ਗੈਸ-ਸਿਲੰਡਰ ਵਾਲੇ ਖ਼ਪਤਕਾਰਾਂ ਲਈ ਜ਼ਰੂਰੀ ਖ਼ਬਰ, ਪੰਜਾਬ ਦੇ ਸੈਂਕੜੇ ਪਿੰਡ ਹੋਏ ਪ੍ਰਭਾਵਿਤ

Sunday, Feb 01, 2026 - 01:28 PM (IST)

ਗੈਸ-ਸਿਲੰਡਰ ਵਾਲੇ ਖ਼ਪਤਕਾਰਾਂ ਲਈ ਜ਼ਰੂਰੀ ਖ਼ਬਰ, ਪੰਜਾਬ ਦੇ ਸੈਂਕੜੇ ਪਿੰਡ ਹੋਏ ਪ੍ਰਭਾਵਿਤ

ਨੂਰਪੁਰਬੇਦੀ (ਸੰਜੀਵ ਭੰਡਾਰੀ)-ਨੂਰਪੁਰਬੇਦੀ ਖੇਤਰ ਦੇ ਕਰੀਬ 138 ਪਿੰਡਾਂ ’ਚ ਬੀਤੇ ਕੁਝ ਹਫ਼ਤਿਆਂ ਤੋਂ ਰਸੋਈ ਗੈਸ ਦੀ ਭਾਰੀ ਕਿੱਲਤ ਪੈਦਾ ਹੋਣ ਕਾਰਨ ਹਜ਼ਾਰਾਂ ਘਰਾਂ ਦੇ ਚੁੱਲ੍ਹੇ ਠੰਡੇ ਪੈ ਗਏ ਹਨ। ਉਕਤ ਗੈਸ ਸਪਲਾਈ ਪ੍ਰਭਾਵਿਤ ਹੋਣ ਕਾਰਨ ਸਭ ਤੋਂ ਵੱਧ ਗ੍ਰਹਿਣੀਆਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ, ਜਿਨ੍ਹਾਂ ਦੀ ਰਸੋਈ ਦਾ ਸਮੁੱਚਾ ਸਿਸਟਮ ਡਗ ਮਗਾ ਗਿਆ ਹੈ। ਇਸ ਕਾਰਨ ਹੁਣ ਔਰਤਾਂ ਨੂੰ ਮੁੜ ਪੁਰਾਣੇ ਲੱਕੜਾਂ ਵਾਲੇ ਚੁੱਲ੍ਹੇ ਬਾਲਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਕਤ ਰਸੋਈ ਗੈਸ ਦੀ ਸਪਲਾਈ ਕੁਝ ਦਿਨਾਂ ਤੋਂ ਨਹੀਂ ਸਗੋਂ ਕਰੀਬ 1 ਤੋਂ 2 ਮਹੀਨਿਆਂ ਤੋਂ ਪ੍ਰਭਾਵਿਤ ਹੋਈ ਹੈ। ਖ਼ਪਤਕਾਰਾਂ ਨੂੰ ਘਰੇਲੂ ਗੈਸ ਹਾਸਲ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦੇ ਆਲਮ ’ਚੋਂ ਲੰਘਣਾ ਪੈ ਰਿਹਾ ਹੈ। ਹਾਲਾਤ ਇਥੋਂ ਤੱਕ ਗੰਭੀਰ ਹੋ ਗਏ ਹਨ ਕਿ ਪਿੰਡਾਂ ’ਚ ਲੋਕ ਇਕ ਦੂਜੇ ਤੋਂ ਸਿਲੰਡਰ ਮੰਗ ਕੇ ਗੁਜ਼ਾਰਾ ਕਰਨ ਲਈ ਮਜਬੂਰ ਹਨ। ਜ਼ਿਕਰਯੋਗ ਹੈ ਕਿ ਨੂਰਪੁਰਬੇਦੀ ਵਿਖੇ ਗੈਸ ਦੀਆਂ 2 ਏਜੰਸੀਆਂ ਹਨ। ਜਿਨ੍ਹਾਂ ਵੱਲੋਂ ਭਾਵੇਂ ਰੋਜ਼ਾਨਾ 700 ਤੋਂ 800 ਗੈਸ ਸਿਲੰਡਰ ਸਪਲਾਈ ਕੀਤੇ ਜਾਂਦੇ ਹਨ, ਜਦਕਿ ਉਪਭੋਗਤਾਵਾਂ ਦੀ ਸੰਖਿਆ ਕਿ 28 ਹਜ਼ਾਰ ਤੋਂ ਵੀ ਵੱਧ ਹੈ। ਇਸ ਤੋਂ ਇਲਾਵਾ ਕਮਰਸ਼ੀਅਲ ਸਿਲੰਡਰ ਇਸਤੇਮਾਲ ਕਰਨ ਵਾਲੇ ਉਪਭੋਗਤਾ ਵੀ ਹਨ।

ਇਹ ਵੀ ਪੜ੍ਹੋ: High Alert 'ਤੇ ਜਲੰਧਰ! ਪੂਰੀ ਤਰ੍ਹਾਂ ਕੀਤਾ ਸੀਲ, ਸੁਰੱਖਿਆ ਦੇ ਸਖ਼ਤ ਪ੍ਰਬੰਧ

ਕੰਪਨੀ ਦੇ ਨਵੇਂ ਨਿਯਮਾਂ ਅਨੁਸਾਰ ਖ਼ਪਤਕਾਰਾਂ ਲਈ ਬੁਕਿੰਗ ਕਰਵਾਉਣਾ ਲਾਜ਼ਮੀ 
ਜ਼ਿਕਰਯੋਗ ਹੈ ਕਿ ਕੰਪਨੀ ਦੇ ਨਿਯਮ ਅਨੁਸਾਰ ਖ਼ਪਤਕਾਰ ਵੱਲੋਂ ਗੈਸ ਸਿਲੰਡਰ ਲੈਣ ਤੋਂ ਇਕ ਦਿਨ ਪਹਿਲਾਂ ਕੰਪਨੀ ਦੇ ਮੋਬਾਇਲ ਨੰਬਰ 77150-12345 ’ਤੇ ਗੈਸ ਸਿਲੰਡਰ ਦੀ ਡਿਲਿਵਰੀ ਲੈਣ ਲਈ ਬੁਕਿੰਗ ਕਰਵਾਉਣਾ ਲਾਜ਼ਮੀ ਕਰਾਰ ਕੀਤਾ ਗਿਆ ਹੈ, ਜਿਸ ਸਬੰਧੀ ਖ਼ਪਤਕਾਰ ਬਿਲਕੁੱਲ ਅਣਜਾਣ ਹਨ, ਕਿਉਂਕਿ ਹੁਣ ਬੁਕਿੰਗ ਕਰਵਾਉਣ ਵਾਲੇ ਖ਼ਪਤਕਾਰਾਂ ਨੂੰ ਹੀ ਪਹਿਲ ਦੇ ਆਧਾਰ ’ਤੇ ਗੈਸ ਸਿਲੰਡਰ ਉਪਲੱਬਧ ਹੋਵੇਗਾ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਸੱਚਖੰਡ ਬੱਲਾਂ ’ਚ ਅੱਜ ਹੋਣਗੇ ਨਤਮਸਤਕ

ਬੁਕਿੰਗ ਦੇ ਹਿਸਬ ਨਾਲ ਹੀ ਏਜੰਸੀਆਂ ਨੂੰ ਗੈਸ ਸਿਲੰਡਰ ਉਪਲੱਬਧ ਹੋ ਰਹੇ : ਮੈਨੇਜਰ ਸੋਨੂੰ
ਖ਼ਪਤਕਾਰ ਵੱਲੋਂ ਕਰਵਾਈ ਗਈ ਬੁਕਿੰਗ ਦੇ ਹਿਸਾਬ ਨਾਲ ਹੁਣ ਕੰਪਨੀਆਂ ਵੱਲੋਂ ਗੈਸ ਏਜੰਸੀਆਂ ਨੂੰ ਸਿਲੰਡਰ ਦੀ ਸਪਲਾਈ ਦਿੱਤੀ ਜਾ ਰਹੀ ਹੈ। ਜਿਸ ਕਾਰਨ ਰੋਜ਼ਾਨਾ ਗੈਸ ਸਿਲੰਡਰਾਂ ਦੀ ਆਮਦ ਘਟਣ ’ਤੇ ਹੋਰਨਾਂ ਖ਼ਪਤਕਾਰਾਂ ਨੂੰ ਗੈਸ ਸਿਲੰਡਰ ਹਾਸਿਲ ਹੋਣ ’ਚ ਮੁਸ਼ਕਿਲ ਪੇਸ਼ ਆ ਰਹੀ ਹੈ। ਪਹਿਲਾਂ ਗੈਸ ਏਜੰਸੀਆਂ ਵੱਲੋਂ ਮਨਮਰਜ਼ੀ ਨਾਲ ਖਪਤਕਾਰਾਂ ਦੀ ਲੋੜ ਅਨੁਸਾਰ ਭਾਰੀ ਮਾਤਰਾ ’ਚ ਗੈਸ ਮੰਗਵਾਈ ਜਾਂਦੀ ਸੀ। ਜਦਕਿ ਹੁਣ ਬੁਕਿੰਗ ਦੇ ਹਿਸਾਬ ਨਾਲ ਕੰਪਨੀਆਂ ਵੱਲੋਂ ਸਪਲਾਈ ਦੇਣ ਕਾਰਨ ਉਕਤ ਸਮੱਸਿਆ ਪੇਸ਼ ਆਈ ਹੈ।

ਸਿਲੰਡਰ ਹਾਸਿਲ ਹੋਣ ’ਤੇ ਦੇਣਾ ਪੈਂਦਾ ਹੈ ਓ.ਟੀ.ਪੀ. ਨੰਬਰ 
ਨਵੇਂ ਨਿਯਮ ਅਨੁਸਾਰ ਜਦੋਂ ਕਿਸੇ ਖ਼ਪਤਕਾਰ ਨੂੰ ਗੈਸ-ਏਜੰਸੀ ਦੇ ਸਟਾਫ਼ ਵੱਲੋਂ ਸਿਲੰਡਰ ਡਿਲਿਵਰ ਕੀਤਾ ਜਾਂਦਾ ਹੈ ਤਾਂ ਖ਼ਪਤਕਾਰ ਦੇ ਮੋਬਾਇਲ ਨੰਬਰ ’ਤੇ ਇਕ ਓ. ਟੀ. ਪੀ. ਆਉਂਦਾ ਹੈ। ਜਿਸ ਸਬੰਧੀ ਦੱਸਣ ’ਤੇ ਹੀ ਖਪਤਕਾਰ ਨੂੰ ਸਿਲੰਡਰ ਹਾਸਿਲ ਹੁੰਦਾ ਹੈ।

ਦੋਵੇਂ ਗੈਸ ਏਜੰਸੀਆਂ ’ਚ ਕਰੀਬ 7 ਹਜ਼ਾਰ ਖ਼ਪਤਕਾਰਾਂ ਦੀ ਕੇ. ਵਾਈ. ਸੀ. ਪੈਡਿੰਗ 
ਇਸ ਸਬੰਧੀ ਸ਼ਹੀਦ ਗੋਪਾਲ ਗੈਸ ਏਜੰਸੀ ਦੇ ਮੈਨੇਜਰ ਸੋਨੂੰ ਨੇ ਦੱਸਿਆ ਕਿ ਉਨ੍ਹਾਂ ਦੀ ਗੈਸ ਏਜੰਸੀ ਨਾਲ ਜੁੜ੍ਹੇ ਕਰੀਬ 18 ਹਜ਼ਾਰ ਖ਼ਪਤਕਾਰਾਂ ’ਚੋਂ 4 ਹਜ਼ਾਰ ਤੋਂ ਵੱਧ ਖ਼ਪਤਕਾਰਾਂ ਨੇ ਅਜੇ ਤੱਕ ਕੇ. ਵਾਈ. ਸੀ. ਨਹੀਂ ਕਰਵਾਈ ਹੈ। ਜਦਕਿ ਗੈਸ ਏਜੰਸੀ ਦੀ ਮੈਨੇਜਰ ਰੀਟਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਨਾਲ ਜੁੜ੍ਹੇ ਕਰੀਬ 10 ਹਾਜ਼ਰ ਖ਼ਪਤਕਾਰਾਂ ’ਚੋ 3 ਹਜ਼ਾਰ ਤੋਂ ਵੱਧ ਖ਼ਪਤਕਾਰਾਂ ਦੀ ਕੇ.ਵਾਈ.ਸੀ. ਪੈਡਿੰਗ ਹੈ।

ਇਹ ਵੀ ਪੜ੍ਹੋ:  PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਜਲੰਧਰ 'ਚ ਅਲਰਟ ਨੇ ਖੋਲ੍ਹੀ ਪੰਜਾਬ ਸਰਕਾਰ ਦੀ ਪੋਲ: ਅਸ਼ਵਨੀ ਸ਼ਰਮਾ

