ਬੱਸ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਨੂੰ ਝੱਲਣੀ ਪੈ ਸਕਦੀ ਹੈ ਪਰੇਸ਼ਾਨੀ
Friday, Jun 23, 2023 - 04:40 PM (IST)

ਜਲੰਧਰ (ਪੁਨੀਤ)–ਪੈਂਡਿੰਗ ਮੰਗਾਂ ਨੂੰ ਲੈ ਕੇ ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਵੱਲੋਂ ਡਿਪੂ-2 ਦੇ ਸਾਹਮਣੇ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਗਟਾਇਆ ਗਿਆ। ਯੂਨੀਅਨ ਦੀ ਸੂਬਾਈ ਕਾਰਜਕਾਰਨੀ ਦੇ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਜੱਲੇਵਾਲ, ਚਾਨਣ ਸਿੰਘ ਚੰਨਾ, ਡਿੱਪੂ-2 ਦੇ ਪ੍ਰਧਾਨ ਸਤਪਾਲ ਸਿੰਘ ਸੱਤਾ ਦੀ ਪ੍ਰਧਾਨਗੀ ਵਿਚ ਹੋਏ ਇਸ ਰੋਸ ਪ੍ਰਦਰਸ਼ਨ ਦੌਰਾਨ ਅਗਲੇ ਸੰਘਰਸ਼ ਦੀ ਰੂਪ-ਰੇਖਾ ਵੀ ਤਿਆਰ ਕੀਤੀ ਗਈ। ਦਲਜੀਤ ਸਿੰਘ ਜੱਲੇਵਾਲ ਨੇ ਕਿਹਾ ਕਿ ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ ਪ੍ਰਤੀ ਸਰਕਾਰ ਵੱਲੋਂ ਗੰਭੀਰਤਾ ਨਹੀਂ ਵਿਖਾਈ ਜਾ ਰਹੀ ਅਤੇ ਹੋਰ ਮੰਗਾਂ ਵੀ ਲੰਮੇ ਅਰਸੇ ਤੋਂ ਚਲੀਆਂ ਆ ਰਹੀਆਂ ਹਨ। ਯੂਨੀਅਨ ਵੱਲੋਂ ਇਸ ਦੇ ਵਿਰੋਧ ਵਿਚ 27 ਜੂਨ ਨੂੰ ਸੂਬੇ ਭਰ ਵਿਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਉਜੜਿਆ ਹੱਸਦਾ-ਵੱਸਦਾ ਪਰਿਵਾਰ, ਲਾਪਤਾ ਹੋਏ ਸਾਢੇ 3 ਸਾਲਾ ਬੱਚੇ ਦੀ ਲਾਸ਼ ਤੀਜੀ ਮੰਜ਼ਿਲ ਤੋਂ ਮਿਲੀ
ਚਾਨਣ ਸਿੰਘ ਚੰਨਾ ਨੇ ਕਿਹਾ ਕਿ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ ਗਿਆ ਸੀ, ਜੋਕਿ ਅਜੇ ਤਕ ਪੂਰਾ ਨਹੀਂ ਹੋ ਸਕਿਆ। ਮੁੱਖ ਸਕੱਤਰ ਵੱਲੋਂ ਕੀਤੇ ਵਾਅਦੇ ਵੀ ਅਜੇ ਤਕ ਅਧੂਰੇ ਹਨ, ਇਸ ਕਾਰਨ ਚੱਕਾ ਜਾਮ ਕਰਨ ਤੋਂ ਇਲਾਵਾ ਉਨ੍ਹਾਂ ਕੋਲ ਮੰਗਾਂ ਮਨਵਾਉਣ ਲਈ ਹੋਰ ਕੋਈ ਬਦਲ ਬਾਕੀ ਨਹੀਂ ਬਚਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਕਰਮਚਾਰੀਆਂ ਦੀ ਤਨਖ਼ਾਹ ਵਿਚ 5 ਫ਼ੀਸਦੀ ਵਾਧਾ ਹੋਇਆ ਸੀ ਪਰ ਸਰਕਾਰ ਬਦਲਣ ਤੋਂ ਬਾਅਦ ਅਧਿਕਾਰੀਆਂ ਨੇ ਇਸ ਤਨਖ਼ਾਹ ਵਾਧੇ ਨੂੰ ਰੋਕ ਦਿੱਤਾ, ਜਿਸ ਨਾਲ ਕਰਮਚਾਰੀਆਂ ਵਿਚ ਰੋਸ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕਾ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਪੱਕਾ ਕੀਤਾ ਜਾਵੇ ਅਤੇ ਪਿਛਲੇ ਸਮੇਂ ਦੌਰਾਨ ਰੋਕੀ ਗਈ ਤਨਖਾਹ ਵਾਧੇ ਦੀ ਰਾਸ਼ੀ ਨੂੰ ਕਰਮਚਾਰੀਆਂ ਦੇ ਖਾਤਿਆਂ ਵਿਚ ਪਾਇਆ ਜਾਵੇ।
ਸਤਪਾਲ ਸਿੰਘ ਨੇ ਕਿਹਾ ਕਿ ਕਰਮਚਾਰੀਆਂ ਦੀ ਘਾਟ ਕਾਰਨ 500 ਤੋਂ ਵੱਧ ਸਰਕਾਰੀ ਬੱਸਾਂ ਡਿਪੂਆਂ ਵਿਚ ਧੂੜ ਫੱਕ ਰਹੀਆਂ ਹਨ ਪਰ ਵਿਭਾਗ ਇਨ੍ਹਾਂ ਨੂੰ ਚਲਾਉਣ ਲਈ ਉਚਿਤ ਕਦਮ ਨਹੀਂ ਚੁੱਕ ਰਿਹਾ। ਅਧਿਕਾਰੀ ਸਸਪੈਂਡ ਚੱਲ ਰਹੇ 400 ਕਰਮਚਾਰੀਆਂ ਨੂੰ ਬਹਾਲ ਕਰਨ। ਉਨ੍ਹਾਂ ਕਿਹਾ ਕਿ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦੀ ਯੋਜਨਾ ਨੂੰ ਬੰਦ ਕਰਕੇ ਵਿਭਾਗ ਆਪਣੀਆਂ ਖੁਦ ਦੀਆਂ ਬੱਸਾਂ ਪਾਉਣ ਪ੍ਰਤੀ ਜ਼ਰੂਰੀ ਕਦਮ ਚੁੱਕੇ। ਕਈ ਘੰਟੇ ਚੱਲੇ ਇਸ ਰੋਸ ਪ੍ਰਦਰਸ਼ਨ ਦੌਰਾਨ ਕਰਮਚਾਰੀਆਂ ਵੱਲੋਂ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਗਈ। ਇਸ ਮੌਕੇ ਕੁਲਵਿੰਦਰ ਸਿੰਘ, ਰਾਮ ਚੰਦ, ਮਹਿੰਦਰ ਸਿੰਘ, ਮਲਕੀਅਤ ਸਿੰਘ ਸਮੇਤ ਕਈ ਅਹੁਦੇਦਾਰਾਂ ਨੇ ਸੰਬੋਧਨ ਕੀਤਾ।
ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰੀ ਫ਼ਿਲਮ 'ਆਦਿਪੁਰਸ਼', ਪ੍ਰਭਾਸ-ਸੈਫ ਤੇ ਕ੍ਰਿਤੀ ਸੈਨਨ ਨਹੀਂ ਸਨ ਡਾਇਰੈਕਟਰ ਦੀ ਪਹਿਲੀ ਪਸੰਦ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani