ਬੇਟੇ ਅਤੇ ਪਤਨੀ ਨੂੰ ਬੰਦੀ ਬਣਾ ਕੇ ਥਾਣਾ ਸਦਰ ਦੇ ਹੈੱਡ ਕਾਂਸਟੇਬਲ ਨੂੰ ਮਾਰੀ ਗੋਲੀ

01/20/2018 3:17:05 AM

ਜਲੰਧਰ (ਮਹੇਸ਼)-ਪੁਲਸ ਲਾਈਨ ਦੇ ਸਰਕਾਰੀ ਕੁਆਰਟਰ ਵਿਖੇ ਪਰਿਵਾਰ ਸਮੇਤ ਰਹਿੰਦੇ ਥਾਣਾ ਜਲੰਧਰ ਵਿਖੇ ਤਾਇਨਾਤ ਹੈੱਡ ਕਾਂਸਟੇਬਲ ਹਰਜੀਤ ਸਿੰਘ ਦੀ ਲੱਤ ਵਿਚ ਗੋਲੀ ਮਾਰਨ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਰਜੀਤ ਸਿੰਘ ਨੂੰ ਰਾਮਾ ਮੰਡੀ ਦੇ ਜੌਹਲ ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਪੁਲਸ ਮੁਲਾਜ਼ਮ ਹਰਜੀਤ ਸਿੰਘ ਦੀ ਪਤਨੀ ਰਾਜਿੰਦਰ ਕੌਰ ਅਤੇ ਬੇਟੇ ਅਕਰਮਵੀਰ ਸਿੰਘ ਨੂੰ ਬੰਦੀ ਬਣਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਰਾਜਵਿੰਦਰ ਕੌਰ ਨੇ ਜੌਹਲ ਹਸਪਤਾਲ ਵਿਖੇ ਦੇਰ ਰਾਤ ਗੱਲਬਾਤ ਕਰਦੇ ਹੋਏ ਦੱਸਿਆ ਸੀ ਉਹ ਆਪਣੇ ਪਤੀ ਹਰਜੀਤ ਸਿੰਘ ਅਤੇ ਬੇਟੇ ਅਕਰਮ ਦੇ ਨਾਲ ਆਲਟੋ ਕਾਰ ਵਿਚ ਆਪਣੇ ਪੇਕੇ ਘਰ ਪਿੰਡ ਠੀਕਰੀਵਾਲ ਥਾਣਾ ਸੇਖਵਾਂ ਜ਼ਿਲਾ ਗੁਰਦਾਸਪੁਰ ਤੋਂ ਵਾਪਸ ਜਲੰਧਰ ਦੇ ਲਈ ਆ ਰਹੀ ਸੀ। ਪੇਕੇ ਘਰ ਤੋਂ ਕਰੀਬ ਪੌਣਾ ਕਿਲੋਮੀਟਰ ਅੱਗੇ ਪਹੁੰਚਣ 'ਤੇ 3 ਗੱਡੀਆਂ ਉਨ੍ਹਾਂ ਦੀ ਕਾਰ ਦੇ ਅੱਗੇ ਆਕੇ ਖੜ੍ਹੀਆਂ ਹੋ ਗਈਆਂ, ਜਿਸ ਵਿਚ ਕਰੀਬ ਇਕ ਦਰਜਨ ਲੋਕ ਸਵਾਰ ਸਨ। 
ਉਨ੍ਹਾਂ ਨੇ ਉਨ੍ਹਾਂ ਦੀ ਕਾਰ ਵਿਚੋਂ ਜ਼ਬਰਦਸਤੀ ਅਕਰਮ ਨੂੰ ਬਾਹਰ ਕੱਢਿਆ ਅਤੇ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਦਾ ਪਤੀ ਹਰਜੀਤ ਸਿੰਘ ਕਾਰ ਤੋਂ ਬਾਹਰ ਆਇਆ ਅਤੇ ਹਮਲਾਵਰਾਂ ਨਾਲ ਗੱਲ ਕਰਨ ਲੱਗਾ। ਇਸ ਦੌਰਾਨ ਉਨ੍ਹਾਂ ਨੇ ਉਸ ਦੇ ਪਤੀ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਰਾਜਵਿੰਦਰ ਕੌਰ ਨੇ ਕਿਹਾ ਕਿ ਉਹ ਵੀ ਆਪਣੀ ਕਾਰ ਤੋਂ ਬਾਹਰ ਆ ਗਈ, ਜਿਸ ਤੋਂ ਬਾਅਦ ਹਮਲਾਵਰਾਂ ਨੇ ਉਸ ਨੂੰ ਅਤੇ ਉਸ ਦੇ ਬੇਟੇ ਨੂੰ ਪਿਸਤੌਲ ਦੀ ਨੋਕ 'ਤੇ ਬੰਦੀ ਬਣਾ ਕੇ ਉਨ੍ਹਾਂ ਦੇ ਸਾਹਮਣੇ ਹਰਜੀਤ ਸਿੰਘ ਦੀ ਲੱਤ ਵਿਚ ਗੋਲੀ ਮਾਰੀ ਅਤੇ ਫਿਰ ਗੱਡੀਆਂ ਤੋਂ ਹਥਿਆਰ ਕੱਢ ਕੇ ਹਮਲਾ ਕਰ ਕੇ ਮੌਕੇ ਤੋਂ ਫਰਾਰ ਹੋ ਗਏ। ਥਾਣਾ ਸੇਖਵਾਂ ਦੀ ਪੁਲਸ ਪਹਿਲਾਂ ਵਾਰਦਾਤ ਵਾਲੀ ਜਗ੍ਹਾ ਅਤੇ ਫਿਰ ਜਲੰਧਰ ਵਿਖੇ ਜੌਹਲ ਹਸਪਤਾਲ ਪਹੁੰਚੀ, ਜਿਥੇ ਪੁਲਸ ਵਲੋਂ ਹਰਜੀਤ ਦੀ ਪਤਨੀ ਦੇ ਬਿਆਨ ਕਲਮਬੱਧ ਕੀਤੇ ਗਏ। ਹਰਜੀਤ ਸਿੰਘ ਪਰਿਵਾਰ ਸਮੇਤ ਪਿਛਲੇ ਕਈ ਸਾਲਾਂ ਤੋਂ ਜਲੰਧਰ ਵਿਖੇ ਹੀ ਰਹਿ ਰਿਹਾ ਹੈ। ਉਹ ਆਪਣੇ ਜੱਦੀ ਪਿੰਡ ਅਕਸਰ ਆਉਂਦਾ ਜਾਂਦਾ ਰਹਿੰਦਾ ਹੈ। ਸੇਖਵਾਂ ਪੁਲਸ ਦਾ ਕਹਿਣਾ ਹੈ ਕਿ ਹਮਲਾਵਰਾਂ ਦੀ ਤਲਾਸ਼ ਵਿਚ ਵੱਖ-ਵੱਖ ਥਾਵਾਂ 'ਤੇ ਰੇਡ ਕੀਤੀ ਜਾ ਰਹੀ ਹੈ।
ਵਾਰਦਾਤ ਦੇ ਪਿੱਛੇ ਘਰੇਲੂ ਝਗੜਾ : ਹੈੱਡ ਕਾਂਸਟੇਬਲ ਹਰਜੀਤ ਸਿੰਘ 'ਤੇ ਹੋਏ ਜਾਨਲੇਵਾ ਹਮਲੇ ਦੇ ਪਿਛੇ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਹਰਜੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਦੇ ਭਰਾ ਦੇ ਸਹੁਰੇ ਵਾਲਿਆਂ ਨੇ ਹੀ ਇਹ ਹਮਲਾ ਕੀਤਾ ਹੈ। ਝਗੜੇ ਦਾ ਕਾਰਨ ਪੈਸਿਆਂ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ।
ਦੇਰ ਰਾਤ ਤਕ ਸੀ ਹਰਜੀਤ ਦੀ ਹਾਲਤ ਨਾਜ਼ੁਕ : ਗੰਭੀਰ ਤੌਰ 'ਤੇ ਜ਼ਖਮੀ ਹੋਏ ਹੈੱਡ ਕਾਂਸਟੇਬਲ ਹਰਜੀਤ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ। ਹਾਲਾਂਕਿ ਡਾਕਟਰਾਂ ਨੇ ਉਸ ਦੀ ਲੱਤ ਵਿਚ ਲੱਗੀ ਹੋਈ ਗੋਲੀ ਨੂੰ ਕੱਢ ਦਿੱਤਾ ਸੀ। ਡਾਕਟਰ ਬੀ. ਐੱਸ. ਜੌਹਲ ਨੇ ਦੱਸਿਆ ਕਿ ਮਰੀਜ਼ ਆਈ. ਸੀ. ਯੂ ਵਿਚ ਹੈ। ਉਨ੍ਹਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਉਸ ਨੂੰ ਹਰ ਹਾਲ ਵਿਚ ਬਚਾਇਆ ਜਾਵੇ।


Related News