ਗੈਸ ਦੀ ਕੋਈ ਕਮੀ ਨਹੀਂ, ਬੁਕਿੰਗ ਕਰਵਾਉਣ ’ਤੇ ਆਸਾਨੀ ਨਾਲ ਮਿਲੇਗਾ ਸਿਲੰਡਰ : ਏਜੰਸੀ ਮਾਲਕ
ਇਸ ਸਬੰਧੀ ਏਜੰਸੀ ਮਾਲਕਾਂ ਨੇ ਆਖਿਆ ਕਿ ਗੈਸ ਦੀ ਕੋਈ ਕਮੀ ਨਹੀਂ ਹੈ। ਕੇਵਲ ਖ਼ਪਤਕਾਰਾਂ ਨੂੰ ਬੁਕਿੰਗ ਕਰਵਾਉਣ ਦੀ ਜ਼ਰੂਰਤ ਹੈ। ਗੈਸ ਸਿਲੰਡਰ ਜੋ ਪਹਿਲਾਂ ਬਿਨਾਂ ਕਿਸੇ ਅੜਚਨ ਤੋਂ ਹਰ ਕਿਸੇ ਨੂੰ ਹਾਸਿਲ ਹੁੰਦਾ ਸੀ, ਹੁਣ ਕਾਪੀ ’ਤੇ ਹੀ ਮਿਲ ਸਕੇਗਾ। ਜਿਸ ਕਾਰਨ ਵਿਆਹ ਜਾਂ ਹੋਰਨਾਂ ਸਮਾਗਮਾਂ ਵਾਲੇ ਪ੍ਰਬੰਧਕਾਂ ਨੂੰ ਵੀ ਉਕਤ ਘਰੇਲੂ ਗੈਸ ਸਿਲੰਡਰ ਆਸਾਨੀ ਨਾਲ ਉਪਲੱਵਧ ਨਹੀਂ ਹੋ ਰਿਹਾ ਹੈ। ਉਨ੍ਹਾਂ ਨੂੰ ਵੀ ਹੁਣ ਬੁਕਿੰਗ ’ਤੇੇ ਹੀ ਗੈਸ ਸਿਲੰਡਰ ਮਿਲ ਸਕੇਗਾ।

ਕਨਵੀਨਰ ਗੌਰਵ ਰਾਣਾ ਦੀ ਅਗਵਾਈ ’ਚ ਖਪਤਕਾਰਾਂ ਨੇ ਗੈਸ-ਸਿਲੰਡਰ ਨਾ ਮਿਲਣ ’ਤੇ ਜਤਾਈ ਨਾਰਾਜ਼ਗੀ 
ਦੂਸਰੀ ਤਰਫ਼ ਬੀਤੇ ਦਿਨ ਨੂਰਪੁਰਬੇਦੀ ਵਿਖੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਦੀ ਅਗਵਾਈ ’ਚ ਇਕੱਤਰ ਹੋਏ ਖ਼ਪਤਕਾਰਾਂ ਨੇ ਆਸਾਨੀ ਨਾਲ ਗੈਸ-ਸਿਲੰਡਰ ਉਪਲੱਬਧ ਨਾ ਹੋਣ ’ਤੇ ਭਾਰੀ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ਘਰੇਲੂ ਗੈਸ ਹਰ ਨਾਗਰਿਕ ਤੇ ਹਰ ਘਰ ਦੀ ਪਹਿਲੀ ਜ਼ਰੂਰਤ ਬਣ ਚੁੱਕੀ ਹੈ। ਜਿਸ ਕਰਕੇ ਗੈਸ ਸਿਲੰਡਰ ਹਾਸਿਲ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਖਪਤਕਾਰ ਪ੍ਰੇਸ਼ਾਨੀ ਤੋਂ ਬਚ ਬਕਣ। ਇਸ ਮੌਕੇ ਸ਼ਿਵ ਕੁਮਾਰ ਕਾਲਾ, ਬਲਜੀਤ ਧੀਮਾਨ, ਨਰੇਸ਼ ਕੁਮਾਰ, ਗਗਨ ਬੋਹਰਾ, ਸ਼ਾਮ ਲਾਲ, ਸੂਰਜ ਸ਼ਰਮਾ, ਜੀਵਨ ਕੁਮਾਰ, ਰਾਮ ਚੰਦ, ਭੁਪਿੰਦਰ ਸਿੰਘ ਕਾਲੂ, ਵਿਸ਼ੂ ਕੁਮਾਰ, ਕਮਲਜੀਤ ਸਿੰਘ, ਰਵਿੰਦਰ ਕੁਮਾਰ ਤੇ ਅਸ਼ਵਨੀ ਸ਼ਰਮਾ ਸਮੇਤ ਹੋਰ ਸ਼ਹਿਰਵਾਸੀ ਤੇ ਖ਼ਪਤਕਾਰ ਹਾਜ਼ਰ ਸਨ।

ਇਹ ਵੀ ਪੜ੍ਹੋ:  ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਪੁਰਬ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News