94.97 ਏਕੜ ਸਕੀਮ ਨਾਲ ਹੋਇਆ 100 ਕਰੋੜ ਘਾਟਾ, ਹੋ ਸਕਦੀ ਕਾਰਵਾਈ

Thursday, Feb 28, 2019 - 10:20 AM (IST)

94.97 ਏਕੜ ਸਕੀਮ ਨਾਲ ਹੋਇਆ 100 ਕਰੋੜ ਘਾਟਾ, ਹੋ ਸਕਦੀ ਕਾਰਵਾਈ

ਜਲੰਧਰ (ਪੁਨੀਤ) - ਇੰਪਰੂਵਮੈਂਟ ਟੱਰਸਟ ਦੀ 94.97 ਏਕੜ ਸਕੀਮ ਫਲਾਪ ਸ਼ੋਅ ਸਿੱਧ ਹੋਈ, ਜਿਸ ਨੇ ਟਰੱਸਟ ਦੀ ਕਿਰਕਿਰੀ ਕਰਾਈ ਤੇ ਹੁਣ ਇਸ ਸਕੀਮ ਦੇ ਫਲਾਪ ਹੋਣ ਦੇ ਕਾਰਨਾਂ ਨੂੰ ਲੱਭਿਆ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਦੁਆਰਾ ਕਰਵਾਈ ਜਾ ਰਹੀ ਕਾਰਵਾਈ ਦੇ ਚੱਲਦਿਆਂ ਆਉਣ ਵਾਲੇ ਦਿਨਾਂ 'ਚ ਕਈਆਂ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਸਕੀਮ ਦੇ ਕਾਰਨ ਟਰੱਸਟ ਨੂੰ 100 ਕਰੋੜ ਤੋਂ ਵਧ ਦਾ ਨੁਕਸਾਨ ਹੋਇਆ। 2011 'ਚ ਟਰੱਸਟ ਨੇ ਇਸ ਸਕੀਮ ਲਈ 175 ਕਰੋੜ ਰੁਪਏ ਦਾ ਲੋਨ ਲਿਆ ਸੀ, ਪਿਛਲੇ ਸਾਲ ਮਾਰਚ 'ਚ ਜਦੋਂ ਅਕਾਊਂਟ ਐੱਨ. ਪੀ. ਏ. ਹੋਇਆ ਤਾਂ ਉਸ ਸਮੇਂ ਟਰੱਸਟ 'ਤੇ 112 ਕਰੋੜ ਦਾ ਲੋਨ ਬਕਾਇਆ ਸੀ। ਹੁਣ ਇਸ ਦਾ ਵਿਆਜ ਜੋੜਿਆ ਜਾਵੇ ਤਾਂ ਕਰੋੜਾਂ ਰੁਪਏ ਇਸ 'ਚ ਜੁੜ ਜਾਣਗੇ। ਟਰੱਸਟ ਇਸ ਲੋਨ 'ਤੇ 100 ਕਰੋੜ ਦੇ ਕਰੀਬ ਦੀ ਰਾਸ਼ੀ ਵਿਆਜ ਦੇ ਰੂਪ 'ਚ ਅਦਾ ਕਰ ਚੁੱਕਾ ਹੈ, ਜਿਸ ਕਾਰਨ ਟਰੱਸਟ ਦੀ ਆਰਥਿਕ ਹਾਲਤ ਦੀਵਾਲੀਆ ਹੋਣ ਕੰਢੇ ਹੈ।

ਜਦੋਂ ਇਸ ਸਕੀਮ ਨੂੰ ਲਾਂਚ ਕੀਤਾ ਗਿਆ ਸੀ ਤਾਂ ਉਸ ਸਮੇਂ ਟਰੱਸਟ ਦੇ ਸੁਪਰਡੈਂਟ ਇੰਜੀ. ਮੁਕੁਲ ਸੋਨੀ ਸਨ, ਮੁਕੁਲ ਸੋਨੀ ਤੇ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਦਿੱਤੇ ਗਏ ਸਾਰੇ ਕੰਮਾਂ ਦੇ ਚਾਰਜ ਵਾਪਸ ਲੈ ਕੇ ਇਜੀਨੀਅਰ ਇਨ ਚੀਫ ਅਜੇ ਕੰਵਰ ਨੂੰ ਸੌਂਪੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸਕੀਮ ਨੂੰ ਲੈ ਕੇ ਮੁਕੁਲ  ਦੇ ਵਿਰੁੱਧ ਚੰਡੀਗੜ੍ਹ 'ਚ ਕਈ ਸ਼ਿਕਾਇਤਾਂ ਗਈਆਂ ਹਨ । ਅਧਿਕਾਰੀ ਇਸ ਬਾਰੇ ਕੁੱਝ ਵੀ ਦੱਸਣ ਦੀ ਬਜਾਏ ਇੰਨਾ ਹੀ ਕਹਿ ਰਹੇ ਹਨ ਕਿ ਜੋ ਵੀ ਸ਼ਿਕਾਇਤਾਂ ਮਿਲੀਆਂ ਹਨ ਉਨ੍ਹਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਇਸ ਸਕੀਮ ਦਾ ਪੂਰਾ ਕਬਜ਼ਾ ਲਏ ਬਿਨਾਂ ਹੀ ਪਲਾਟਾਂ ਦਾ ਡਰਾਅ ਕੱਢਿਆ ਗਿਆ ਜਿਸ ਕਰ ਕੇ ਟਰੱਸਟ ਦੀ ਕਾਫੀ ਕਿਰਕਿਰੀ ਹੋ ਰਹੀ ਹੈ। ਇਸ ਸਕੀਮ ਦੇ ਕਈ ਪਲਾਟ ਮਾਲਕ ਪੋਜੈਸ਼ਨ ਨਾ ਮਿਲਣ ਕਾਰਨ ਕੰਜ਼ਿਉੂਮਰ ਕੋਰਟ 'ਚ ਚਲੇ ਗਏ ਤੇ ਟਰੱਸਟ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਪੂਰੀ ਸਕੀਮ 'ਚ ਮਿਲੀਭੁਗਤ ਦਾ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ ਜਿਸ ਕਰ ਕੇ ਸਿੱਧੂ ਦੁਆਰਾ ਇਸ ਮਾਮਲੇ 'ਚ ਜਾਂਚ ਕਰਾਈ ਜਾ ਰਹੀ ਹੈ। ਉਸ ਸਮੇਂ ਦੇ ਕਈ ਹੋਰ ਅਧਿਕਾਰੀਆਂ 'ਤੇ ਵੀ ਕਾਰਵਾਈ ਹੋ ਸਕਦੀ ਹੈ।


author

rajwinder kaur

Content Editor

Related News