸ ਤੋਂ ਬਾਅਦ ਐੱਸ. ਡੀ. ਓ. ਵਿਪਨ ਕੁਮਾਰ ਨੂੰ ਵਿਜੀਲੈਂਸ ਵਿਭਾਗ ਨੇ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕਰ ਲਈ ਪਰ ਹੋਰ ਦੋਸ਼ੀ ਫਰਾਰ ਹੋਣ 'ਚ ਸਫਲ ਹੋ ਗਏ।ਐੱਸ. ਡੀ. ਓ. ਤੋਂ ਪੁੱਛਗਿੱਛ ਦੇ ਆਧਾਰ 'ਤੇ ਵਿਜੀਲੈਂਸ ਵਿਭਾਗ ਨੇ ਜਤਿੰਦਰ ਸ਼ਰਮਾ, ਜਤਿੰਦਰ ਸਿੰਘ ਅਤੇ ਵਿਸ਼ਾਲ ਸ਼ਰਮਾ ਦੇ ਪਠਾਨਕੋਟ ਦੀ ਅਦਾਲਤ ਤੋਂ ਗੈਰ ਜ਼ਮਾਨਤੀ ਵਾਰੰਟ ਵੀ ਪ੍ਰਾਪਤ ਕੀਤੇ ਪਰ ਦੋਸ਼ੀ ਉਸ ਦੇ ਬਾਵਜੂਦ ਕਾਬੂ ਨਹੀਂ ਆਏ। ਨਵਜੋਤ ਸਿੰਘ ਨੂੰ ਸ਼ੱਕ ਸੀ ਕਿ ਦੋਸ਼ੀ ਵਿਦੇਸ਼ ਭੱਜ ਸਕਦੇ ਹਨ, ਜਿਸ 'ਤੇ ਵਿਜੀਲੈਂਸ ਵਿਭਾਗ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕਰ ਕੇ ਤਿੰਨਾਂ ਦੋਸ਼ੀਆਂ ਜਤਿੰਦਰ ਸ਼ਰਮਾ, ਜਤਿੰਦਰ ਸਿੰਘ ਅਤੇ ਵਿਸ਼ਾਲ ਸ਼ਰਮਾ ਵਿਰੁੱਧ ਲੁਕ ਆਉਟ ਆਦੇਸ਼ ਪ੍ਰਾਪਤ ਕਰ ਕੇ ਦੇਸ਼ ਭਰ ਦੇ ਸਾਰੇ ਏਅਰਪੋਰਟ, ਰੇਲਵੇ ਸਟੇਸ਼ਨਾਂ ਸਮੇਤ ਹੋਰ ਸੰਸਥਾਨਾਂ ਨੂੰ ਇਨ੍ਹਾਂ ਦੇ ਵੇਰਵੇ ਭੇਜ ਕੇ ਇਨ੍ਹਾਂ ਨੂੰ ਦੇਸ਼ ਤੋਂ ਭੱਜਣ ਤੋਂ ਰੋਕਣ ਨੂੰ ਕਿਹਾ ਹੈ।


Related News