ਪੰਜਾਬ 'ਚ ਅਪਰਾਧਿਕ ਮਾਮਲਿਆਂ ਨੂੰ ਲੈ ਕੇ CM ਮਾਨ ਨੇ ਆਖੀ ਇਹ ਗੱਲ, NCB ਰਿਪੋਰਟ ਦਾ ਦਿੱਤਾ ਹਵਾਲਾ
Monday, Feb 20, 2023 - 08:37 AM (IST)
ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ’ਚ ਇਕ ਸਾਲ ਤੋਂ ਵੀ ਘੱਟ ਸਮੇਂ ’ਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਕਾਨੂੰਨ-ਵਿਵਸਥਾ ਦੇ ਮਾਮਲੇ ’ਤੇ ਜੋ ਕੰਮ ਕੀਤਾ ਹੈ, ਉਸ ਦੇ ਨਤੀਜੇ ਹੁਣ ਲੋਕਾਂ ਸਾਹਮਣੇ ਆਉਣ ਲੱਗੇ ਹਨ।
ਇਹ ਵੀ ਪੜ੍ਹੋ- ਪੰਜਾਬ ’ਚ ਮੁੜ ਬਦਲੇਗਾ ਮੌਸਮ, ਹੋਵੇਗੀ ਬੂੰਦਾ-ਬਾਂਦੀ ਤੇ ਚੱਲਣਗੀਆਂ ਤੇਜ਼ ਹਵਾਵਾਂ, ਜਾਣੋ ਮੌਸਮ ਦੀ ਤਾਜ਼ਾ ਅਪਡੇਟ
ਐੱਨ. ਸੀ. ਬੀ. ਦੀ ਰਿਪੋਰਟ ਦਾ ਦਿੱਤਾ ਹਵਾਲਾ
ਮੁੱਖ ਮੰਤਰੀ ਨੇ ਨੈਸ਼ਨਲ ਕ੍ਰਾਈਮ ਬਿਊਰੋ (ਐੱਨ. ਸੀ. ਬੀ.) ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ’ਚ ਅਪਰਾਧਿਕ ਮਾਮਲਿਆਂ ਦੀ ਗਿਣਤੀ ਵਿਚ ਸੁਧਾਰ ਹੋਇਆ ਹੈ, ਜੋ ਕਿ ਪੂਰੇ ਪੰਜਾਬ ਲਈ ਸ਼ੁੱਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਵੱਲੋਂ ਪਿਛਲੇ ਕੁਝ ਮਹੀਨਿਆਂ ’ਚ ਸ਼ਾਨਦਾਰ ਕੰਮ ਕੀਤਾ ਗਿਆ ਹੈ। ਸੂਬੇ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਆਪਣੀ ਟੀਮ ਨਾਲ ਅਪਰਾਧਿਕ ਘਟਨਾਵਾਂ ’ਤੇ ਰੋਕ ਲਾਉਣ ਦੇ ਨਾਲ-ਨਾਲ ਪਿਛਲੇ ਸਮੇਂ ’ਚ ਗੈਂਗਸਟਰਾਂ, ਅੱਤਵਾਦੀਆਂ, ਨਸ਼ਾ ਸਮੱਗਲਰਾਂ ’ਤੇ ਵੀ ਸ਼ਿਕੰਜਾ ਕੱਸਿਆ ਹੈ।
ਇਹ ਵੀ ਪੜ੍ਹੋ- ਤੀਰਅੰਦਾਜ਼ੀ ’ਚ ਗੋਲਡ ਮੈਡਲਿਸਟ ਨੇ ਲਿਆ ਫਾਹਾ, ਪੇਕਿਆਂ ਨੇ ਸਹੁਰਾ ਪਰਿਵਾਰ 'ਤੇ ਲਾਏ ਦੋਸ਼
