ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
Saturday, Jan 20, 2024 - 06:43 PM (IST)
ਲੁਧਿਆਣਾ (ਖੁਰਾਣਾ) : ਮਾਨ ਸਰਕਾਰ ਨੇ ਪੰਜਾਬ ’ਚ ਸਰਗਰਮ ਰਾਸ਼ਨ ਮਾਫੀਆ ਦਾ ਲੱਕ ਤੋੜਦੇ ਹੋਏ ਸੂਬੇ ’ਚ ਸਾਲਾਂ ਪੁਰਾਣੀ ਚੱਲੀ ਆ ਰਹੀ ਪ੍ਰਥਾ ’ਤੇ ਨਕੇਲ ਕੱਸੀ ਹੈ। ਮਿਲੇ ਅੰਕੜਿਆਂ ਮੁਤਾਬਕ ਸਰਕਾਰ ਵੱਲੋਂ ਜਿੱਥੇ 6000 ਤੋਂ ਵੱਧ ਡਿਪੂਆਂ ’ਤੇ ਅਨਾਜ ਦੀ ਚੱਲ ਰਹੀ ਸਪਲਾਈ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਹੈ, ਉੱਥੇ ਰਾਸ਼ਨ ਡਿਪੂਆਂ ’ਤੇ 200 ਤੋਂ ਵੱਧ ਰਾਸ਼ਨ ਕਾਰਡ ਨਾ ਲਗਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਕੀਤੀ ਗਈ ਇਸ ਪਹਿਲਕਦਮੀ ਨਾਲ ਜਿੱਥੇ ਪੰਜਾਬ ਭਰ ’ਚ ਸਰਕਾਰੀ ਅਨਾਜ ਦੀ ਹੋ ਰਹੀ ਕਾਲਾਬਾਜ਼ਾਰੀ ਖਤਮ ਹੋਣ ਦੀਆਂ ਸੰਭਾਵਨਾਵਾਂ ਵਧੀਆਂ ਹਨ, ਉੱਥੇ ਹੀ ਲੋੜਵੰਦ ਅਤੇ ਗਰੀਬਾਂ ਦੇ ਹੱਕ ਉਨ੍ਹਾਂ ਦੇ ਰਸੋਈ ਘਰਾਂ ਤੱਕ ਪੁੱਜਣ ਦੀ ਉਮੀਦ ਦੀ ਕਿਰਣ ਵੀ ਜਾਗ ਉੱਠੀ ਹੈ। ਅਸਲ ’ਚ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਅਤੇ ਸ਼ਹਿਰਾਂ ’ਚ ਦਬੰਗ ਡਿਪੂ ਹੋਲਡਰਾਂ ਵੱਲੋਂ ਵਿਭਾਗੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਨਾਲ ਸੈਟਿੰਗ ਕਰਕੇ ਜਿੱਥੇ ਇਕੱਠੇ ਦਰਜਨਾਂ ਰਾਸ਼ਨ ਡਿਪੂਆਂ ਦੀ ਸਪਲਾਈ ਅਟੈਚ ਕਰਕੇ ਖਪਤਕਾਰਾਂ ਨੂੰ ਅਨਾਜ ਵੰਡਣ ਦੇ ਨਾਂ ’ਤੇ ਕਣਕ ਦੀ ਕਾਲਾਬਾਜ਼ਾਰੀ ਕਰਨ ਦਾ ਵੱਡਾ ਨੈੱਟਵਰਕ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਠੰਡ ਨੇ ਤੋੜੇ ਰਿਕਾਰਡ, ਮੌਸਮ ਵਿਭਾਗ ਨੇ ਸੂਬੇ ਭਰ ਲਈ ਜਾਰੀ ਕੀਤਾ ਰੈੱਡ ਅਲਰਟ
ਉੱਥੇ ਕੇਂਦਰ ਸਰਕਾਰ ਦੀ ਨੈਸ਼ਨਲ ਫੂਡ ਸਕਿਓਰਿਟੀ ਐਕਟ ਯੋਜਨਾ ਤਹਿਤ ਨਿਰਧਾਰਿਤ ਕੀਤੇ ਗਏ ਸਾਰੇ ਨਿਯਮ ਅਤੇ ਸ਼ਰਤਾਂ ਦਾ ਖੁੱਲ੍ਹ ਕੇ ਜਨਾਜ਼ਾ ਕੱਢਦੇ ਹੋਏ ਆਪਣੇ ਡਿਪੂਆਂ ’ਤੇ ਕਈ ਹਜ਼ਾਰ ਰਾਸ਼ਨ ਕਾਰਡਾਂ ਦੇ ਹਿੱਸੇ ਦਾ ਅਨਾਜ ਵੀ ਉਤਾਰਿਆ ਜਾ ਰਿਹਾ ਹੈ, ਜਦੋਂਕਿ ਦੂਜੇ ਪਾਸੇ ਹੋਰਨਾਂ ਡਿਪੂ ਹੋਲਡਰਾਂ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਿਆਸੀ ਅਤੇ ਵਿਭਾਗੀ ਅਧਿਕਾਰੀਆਂ, ਮੁਲਾਜ਼ਮਾਂ ਦੀ ਸਰਪ੍ਰਸਤੀ ਪ੍ਰਾਪਤ ਨਹੀਂ ਹੈ, ਉਨ੍ਹਾਂ ਡਿਪੂ ਹੋਲਡਰਾਂ ਵੱਲੋਂ ਵਿਭਾਗ ਦੇ ਆਹਲਾ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕਰਨ ਅਤੇ ਮੰਗ-ਪੱਤਰ ਸੌਂਪਣ ਤੋਂ ਬਾਅਦ ਵੀ ਉਨ੍ਹਾਂ ਦੇ ਰਾਸ਼ਨ ਡਿਪੂਆਂ ’ਤੇ 50-60 ਰਾਸ਼ਨ ਕਾਰਡ ਹੀ ਲਗਾਏ ਗਏ ਹਨ। ਵਿਭਾਗੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਅਜਿਹੀਆਂ ਨਾਪਾਕ ਹਰਕਤਾਂ ਤੋਂ ਪ੍ਰੇਸ਼ਾਨ ਹੋ ਕੇ ਕਈ ਡਿਪੂ ਹੋਲਡਰਾਂ ਵੱਲੋਂ ਬੀਤੇ ਦਿਨੀਂ ਵਿਭਾਗ ਨੂੰ ਤਿਆਗ-ਪੱਤਰ ਵੀ ਸੌਂਪੇ ਗਏ ਹਨ। ਜਾਣਕਾਰੀ ਦਿੰਦੇ ਹੋਏ ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਸ ਫੈੱਡਰੇਸ਼ਨ ਦੇ ਰਾਸ਼ਟਰੀ ਸੈਕਟਰੀ ਕਰਮਜੀਤ ਸਿੰਘ ਅੜੈਚਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਸਾਰੇ ਰਾਸ਼ਨ ਡਿਪੂਆਂ ’ਤੇ ਇਕ ਸਾਮਾਨ 200 ਰਾਸ਼ਨ ਕਾਰਡ ਲਗਾਉਣ ਤੋਂ ਬਾਅਦ ਬਾਕੀ ਰਹਿੰਦੇ ਕਾਰਡਧਾਰੀਆਂ ਨੂੰ ਮਾਰਕਫੈੱਡ ਕੋਆਪਰੇਟਿਵ ਸੋਸਾਇਟੀ ਵੱਲੋਂ ਚਲਾਈ ਜਾਣ ਵਾਲੀ ਮਾਡਲ ਫੇਅਰ ਪ੍ਰਾਈਸ ਸ਼ਾਪਸ ’ਤੇ ਸ਼ਿਫਟ ਕਰਕੇ ਕਣਕ ਦੀ ਜਗ੍ਹਾ ਆਟੇ ਦੀਆਂ ਥੈਲੀਆਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਇਹ 13 ਟੋਲ ਪਲਾਜ਼ੇ ਹੋਏ ਫਰੀ, ਪੜ੍ਹੋ ਪੂਰੀ ਸੂਚੀ
ਪ੍ਰਧਾਨ ਕਰਮਜੀਤ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ’ਚ 638 ਨਵੇਂ ਰਾਸ਼ਨ ਡਿਪੂ ਮਾਰਕਫੈੱਡ ਕੋਆਪਰੇਟਿਵ ਸੋਸਾਇਟੀ ਜ਼ਰੀਏ ਖੋਲ੍ਹੇ ਜਾ ਰਹੇ ਹਨ, ਜਿਸ ਦੀ ਸ਼ੁਰੂਆਤ ਸੰਭਾਵਿਤ 26 ਜਨਵਰੀ ਨੂੰ ਮੁੱਖ ਮੰਤਰੀ ਵੱਲੋਂ ਕੀਤੀ ਜਾਵੇਗੀ, ਜਿਸ ’ਚ ਰਾਸ਼ਨ ਕਾਰਡਧਾਰੀਆਂ ਨੂੰ ਬਦਲ ਦਿੱਤਾ ਗਿਆ ਹੈ ਕਿ ਉਹ ਚਾਹੇ ਰਾਸ਼ਨ ਡਿਪੂ ਤੋਂ ਕਣਕ ਲੈ ਸਕਦੇ ਹਨ ਜਾਂ ਮਾਰਕਫੈੱਡ ਦੀਆਂ ਦੁਕਾਨਾਂ ’ਤੇ ਜਾ ਕੇ ਆਟੇ ਦੀਆਂ ਥੈਲੀਆਂ ਵੀ ਲੈ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਇਸ ਯੋਜਨਾ ਕਾਰਨ ਰਾਸ਼ਨ ਮਾਫੀਆ ਦੇ ਗੁਰਗਿਆਂ ’ਚ ਹਫੜਾ-ਦਫੜੀ ਮਚੀ ਹੋਈ ਹੈ, ਜਿਸ ’ਚ ਵੱਡੇ ਪੱਧਰ ’ਤੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਕਥਿਤ ਨਾਮ ਵੀ ਸ਼ਾਮਲ ਹਨ, ਜੋ ਪਿਛਲੇ ਕਈ ਸਾਲਾਂ ਤੋਂ ਸਰਕਾਰ ਕਣਕ ਦੀ ਕਾਲਾਬਾਜ਼ਾਰੀ ਕਰਨ ਵਾਲੇ ਡਿਪੂ ਹੋਲਡਰਾਂ ਨਾਲ ਸੈਟਿੰਗ ਕਰ ਕੇ ਆਪਣੀ ਜੇਬ ਗਰਮ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਉੱਪਰੋਂ ਹੋਣ ਵਾਲੀ ਕਮਾਈ ਬੰਦ ਹੋਣ ਦਾ ਖਤਰਾ ਸੱਤਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਦਰਮਿਆਨ ਸਕੂਲਾਂ ’ਚ ਛੁੱਟੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8