ਪਟਾਕਿਆਂ ਦੀ ਵਿਕਰੀ ਵਾਸਤੇ ਆਰਜ਼ੀ ਲਾਇਸੈਂਸ ਦੇ ਚਾਹਵਾਨਾਂ ਲਈ ਅਹਿਮ ਖ਼ਬਰ

Thursday, Oct 10, 2024 - 11:22 AM (IST)

ਪਟਾਕਿਆਂ ਦੀ ਵਿਕਰੀ ਵਾਸਤੇ ਆਰਜ਼ੀ ਲਾਇਸੈਂਸ ਦੇ ਚਾਹਵਾਨਾਂ ਲਈ ਅਹਿਮ ਖ਼ਬਰ

ਫਾਜ਼ਿਲਕਾ/ਜਲਾਲਾਬਾਦ (ਨਾਗਪਾਲ, ਬੰਟੀ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ 23548 ਆਫ 2017 ’ਚ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਦੀਵਾਲੀ ਵਾਲੇ ਦਿਨ 31 ਨੂੰ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਅਤੇ ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਅਤੇ ਨਾਲ ਹੀ ਕ੍ਰਿਸਮਿਸ ਅਤੇ ਨਵੇ ਸਾਲ ਦੇ ਮੌਕੇ ਰਾਤ 11.55 ਵਜੇ ਤੋਂ 12.30 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਇਹ ਜਾਣਕਾਰੀ ਜ਼ਿਲ੍ਹਾ ਮੈਜਿਸਟਰੇਟ ਅਮਰਪ੍ਰੀਤ ਕੌਰ ਸੰਧੂ ਨੇ ਦਿੱਤੀ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਤਿਉਹਾਰਾ ਮੌਕੇ ਪਟਾਕਿਆਂ ਦੀ ਵਿਕਰੀ ਲਈ ਆਰਜੀ ਲਾਇਸੈਂਸ ਪ੍ਰਾਪਤ ਕਰਨ ਦੇ 18 ਸਾਲ ਤੋਂ ਵੱਧ ਉਮਰ ਦੇ ਚਾਹਵਾਨ ਬਿਨੈਕਾਰ ਆਪਣੀਆਂ ਦਰਖ਼ਾਸਤਾਂ 16 ਅਕਤੂਬਰ ਤੋਂ 19 ਅਕਤੂਬਰ ਤੱਕ ਸੇਵਾ ਕੇਂਦਰਾਂ ਜ਼ਿਲ੍ਹਾ ਫਾਜ਼ਿਲਕਾ ਰਾਹੀਂ ਜਮ੍ਹਾਂ ਕਰਵਾ ਸਕਦੇ ਹਨ।

ਇਸ ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਦਰਖ਼ਾਸਤਾਂ ਵਿਚਾਰੀਆਂ ਨਹੀਂ ਜਾਣਗੀਆਂ। ਜਿਨ੍ਹਾਂ ਬਿਨੈਕਾਰਾਂ ਵੱਲੋਂ ਆਪਣੀਆਂ ਦਰਖ਼ਾਸਤਾਂ ਦਿੱਤੀਆਂ ਜਾਣਗੀਆਂ, ਉਨ੍ਹਾਂ ਨੂੰ ਆਰਜ਼ੀ ਲਾਇਸੈਂਸ ਡਰਾਅ ਸਿਸਟਮ ਰਾਹੀਂ 21 ਅਕਤੂਬਰ ਨੂੰ ਸਵੇਰੇ 11 ਵਜੇ ਦਫ਼ਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ’ਚ ਜਾਰੀ ਕੀਤੇ ਜਾਣਗੇ। ਇਸ ਡਰਾਅ ਦੇ ਸਫਲ ਬਿਨੈਕਾਰ ਨੂੰ ਹੀ ਆਰਜ਼ੀ ਲਾਇਸੈਂਸ ਜਾਰੀ ਕੀਤਾ ਜਾਵੇਗਾ। ਜ਼ਿਲ੍ਹੇ ਅੰਦਰ 67 ਆਰਜ਼ੀ ਲਾਇਸੈਂਸ ਜਾਰੀ ਕੀਤੇ ਜਾਣਗੇ, ਜਿਨ੍ਹਾਂ ’ਚ ਫਾਜ਼ਿਲਕਾ ’ਚ 18, ਅਬੋਹਰ ’ਚ 25, ਜਲਾਲਾਬਾਦ ’ਚ 18, ਅਰਨੀਵਾਲਾ ਸ਼ੇਖਸੁਭਾਨ ’ਚ 6 ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲਾਇਸੈਂਸ ਧਾਰਕਾਂ ਦਾ ਪਟਾਕੇ ਵੇਚਣ ਦਾ ਸਮਾਂ ਸਵੇਰੇ 10 ਤੋਂ ਸ਼ਾਮ 7.30 ਤੱਕ ਹੋਵੇਗਾ।

ਹੁਕਮਾਂ ਦੀ ਉਲੰਘਣਾਂ ਕਰਨ ਵਾਲੇ ਖ਼ਿਲਾਫ਼ ਪੁਲਸ ਵਿਭਾਗ ਵੱਲੋਂ ਗਾਈਡ ਲਾਈਨਜ਼ ਅੰਡਰ ਐਕਸਪਲੋਸਿਵ ਰੁਲਜ 2008 ਤਹਿਤ ਕਾਰਵਾਈ ਕੀਤੀ ਜਾਵੇਗੀ। ਪਟਾਕਿਆਂ ਦੀ ਵਿਕਰੀ ਲਈ ਜ਼ਿਲ੍ਹੇ ’ਚ ਨਿਰਧਾਰਿਤ ਕੀਤੀਆਂ ਥਾਵਾਂ ਜਿਨ੍ਹਾਂ ’ਚ ਫਾਜ਼ਿਲਕਾ ਲਈ ਬਹੁਮੰਤਵੀ ਖੇਡ ਸਟੇਡੀਅਮ ਐੱਮ. ਆਰ. ਕਾਲਜ ਰੋਡ ਫਾਜ਼ਿਲਕਾ (ਸਿਵਾਏ ਪਲੇਅ ਗਰਾਉਂਡ ਏਰੀਆ), ਅਬੋਹਰ ਲਈ ਪੁੱਡਾ ਕਾਲੋਨੀ ਫਾਜ਼ਿਲਕਾ ਰੋਡ ਅਬੋਹਰ, ਜਲਾਲਾਬਾਦ ਲਈ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ (ਸਿਵਾਏ ਪਲੇਅ ਗਰਾਉਂਡ ਏਰੀਆ) ਅਤੇ ਅਰਨੀਵਾਲਾ ਸ਼ੇਖਸੁਭਾਨ ਲਈ ਥਾਣਾ ਅਰਨੀਵਾਲਾ ਸ਼ੇਖਸੁਭਾਨ ਦੇ ਨਾਲ ਲੱਗਦੀ ਪੰਚਾਇਤੀ ਜਗ੍ਹਾ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਟਾਕੇ ਦੀ ਵਿਕਰੀ ਸਿਰਫ ਲਾਇਸੈਂਸ ਸ਼ੁਦਾ ਵਿਕਰੇਤਾ ਜਾਂ ਉਸ ਵੱਲੋਂ ਹੀ ਕੀਤੀ ਜਾ ਸਕਦੀ ਹੈ, ਜਿਸ ਨੂੰ ਦਫਤਰ ਜ਼ਿਲ੍ਹਾ ਮੈਜਿਸਟਰੇਟ ਫਾਜ਼ਿਲਕਾ ਵੱਲੋਂ ਆਰਜ਼ੀ ਲਾਇਸੈਂਸ ਜਾਰੀ ਕੀਤਾ ਹੋਵੇ।


author

Babita

Content Editor

Related News