ਮੁੱਖ ਮੰਤਰੀ ਭਗਵੰਤ ਮਾਨ ਨੇ ਐੱਨ. ਸੀ. ਬੀ. ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 2022 ’ਚ ਕਤਲਾਂ ’ਚ 7 ਫੀਸਦੀ ਦੀ ਕਮੀ ਆਈ ਹੈ। 2021 ਵਿਚ ਜੇਕਰ 723 ਕਤਲ ਸੂਬੇ ’ਚ ਹੋਏ ਸਨ ਤਾਂ 2022 ਵਿਚ ਇਹ ਘਟ ਕੇ 699 ਰਹਿ ਗਏ ਹਨ। ਐੱਨ. ਸੀ. ਬੀ. ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਨਾਲ ਅਪਰਾਧਿਕ ਮਾਮਲਿਆਂ ਨੂੰ ਹੱਲ ਕੀਤਾ ਹੈ, ਉਹ ਵੀ ਸ਼ਲਾਘਾਯੋਗ ਹੈ।
ਰੰਗਲਾ ਪੰਜਾਬ ਬਣਾਉਣ ਦਾ ਸੁਫ਼ਨਾ ਜਲਦ ਹੋਵੇਗਾ ਪੂਰਾ
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਅਪਰਾਧਿਕ ਘਟਨਾਵਾਂ ’ਚ ਆਈ ਕਮੀ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਲਗਾਤਾਰ ਖੁਸ਼ਹਾਲ ਸੂਬੇ ਵੱਲ ਵਧ ਰਿਹਾ ਹੈ ਅਤੇ ਅਸੀਂ 'ਰੰਗਲਾ ਪੰਜਾਬ ਬਣਾਉਣ ਦਾ ਸੁਫ਼ਨਾ ਜਲਦ ਹੀ ਸਾਕਾਰ ਕਰਨ ’ਚ ਕਾਮਯਾਬ ਹੋਵਾਂਗੇ। ਉਨ੍ਹਾਂ ਕਿਹਾ ਕਿ ਸੂਬਾ ਪੁਲਸ ਨੂੰ ਜੋ ਵੀ ਟੀਚੇ ਦਿੱਤੇ ਸਨ, ਉਸ ਨੂੰ ਉਹ ਹਾਸਲ ਕਰਨ ’ਚ ਸਫਲ ਹੋਈ ਹੈ।
ਇਹ ਵੀ ਪੜ੍ਹੋ- ਸ਼ਾਇਦ ਹੋਣੀ ਨੂੰ ਇਹੀ ਮਨਜ਼ੂਰ ਸੀ; ਭਾਜਪਾ ਵਰਕਰ ਦੀ ਸੜਕ ਹਾਦਸੇ 'ਚ ਮੌਤ, ਪਤਨੀ ਜ਼ਖ਼ਮੀ
ਪੰਜਾਬ ਪੁਲਸ ਅੱਗੇ ਵੀ ਸ਼ਾਨਦਾਰ ਕੰਮ ਕਰਦੀ ਰਹੇਗੀ
ਮੁੱਖ ਮੰਤਰੀ ਮੁਤਾਬਕ ਸੂਬੇ ’ਚ ਪੰਜਾਬ ਸਰਕਾਰ ਨੂੰ ਇਕ ਸਾਲ ਦਾ ਸਮਾਂ ਨਹੀਂ ਹੋਇਆ ਹੈ ਅਤੇ ਅਸੀਂ ਅਪਰਾਧਿਕ ਅਨਸਰਾਂ ’ਤੇ ਕਾਬੂ ਪਾ ਲਿਆ ਹੈ। ਪੰਜਾਬ ਪੁਲਸ ਅੱਗੇ ਵੀ ਸ਼ਾਨਦਾਰ ਕੰਮ ਕਰਦੀ ਰਹੇਗੀ ਅਤੇ ਸੂਬੇ ਨੂੰ ਸ਼ਾਂਤਮਈ ਸੂਬੇ ਵਜੋਂ ਉਭਾਰਿਆ ਜਾਵੇਗਾ, ਜਿਸ ਨਾਲ ਸੂਬੇ ਵਿਚ ਪੂੰਜੀ ਨਿਵੇਸ਼ ਵਧੇਗਾ। ਅਗਲੇ ਇਕ ਸਾਲ ਦੌਰਾਨ ਗੈਂਗਸਟਰਾਂ ਅਤੇ ਨਸ਼ਾ ਸਮੱਗਲਰਾਂ ਨੂੰ ਹੋਰ ਨੱਥ ਪਾਈ ਜਾਵੇਗੀ ਅਤੇ ਕਾਨੂੰਨ ਦੇ ਸ਼ਾਸਨ ਨੂੰ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਜਾਵੇਗਾ।