ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਪੇਪਰਲੈੱਸ ਹੋਵੇਗੀ ਬਿਲਿੰਗ, ਹੁਣ ਮੋਬਾਇਲ ’ਤੇ ਦਿੱਸੇਗਾ ਵਰਤੇ ਯੂਨਿਟਾਂ ਦਾ ਡਾਟਾ

Monday, Jan 01, 2024 - 06:48 PM (IST)

ਜਲੰਧਰ (ਪੁਨੀਤ)-ਪਾਵਰਕਾਮ ਵੱਲੋਂ ਬਿਜਲੀ ਖ਼ਪਤਕਾਰਾਂ ਦੀਆਂ ਸਹੂਲਤਾਂ ਵਿਚ ਵਾਧਾ ਕਰਨ ਲਈ ਕਈ ਸਕੀਮਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਪੇਪਰਲੈੱਸ ਬਿਲਿੰਗ ਅਤੇ ਸਮਾਰਟ ਮੀਟਰ ਲਾਉਣ ਦੇ ਕੰਮ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਨਾਲ ਜਲੰਧਰ ਸ਼ਹਿਰ (4 ਡਿਵੀਜ਼ਨਾਂ) ਦੇ ਵੱਧ ਤੋਂ ਵੱਧ ਖ਼ਪਤਕਾਰਾਂ ਨੂੰ ਜਨਵਰੀ-ਫਰਵਰੀ ਦਾ ਬਿੱਲ ਪੇਪਰਲੈੱਸ ਤਕਨੀਕ ਨਾਲ ਭੇਜਿਆ ਜਾਵੇਗਾ। ਇਸ ਪ੍ਰਾਜੈਕਟ ਤਹਿਤ ਸਮਾਰਟ ਮੀਟਰ ਲਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਪੇਪਰਲੈੱਸ ਬਿਲਿੰਗ ਨੂੰ 100 ਫ਼ੀਸਦੀ ਯਕੀਨੀ ਬਣਾਇਆ ਜਾ ਸਕੇ। ਇਸ ਦੇ ਲਈ ਪਾਵਰਕਾਮ ਵੱਲੋਂ ਹਰ ਰੋਜ਼ 500 ਤੋਂ ਵੱਧ ਮੀਟਰ ਬਦਲ ਕੇ ਖ਼ਪਤਕਾਰਾਂ ਦੇ ਸਮਾਰਟ ਮੀਟਰ ਲਾਏ ਜਾ ਰਹੇ ਹਨ, ਤਾਂ ਜੋ ਜਨਵਰੀ ਦੇ ਅੰਤ ਤੱਕ 90 ਫ਼ੀਸਦੀ ਤੋਂ ਵੱਧ ਖ਼ਪਤਕਾਰਾਂ ਨੂੰ ਨਵੇਂ ਸਿਸਟਮ ਤਹਿਤ ਅਪਡੇਟ ਕੀਤਾ ਜਾ ਸਕੇ।

ਇਸ ਮੀਟਰ ਦੀ ਖ਼ਾਸੀਅਤ ਇਹ ਹੈ ਕਿ ਇਸ ਮੀਟਰ ਦਾ ਡਾਟਾ ਸੈਂਟਰ ਪਟਿਆਲਾ ਵਿਚ ਬਣਾਇਆ ਗਿਆ ਹੈ, ਜੋਕਿ ਮੀਟਰ ’ਤੇ ਚੱਲ ਰਹੇ ਲੋਡ ਬਾਰੇ ਅਤੇ ਹੋਰ ਜਾਣਕਾਰੀ ਆਨਲਾਈਨ ਦਿੰਦਾ ਰਹਿੰਦਾ ਹੈ। ਇਸ ਕਾਰਨ ਕੋਈ ਵੀ ਇਲਾਕਾ ਕਿਸੇ ਵੀ ਇਲਾਕੇ ਵਿਚ ਲੋਅ ਵੋਲਟੇਜ ਵਰਗੀ ਦਿੱਕਤ ਹੋਣ ’ਤੇ ਤੁਰੰਤ ਵਿਭਾਗ ਨੂੰ ਪਤਾ ਲੱਗ ਜਾਵੇਗਾ। ਇਸ ਸਿਸਟਮ ਜ਼ਰੀਏ ਖ਼ਪਤਕਾਰਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕੇਗੀ। ਇਸ ਸਮੇਂ ਘਰੇਲੂ ਬਿਜਲੀ ਖ਼ਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਮਿਲ ਰਹੀ ਹੈ ਪਰ ਜੇਕਰ 300 ਤੋਂ ਵੱਧ ਯੂਨਿਟ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਪੂਰਾ ਬਿੱਲ ਅਦਾ ਕਰਨਾ ਪੈਂਦਾ ਹੈ। ਖ਼ਪਤਕਾਰਾਂ ਨੂੰ ਦਿੱਕਤ ਰਹਿੰਦੀ ਹੈ ਕਿ ਖ਼ਪਤ ਦੀ ਜਾਣਕਾਰੀ ਅੱਪਡੇਟ ਨਾ ਹੋਣ ਕਾਰਨ 300 ਤੋਂ ਵੱਧ ਯੂਨਿਟਾਂ ਦੀ ਖ਼ਪਤ ਹੋ ਜਾਂਦੀ ਹੈ ਅਤੇ ਪੂਰਾ ਬਿੱਲ ਅਦਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੀ 15 ਸਾਲਾ ਕੁੜੀ ਨਾਲ ਗੈਂਗਰੇਪ, ਪੀੜਤਾ ਨੇ ਕਰ ਲਈ ਖ਼ੁਦਕੁਸ਼ੀ

