ਅਹਿਮ ਖ਼ਬਰ : ਗੈਂਗਸਟਰ ਗੋਲਡੀ ਬਰਾੜ ’ਤੇ 24 ਘੰਟੇ ਐੱਫ. ਬੀ. ਆਈ. ਦੀਆਂ ਨਜ਼ਰਾਂ
Sunday, Dec 04, 2022 - 02:19 AM (IST)
ਜਲੰਧਰ (ਧਵਨ)-ਕੈਲੀਫੋਰਨੀਆ ਪੁਲਸ ਵੱਲੋਂ ਹਿਰਾਸਤ ’ਚ ਲਏ ਗਏ ਗੈਂਗਸਟਰ ਗੋਲਡੀ ਬਰਾੜ ’ਤੇ ਅਮਰੀਕਾ ਦੀ ਏਜੰਸੀ ਐੱਫ. ਬੀ. ਆਈ. ਦੀਆਂ 24 ਘੰਟੇ ਨਜ਼ਰਾਂ ਟਿਕੀਆਂ ਹੋਈਆਂ ਹਨ। ਗੋਲਡੀ ਬਰਾੜ ਨੂੰ 20 ਨਵੰਬਰ ਦੇ ਨੇੜੇ-ਤੇੜੇ ਕੈਲੀਫੋਰਨੀਆ ਪੁਲਸ ਨੇ ਹਿਰਾਸਤ ਵਿਚ ਲਿਆ ਸੀ। ਗੋਲਡੀ ਬਰਾੜ ਨੂੰ ਜਦੋਂ ਵੀ ਭਾਰਤੀ ਏਜੰਸੀਆਂ ਦੇ ਹਵਾਲੇ ਕੀਤਾ ਜਾਵੇਗਾ ਤਾਂ ਇਹ ਕਾਰਵਾਈ ਐੱਫ. ਬੀ. ਆਈ. ਦੀ ਦੇਖ-ਰੇਖ ’ਚ ਕੀਤੀ ਜਾਵੇਗੀ। ਭਾਰਤੀ ਏਜੰਸੀਆਂ ਨੇ ਹੀ ਐੱਫ. ਬੀ. ਆਈ. ਨੂੰ ਗੋਲਡੀ ਬਰਾੜ ਦੀ ਮੂਵਮੈਂਟ ਬਾਰੇ ਜਾਣਕਾਰੀ ਦਿੱਤੀ ਸੀ। ਉਸ ਤੋਂ ਬਾਅਦ ਐੱਫ. ਬੀ. ਆਈ. ਨੇ ਤੁਰੰਤ ਹਰਕਤ ’ਚ ਆਉਂਦੇ ਹੋਏ ਗੋਲਡੀ ਬਰਾੜ ਨੂੰ ਸ਼ਿਕੰਜੇ ’ਚ ਲੈਣ ’ਚ ਸਹਿਯੋਗ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ CM ਖੱਟੜ, SYL ਨੂੰ ਲੈ ਕੇ ਦਿੱਤਾ ਅਹਿਮ ਬਿਆਨ
ਉਸ ਤੋਂ ਤੁਰੰਤ ਬਾਅਦ ਐੱਫ. ਬੀ. ਆਈ. 24 ਘੰਟੇ ਗੋਲਡੀ ਬਰਾੜ ’ਤੇ ਨਜ਼ਰ ਰੱਖ ਕੇ ਚੱਲ ਰਹੀ ਹੈ। ਪਤਾ ਲੱਗਾ ਹੈ ਕਿ ਭਾਰਤ ’ਚ ਗੋਲਡੀ ਬਰਾੜ ਖ਼ਿਲਾਫ਼ ਸਬੂਤ ਅਮਰੀਕੀ ਅਧਿਕਾਰੀਆਂ ਨੂੰ ਸੌਂਪ ਦਿੱਤੇ ਗਏ ਹਨ ਅਤੇ ਗੋਲਡੀ ਬਰਾੜ ਨੂੰ ਜਲਦ ਹੀ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ। ਉਹ ਲਗਾਤਾਰ ਐੱਫ. ਬੀ. ਆਈ. ਦੀ ਨਿਗਰਾਨੀ ’ਚ ਚੱਲ ਰਿਹਾ ਹੈ ਅਤੇ ਹੁਣ ਉਸ ਨੂੰ ਅਮਰੀਕਾ ਛੱਡ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕੈਲੀਫੋਰਨੀਆ ਪੁਲਸ ਨੇ ਗੋਲਡੀ ਬਰਾੜ ਨੂੰ ਲੈ ਕੇ ਭਾਰਤੀ ਏਜੰਸੀਆਂ ਨਾਲ ਤਾਲਮੇਲ ਸਥਾਪਿਤ ਕਰ ਲਿਆ ਹੈ।
ਗੋਲਡੀ ਬਰਾੜ ਨੂੰ ਹਿਰਾਸਤ ’ਚ ਲੈਣ ਤੋਂ ਬਾਅਦ ਪੰਜਾਬ ’ਚ ਸੁਰੱਖਿਆ ਵਿਵਸਥਾ ਕੀਤੀ ਗਈ ਹੋਰ ਸਖ਼ਤ
ਪੰਜਾਬ ਨਾਲ ਸਬੰਧ ਰੱਖਦੇ ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਪੁਲਸ ਵੱਲੋਂ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਪੰਜਾਬ ’ਚ ਡੀ. ਜੀ. ਪੀ. ਗੌਰਵ ਯਾਦਵ ਨੇ ਸੁਰੱਖਿਆ ਵਿਵਸਥਾ ਨੂੰ ਹੋਰ ਸਖ਼ਤ ਕਰਵਾ ਦਿੱਤਾ ਹੈ। ਡੀ. ਜੀ. ਪੀ. ਗੌਰਵ ਯਾਦਵ ਨੇ ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਭੇਜੇ ਨਿਰਦੇਸ਼ਾਂ ’ਚ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਹਾਈ ਅਲਰਟ ਰਹਿਣ।
ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਵਿਭਾਗ ਐਕਸ਼ਨ ’ਚ, ਸਿਆਸੀ ਸਰਗਰਮੀਆਂ ’ਚ ਸ਼ਾਮਲ ਹੋਣ ਵਾਲੇ ਅਧਿਆਪਕਾਂ ’ਤੇ ਹੋਵੇਗੀ ਕਾਰਵਾਈ
ਕ੍ਰਿਸਮਸ ਤੇ ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਵਿਵਸਥਾ ਕੀਤੀ ਜਾਵੇਗੀ ਹੋਰ ਮਜ਼ਬੂਤ
ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਕ੍ਰਿਸਮਸ ਤੇ ਨਵੇਂ ਸਾਲ ਤੋਂ ਪਹਿਲਾਂ ਸੂਬੇ ’ਚ ਹੋਣ ਵਾਲੇ ਸਮਾਗਮਾਂ ਦੇ ਮੱਦੇਨਜ਼ਰ ਸੂਬਾ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਸਮਾਂ ਰਹਿੰਦਿਆਂ ਚੌਕਸ ਰਹਿਣ ਦੇ ਹੁਕਮ ਜਾਰੀ ਕੀਤੇ ਹਨ। ਕ੍ਰਿਸਮਸ ਦੇ ਮੌਕੇ ’ਤੇ ਈਸਾਈ ਭਾਈਚਾਰੇ ਵੱਲੋਂ ਸ਼ੋਭਾ ਯਾਤਰਾ ਤੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ ਅਤੇ ਨਵੇਂ ਸਾਲ ਸਬੰਧੀ ਵੀ ਕਈ ਸਮਾਗਮਾਂ ਦਾ ਆਯੋਜਨ ਹੁੰਦਾ ਹੈ। ਇਸ ਦੇ ਮੱਦੇਨਜ਼ਰ ਕ੍ਰਿਸਮਸ ਤੋਂ ਇਕ ਹਫ਼ਤਾ ਪਹਿਲਾਂ ਹੀ ਸਮੂਹ ਥਾਣਾ ਮੁਖੀਆਂ ਤੇ ਪੁਲਸ ਕਮਿਸ਼ਨਰਾਂ ਨੂੰ ਚੌਕਸੀ ਵਜੋਂ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਭਾਰਤ-ਪਾਕਿ ਸਰਹੱਦ ਨੇੜੇ ਬਰਾਮਦ ਹੋਏ ਡਰੋਨਾਂ ਨੂੰ ਦੇਖਦੇ ਹੋਏ ਸੂਬੇ ’ਚ ਚੌਕਸੀ ਵਧਾਉਣੀ ਜ਼ਰੂਰੀ ਹੈ। ਡੀ. ਜੀ. ਪੀ. ਨੇ ਸਾਰੇ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨੂੰ ਅਗਲੇ ਇਕ ਮਹੀਨੇ ਦੌਰਾਨ ਆਪੋ-ਆਪਣੇ ਅਧਿਕਾਰ ਖੇਤਰਾਂ ਵਿਚ ਪੂਰੀ ਚੌਕਸੀ ਰੱਖਣ ਅਤੇ ਨਾਕਿਆਂ ’ਤੇ ਚੈਕਿੰਗ ਮੁਹਿੰਮ ਤੇਜ਼ ਕਰਨ ਲਈ ਕਿਹਾ ਹੈ।
ਇਹ ਖ਼ਬਰ ਵੀ ਪੜ੍ਹੋ : AGTF ਨੂੰ ਮਿਲੀ ਵੱਡੀ ਸਫ਼ਲਤਾ, ਭੂਪੀ ਰਾਣਾ ਗੈਂਗ ਦਾ ਮੁੱਖ ਸ਼ੂਟਰ ਬਰਵਾਲਾ ਤੋਂ ਗ੍ਰਿਫ਼ਤਾਰ
ਗੋਲਡੀ ਬਰਾੜ ਨੂੰ ਜਲਦ ਭਾਰਤ ਵਾਪਸ ਲਿਆਂਦਾ ਜਾਵੇਗਾ : ਅਨਮੋਲ ਗਗਨ ਮਾਨ
ਪੰਜਾਬ ਦੀ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਜਲਦ ਭਾਰਤ ਵਾਪਸ ਲਿਆਂਦਾ ਜਾਵੇਗਾ। ਅੱਜ ਉਹ ਚੰਡੀਗੜ੍ਹ ਲੇਕ ਕਲੱਬ ’ਚ ਚੱਲ ਰਹੇ ਫ਼ੌਜ ਦੇ ਇਕ ਪ੍ਰੋਗਰਾਮ ’ਚ ਹਿੱਸਾ ਲੈਣ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਵਾਨਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ। ਹੁਣ ਪੰਜਾਬ ਦੇ ਨੌਜਵਾਨਾਂ ’ਚ ਇਹ ਰੁਝਾਨ ਪੈਦਾ ਹੋ ਗਿਆ ਹੈ ਕਿ ਉਹ ਵਿਦੇਸ਼ਾਂ ਵੱਲ ਜਾ ਰਹੇ ਹਨ। ਨੌਜਵਾਨਾਂ ਨੂੰ ਫੌਜ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।
ਜਦੋਂ ਉਨ੍ਹਾਂ ਨੂੰ ਗੈਂਗਸਟਰ ਗੋਲਡੀ ਬਰਾੜ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਨੂੰ ਜਲਦ ਹੀ ਭਾਰਤ ਵਾਪਸ ਲਿਆਂਦਾ ਜਾਵੇਗਾ। ਸਿੱਧੂ ਮੂਸੇਵਾਲਾ ਕਤਲਕਾਂਡ ’ਚ ਗੋਲਡੀ ਬਰਾੜ ਮਾਸਟਰਮਾਈਂਡ ਸੀ। ਉਨ੍ਹਾਂ ਇਹ ਵੀ ਕਿਹਾ ਕਿ ਗੋਲਡੀ ਬਰਾੜ ਬਾਰੇ ਕੋਈ ਵੀ ਅਪਡੇਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਜਾਵੇਗੀ।