PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਦਾ ਅਸਰ: ਜਲੰਧਰ ''ਚ ਪ੍ਰਸ਼ਾਸਨਿਕ ਕੰਮਕਾਜ ਪ੍ਰਭਾਵਿਤ

Friday, Jul 17, 2026 - 12:39 PM (IST)

PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਦਾ ਅਸਰ: ਜਲੰਧਰ ''ਚ ਪ੍ਰਸ਼ਾਸਨਿਕ ਕੰਮਕਾਜ ਪ੍ਰਭਾਵਿਤ

ਜਲੰਧਰ (ਚੋਪੜਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਪ੍ਰਸਤਾਵਿਤ ਜਲੰਧਰ ਦੌਰੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰੀਆਂ ਵਿਚ ਜੁਟਿਆ ਹੋਇਆ ਹੈ। ਵੀ. ਆਈ. ਪੀ. ਪ੍ਰੋਗਰਾਮ ਦੇ ਪ੍ਰਬੰਧਾਂ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਦੇ ਬਹੁਤੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਡਿਊਟੀਆਂ ਵੱਖ-ਵੱਖ ਥਾਵਾਂ 'ਤੇ ਲਾਈਆਂ ਗਈਆਂ ਹਨ। ਇਸ ਦਾ ਸਿੱਧਾ ਅਸਰ ਵੀਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਜੁੜੇ ਦਫ਼ਤਰਾਂ ਦੇ ਨਿਯਮਿਤ ਕੰਮਕਾਜ ’ਤੇ ਵੇਖਣ ਨੂੰ ਮਿਲਿਆ। ਡਿਪਟੀ ਕਮਿਸ਼ਨਰ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਦੇ ਰੁੱਝੇ ਹੋਣ ਕਾਰਨ ਕਈ ਵਿਭਾਗਾਂ ਵਿਚ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ, ਜਿਸ ਕਾਰਨ ਆਮ ਲੋਕਾਂ ਨੂੰ ਆਪਣੇ ਕੰਮਾਂ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚੋਂ ਅਗਵਾ ਕਰਕੇ ਨੌਜਵਾਨ ਦਾ ਗੋਲ਼ੀਆਂ ਮਾਰ ਕੀਤਾ ਕਤਲ

ਸਭ ਤੋਂ ਵੱਧ ਪ੍ਰਭਾਵ ਸਬ-ਰਜਿਸਟਰਾਰ ਜਲੰਧਰ-1 ਦੇ ਦਫ਼ਤਰ ਵਿਚ ਵੇਖਣ ਨੂੰ ਮਿਲਿਆ। ਸਬ-ਰਜਿਸਟਰਾਰ-1 ਗੁਰਪ੍ਰੀਤ ਸਿੰਘ ਦੀ ਡਿਊਟੀ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਲਾਏ ਜਾਣ ਕਾਰਨ ਦਫ਼ਤਰ ਵਿਚ ਰਜਿਸਟਰੀਆਂ ਅਤੇ ਹੋਰ ਦਸਤਾਵੇਜ਼ਾਂ ਦੀ ਆਨਲਾਈਨ ਪ੍ਰਵਾਨਗੀ (ਅਪਰੂਵਲ) ਦਾ ਕੰਮ ਦੁਪਹਿਰ ਇਕ ਵਜੇ ਦੇ ਬਾਅਦ ਹੀ ਸ਼ੁਰੂ ਹੋ ਸਕਿਆ। ਇਸ ਕਾਰਨ ਸਵੇਰ ਤੋਂ ਦਫ਼ਤਰ ਪਹੁੰਚੇ ਲੋਕਾਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ।