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮਾਰਟ ਮੀਟਰ ਸਿਸਟਮ ਨਾਲ ਖ਼ਪਤਕਾਰ ਆਪਣੀ ਖਪਤ ਬਾਰੇ ਅੱਪਡੇਟ ਰਹਿਣਗੇ ਅਤੇ ਸਿਸਟਮ ਵਿਚ ਯੂਨਿਟ ਦੀ ਖਪਤ ਸੀਮਤ ਰਹੇਗੀ। ਸਮਾਰਟ ਮੀਟਰ ਲੱਗਣ ਤੋਂ ਬਾਅਦ ਖ਼ਪਤਕਾਰਾਂ ਨੂੰ ਆਪਣੀ ਖ਼ਪਤ, ਬਿਜਲੀ ਬਿੱਲ ਸਮੇਤ ਵੱਖ ਵੱਖ ਜਾਣਕਾਰੀਆਂ ਮੋਬਾਇਲ ’ਤੇ ਮਿਲ ਸਕਣਗੀਆਂ। ਦੂਜੇ ਪਾਸੇ ਪਾਵਰਕਾਮ ਨੂੰ ਬਿੱਲ ਬਣਾਉਣ ਵਾਲੇ ਝੰਜਟ ਤੋਂ ਨਿਜਾਤ ਮਿਲੇਗੀ।

ਬਿਜਲੀ ਚੋਰੀ ਦੇ ਮਾਮਲਿਆਂ ’ਚ ਤੁਰੰਤ ਲਾਏ ਜਾ ਰਹੇ ਸਮਾਰਟ ਮੀਟਰ
ਸਮਾਰਟ ਮੀਟਰ ਸਿਸਟਮ ਤਹਿਤ ਪਾਵਰਕਾਮ ਵੱਲੋਂ ਬਿਜਲੀ ਚੋਰੀ ਦੀ ਨਕੇਲ ਕੱਸਣ ਦੀ ਯੋਜਨਾ ਵੀ ਬਣਾਈ ਗਈ ਹੈ। ਉਕਤ ਮੀਟਰ ਲੱਗਣ ਤੋਂ ਬਾਅਦ ਜਲਦ ਬਿਜਲੀ ਚੋਰੀ ਫੜੀ ਜਾਵੇਗੀ। ਸਮਾਰਟ ਮੀਟਰ ਸਿਸਟਮ ਤਹਿਤ ਜਿੱਥੇ ਕਿਤੇ ਵੀ ਬਿਜਲੀ ਚੋਰੀ ਦਾ ਪਤਾ ਚੱਲ ਰਿਹਾ ਹੈ, ਉਸ ਇਲਾਕੇ ਵਿਚ ਤੁਰੰਤ ਪ੍ਰਭਾਵ ਨਾਲ ਸਮਾਰਟ ਮੀਟਰ ਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

PunjabKesari

ਮੀਟਰ ਨਾਲ ਛੇੜਛਾੜ ਹੁੰਦੇ ਹੀ ਪਟਿਆਲਾ ਡਾਟਾ ਸੈਂਟਰ ਨੂੰ ਲੱਗੇਗਾ ਪਤਾ
ਪਾਵਰਕਾਮ ਪਹਿਲਾਂ ਵੀ ਕਈ ਵਾਰ ਮੀਟਰ ਬਦਲ ਚੁੱਕਾ ਹੈ ਪਰ ਬਿਜਲੀ ਚੋਰਾਂ ਨੇ ਵਿਭਾਗ ਦੇ ਅਤਿ-ਆਧੁਨਿਕ ਮੀਟਰਾਂ ’ਤੇ ਰਿਮੋਟ ਵੀ ਲਾ ਦਿੱਤੇ ਸਨ ਅਤੇ ਜਦੋਂ ਚਾਹੁਣ ਮੀਟਰ ਬੰਦ ਕਰ ਦਿੰਦੇ ਸਨ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਮੀਟਰ ਨਾਲ ਛੇੜਛਾੜ ਕਰਕੇ ਰਿਮੋਟ ਡਿਵਾਈਸ ਨਾਲ ਜੋੜਿਆ ਗਿਆ ਸੀ। ਇਸ ਨਵੇਂ ਸਮਾਰਟ ਮੀਟਰ ਵਿਚ ਜੇਕਰ ਕੋਈ ਖ਼ਪਤਕਾਰ ਬਿਜਲੀ ਚੋਰੀ ਕਰਦਾ ਹੈ ਜਾਂ ਕਿਸੇ ਹੋਰ ਕੰਮ ਲਈ ਮੀਟਰ ਨਾਲ ਛੇੜਛਾੜ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪਟਿਆਲਾ ਸਥਿਤ ਡਾਟਾ ਸੈਂਟਰ ਵਿਚ ਵਿਖਾਈ ਦੇਣ ਲੱਗੇਗੀ।

ਇਹ ਵੀ ਪੜ੍ਹੋ : ਦੋਸਤਾਂ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਗਏ DSP ਦੀ ਨਹਿਰ ਕੋਲੋਂ ਮਿਲੀ ਲਾਸ਼, PAP 'ਚ ਸਨ ਤਾਇਨਾਤ

ਗਲਤ ਬਿੱਲ ਬਣਨ ਦੀਆਂ ਸੰਭਾਵਨਾਵਾਂ ਹੋਣਗੀਆਂ ਖ਼ਤਮ
ਇਨ੍ਹਾਂ ਨਵੇਂ ਮੀਟਰਾਂ ਦਾ ਡਾਟਾ ਵੀ ਸਬੰਧਤ ਬਿਜਲੀ ਮੀਟਰ ਵਿਚ ਮੌਜੂਦ ਹੋਵੇਗਾ, ਜਿਸ ਕਾਰਨ ਗਲਤ ਬਿੱਲ ਆਉਣ ਦੀ ਸੰਭਾਵਨਾ ਲਗਭਗ ਖ਼ਤਮ ਹੋ ਜਾਵੇਗੀ। ਜੇਕਰ ਬਿਜਲੀ ਦੇ ਬਿੱਲਾਂ ਦੀ ਰੀਡਿੰਗ ਲੈਣ ਵਾਲਾ ਕਰਮਚਾਰੀ ਗਲਤ ਬਿੱਲ ਤਿਆਰ ਕਰਦਾ ਹੈ ਤਾਂ ਸਬੰਧਤ ਸਬ-ਡਿਵੀਜ਼ਨ ਨੂੰ ਤੁਰੰਤ ਇਸ ਬਾਰੇ ਪਤਾ ਲੱਗ ਜਾਵੇਗਾ। ਇਸ ਸਬੰਧੀ ਬਿੱਲ ਬਣਾਉਣ ਵਿਚ ਸ਼ਾਮਲ ਪ੍ਰਾਈਵੇਟ ਕੰਪਨੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਸ਼ਹਿਰ ਦੀਆਂ ਚਾਰਾਂ ਡਵੀਜ਼ਨਾਂ ਨੂੰ ਕੀਤਾ ਜਾ ਰਿਹਾ ਅਪਡੇਟ : ਇੰਜੀ. ਸੋਂਧੀ
ਪਾਵਰਕਾਮ ਦੇ ਸੁਪਰਿੰਟੈਂਡੈਂਟ ਇੰਜੀਨੀਅਰ ਅਤੇ ਸਰਕਲ ਹੈੱਡ ਇੰਜਨੀਅਰ ਸੁਰਿੰਦਰ ਪਾਲ ਸੋਂਧੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਸ਼ਹਿਰ ਦੀਆਂ ਚਾਰਾਂ ਡਿਵੀਜ਼ਨਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਇਸ ਵਿਚ ਮਾਡਲ ਟਾਊਨ, ਕੈਂਟ, ਪੱਛਮੀ ਅਤੇ ਪੂਰਬੀ ਡਿਵੀਜ਼ਨ ਸ਼ਾਮਲ ਹਨ।

ਇਹ ਵੀ ਪੜ੍ਹੋ :  ‘ਜੀ ਆਇਆਂ ਨੂੰ-2024’: ਜਲੰਧਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਨਵੇਂ ਸਾਲ ਦਾ ਜਸ਼ਨ, ਵੇਖੋ ਤਸਵੀਰਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News