PunjabKesari

ਜਾਣਕਾਰੀ ਅਨੁਸਾਰ 16 ਜੁਲਾਈ ਨੂੰ ਈਜ਼ੀ ਰਜਿਸਟ੍ਰੇਸ਼ਨ ਪ੍ਰਣਾਲੀ ਤਹਿਤ 97 ਬਿਨੈਕਾਰਾਂ ਨੇ ਆਨਲਾਈਨ ਐਪੁਆਇੰਟਮੈਂਟ ਲਈ ਹੋਈ ਸੀ। ਹਾਲਾਂਕਿ ਵਿਭਾਗੀ ਕਰਮਚਾਰੀਆਂ ਨੇ ਦੁਪਹਿਰ ਤੋਂ ਬਾਅਦ ਤੇਜ਼ੀ ਨਾਲ ਕੰਮ ਕਰਦਿਆਂ ਸ਼ਾਮ ਤੱਕ 78 ਦਸਤਾਵੇਜ਼ਾਂ ਨੂੰ ਆਨਲਾਈਨ ਪ੍ਰਵਾਨਗੀ ਦੇ ਦਿੱਤੀ, ਜਦਕਿ ਕਿਸੇ ਕਾਰਨ ਬਿਨੈਕਾਰਾਂ ਦੇ ਨਾ ਆਉਣ ’ਤੇ ਬਾਕੀ ਰਹਿੰਦੇ ਮਾਮਲਿਆਂ ਨੂੰ ਅਗਲੇ ਕੰਮਕਾਜੀ ਦਿਨ ਲਈ ਪੈਂਡਿੰਗ ਰੱਖਣਾ ਪਿਆ।

ਇਹ ਵੀ ਪੜ੍ਹੋ: ਪਿੰਡ ਬਡਾਲਾ 'ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ ਵੀਡੀਓ ਵਾਇਰਲ

ਪ੍ਰਧਾਨ ਮੰਤਰੀ ਮੋਦੀ 17 ਜੁਲਾਈ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣਗੇ। ਇਸੇ ਕਾਰਨ ਸਬ-ਰਜਿਸਟਰਾਰ-1 ਗੁਰਪ੍ਰੀਤ ਸਿੰਘ ਦੇ ਵੀ. ਆਈ. ਪੀ. ਡਿਊਟੀ ਵਿਚ ਰੁੱਝੇ ਹੋਣ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਨੂੰ ਤਰਜੀਹ ਦਿੰਦੇ ਹੋਏ ਸਬ-ਰਜਿਸਟਰਾਰ ਜਲੰਧਰ-1 ਦਫ਼ਤਰ ਦਾ ਕੰਮਕਾਜ ਸ਼ੁੱਕਰਵਾਰ ਨੂੰ ਪੂਰਾ ਦਿਨ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਸਬ-ਰਜਿਸਟਰਾਰ ਜਲੰਧਰ-1 ਦਫ਼ਤਰ ਬੰਦ ਰਹਿਣ ਕਾਰਨ 17 ਜੁਲਾਈ ਨੂੰ ਪ੍ਰਾਪਰਟੀ ਦੀ ਰਜਿਸਟਰੀ, ਵਸੀਅਤ, ਪਾਵਰ ਆਫ਼ ਅਟਾਰਨੀ, ਤਬਦੀਲ ਮਲਕੀਅਤ ਅਤੇ ਹੋਰ ਦਸਤਾਵੇਜ਼ਾਂ ਦੀ ਆਨਲਾਈਨ ਪ੍ਰਵਾਨਗੀ ਨਹੀਂ ਹੋ ਸਕੇਗੀ। ਕਿਉਂਕਿ ਇਸ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਦੀ ਸਰਕਾਰੀ ਛੁੱਟੀ ਰਹੇਗੀ, ਇਸ ਲਈ ਇਨ੍ਹਾਂ ਕੰਮਾਂ ਲਈ ਲੋਕਾਂ ਨੂੰ ਹੁਣ ਸਿੱਧਾ ਸੋਮਵਾਰ ਤੱਕ ਇੰਤਜ਼ਾਰ ਕਰਨਾ ਪਵੇਗਾ। ਇਸ ਨਾਲ ਖਾਸ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ, ਜਿਨ੍ਹਾਂ ਨੇ ਪਹਿਲਾਂ ਤੋਂ ਪ੍ਰਾਪਰਟੀ ਦੇ ਲੈਣ-ਦੇਣ ਜਾਂ ਹੋਰ ਕਾਨੂੰਨੀ ਦਸਤਾਵੇਜ਼ਾਂ ਨਾਲ ਜੁੜੇ ਕੰਮ ਤੈਅ ਕਰ ਰੱਖੇ ਸਨ।

ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੇ ਦੌਰੇ ਵਰਗੇ ਮਹੱਤਵਪੂਰਨ ਰਾਸ਼ਟਰੀ ਪ੍ਰੋਗਰਾਮ ਦੌਰਾਨ ਸੁਰੱਖਿਆ ਅਤੇ ਪ੍ਰਬੰਧਾਂ ਨੂੰ ਸਰਵਉੱਚ ਤਰਜੀਹ ਦੇਣੀ ਲਾਜ਼ਮੀ ਹੁੰਦੀ ਹੈ। ਇਸੇ ਕਾਰਨ ਕਈ ਅਧਿਕਾਰੀਆਂ ਨੂੰ ਫੀਲਡ ਡਿਊਟੀ ’ਤੇ ਲਾਇਆ ਗਿਆ ਹੈ, ਜਿਸ ਦਾ ਆਰਜ਼ੀ ਪ੍ਰਭਾਵ ਦਫ਼ਤਰਾਂ ਦੇ ਨਿਯਮਿਤ ਕੰਮਕਾਜ ’ਤੇ ਪਿਆ ਹੈ।

PunjabKesari

ਇਹ ਵੀ ਪੜ੍ਹੋ: ਕਪੂਰਥਲਾ ਵਿਖੇ ਮਾਮੂਲੀ ਗੱਲ ਪਿੱਛੇ ਮਾਰ 'ਤਾ ਬੰਦਾ, ਵਜ੍ਹਾ ਕਰੇਗੀ ਹੈਰਾਨ

ਵੀ. ਆਈ. ਪੀ. ਡਿਊਟੀ ਕਾਰਨ ਪਹਿਲਾਂ ਹੀ ਜਾਰੀ ਕਰ ਦਿੱਤੀ ਸੀ ਸੂਚਨਾ : ਸਬ-ਰਜਿਸਟਰਾਰ ਗੁਰਪ੍ਰੀਤ ਸਿੰਘ
ਸਬ-ਰਜਿਸਟਰਾਰ ਜਲੰਧਰ-1 ਗੁਰਪ੍ਰੀਤ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਉਨ੍ਹਾਂ ਦੀ ਵੀ. ਆਈ. ਪੀ. ਡਿਊਟੀ ਹੋਣ ਕਾਰਨ ਉਹ ਵੀਰਵਾਰ ਨੂੰ ਅੱਧੇ ਦਿਨ ਤੱਕ ਦਫ਼ਤਰ ਵਿਚ ਹਾਜ਼ਰ ਨਹੀਂ ਰਹਿ ਸਕੇ, ਜਿਸ ਕਾਰਨ ਵਿਭਾਗੀ ਕੰਮ ਸਿਰਫ਼ ਸੀਮਤ ਸਮੇਂ ਲਈ ਹੀ ਹੋ ਸਕਿਆ। ਉਨ੍ਹਾਂ ਦੱਸਿਆ ਕਿ 17 ਜੁਲਾਈ ਨੂੰ ਵੀ ਦਫ਼ਤਰ ਦਾ ਕੰਮਕਾਜ ਪੂਰੀ ਤਰ੍ਹਾਂ ਬੰਦ ਰਹੇਗਾ। ਲੋਕਾਂ ਨੂੰ ਬੇਲੋੜੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਵਿਭਾਗ ਵੱਲੋਂ ਪਹਿਲਾਂ ਹੀ ਸਾਰੇ ਅਰਜ਼ੀਨਵੀਸਾਂ, ਵਕੀਲਾਂ ਅਤੇ ਆਮ ਨਾਗਰਿਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਕਿ ਸ਼ੁੱਕਰਵਾਰ ਲਈ ਆਨਲਾਈਨ ਅੈਪੁਆਇੰਟਮੈਂਟ ਬੁੱਕ ਨਾ ਕਰਨ। ਵਿਭਾਗ ਨੇ ਸਮੇਂ ਸਿਰ ਸੂਚਨਾ ਜਾਰੀ ਕਰ ਕੇ ਲੋਕਾਂ ਨੂੰ ਬਦਲਵੀਂ ਤਰੀਕ ਚੁਣਨ ਦੀ ਸਲਾਹ ਵੀ ਦਿੱਤੀ ਸੀ ਤਾਂ ਜੋ ਕਿਸੇ ਨੂੰ ਬਿਨਾਂ ਵਜ੍ਹਾ ਦਫ਼ਤਰ ਆ ਕੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਭੀੜ ਦੀ ਸਥਿਤੀ ਪੈਦਾ ਨਾ ਹੋਵੇ।

ਇਹ ਵੀ ਪੜ੍ਹੋ: ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ Good News! ਜਲੰਧਰ-ਕੱਟੜਾ ਵੋਲਵੋ ਬੱਸ ਸੇਵਾ ਸ਼ੁਰੂ

ਸਬ-ਰਜਿਸਟਰਾਰ ਜਲੰਧਰ-2 ਦਫ਼ਤਰ ਵਿਚ ਆਮ ਵਾਂਗ ਚੱਲਦਾ ਰਿਹਾ ਕੰਮ
ਜਿੱਥੇ ਇਕ ਪਾਸੇ ਸਬ-ਰਜਿਸਟਰਾਰ ਜਲੰਧਰ-1 ਦਫ਼ਤਰ ਵੀ. ਆਈ. ਪੀ. ਡਿਊਟੀ ਕਾਰਨ ਪ੍ਰਭਾਵਿਤ ਰਿਹਾ, ਉੱਥੇ ਹੀ ਉਸ ਦੇ ਨਾਲ ਹੀ ਸਥਿਤ ਸਬ-ਰਜਿਸਟਰਾਰ ਜਲੰਧਰ-2 ਦਫ਼ਤਰ ਵਿਚ ਪੂਰਾ ਦਿਨ ਨਿਯਮਿਤ ਕੰਮ ਹੁੰਦਾ ਰਿਹਾ। ਜੁਆਇੰਟ ਸਬ-ਰਜਿਸਟਰਾਰ-2 ਰਵਨੀਤ ਕੌਰ ਅਤੇ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵਿਚ ਰਜਿਸਟਰੀਆਂ, ਪ੍ਰਾਪਰਟੀ ਸਬੰਧੀ ਦਸਤਾਵੇਜ਼ਾਂ ਅਤੇ ਹੋਰ ਜ਼ਰੂਰੀ ਮਾਮਲਿਆਂ ਦੀ ਆਨਲਾਈਨ ਪ੍ਰਵਾਨਗੀ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੀ। ਅੱਜ 93 ਲੋਕਾਂ ਨੇ ਆਨਲਾਈਨ ਅੈਪੁਆਇੰਟਮੈਂਟ ਲਈ ਹੋਈ ਸੀ, ਜਿਨ੍ਹਾਂ ਵਿਚੋਂ 86 ਬਿਨੈਕਾਰਾਂ ਦੇ ਦਸਤਾਵੇਜ਼ਾਂ ਨੂੰ ਪ੍ਰਵਾਨਗੀ ਦੇਣ ਦਾ ਕੰਮ ਨਿਪਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਦੇ ਕੰਮਕਾਜ ’ਤੇ ਪ੍ਰਧਾਨ ਮੰਤਰੀ ਦੇ ਦੌਰੇ ਦੇ ਪ੍ਰਬੰਧਾਂ ਦਾ ਕੋਈ ਪ੍ਰਭਾਵ ਨਹੀਂ ਪਿਆ ਅਤੇ ਸਾਰੀਆਂ ਆਨਲਾਈਨ ਐਪੁਆਇੰਟਮੈਂਟਾਂ ਨੂੰ ਤੈਅ ਸਮੇਂ ਅਨੁਸਾਰ ਆਨਲਾਈਨ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਮਾਮਲਿਆਂ ਦਾ ਅਧਿਕਾਰ ਖੇਤਰ ਸਬ-ਰਜਿਸਟਰਾਰ-2 ਦਫ਼ਤਰ ਅਧੀਨ ਆਉਂਦਾ ਹੈ, ਉਹ 17 ਜੁਲਾਈ ਨੂੰ ਵੀ ਤੈਅ ਸਮੇਂ ’ਤੇ ਪਹੁੰਚ ਕੇ ਆਪਣੇ ਕੰਮ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ: ਫ਼ਿਲਮ 'ਸਤਲੁਜ' ਵਿਵਾਦ 'ਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਵੱਡਾ ਬਿਆਨ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News