ਘਰ ਵਾਪਸੀ ਨੂੰ ਬੇਤਾਬ ਪ੍ਰਵਾਸੀ, 3 ਦਿਨ ''ਚ 6.44 ਲੱਖ ਨੇ ਕਰਵਾਈ ਰਜਿਸਟ੍ਰੇਸ਼ਨ

05/04/2020 1:12:33 AM

ਚੰਡੀਗੜ੍ਹ (ਰਮਨਜੀਤ ਸਿੰਘ)- ਪੰਜਾਬ ਸਰਕਾਰ ਵਲੋਂ ਸੂਬੇ ਵਿਚ ਫਸੇ ਹੋਰ ਸੂਬਿਆਂ ਦੇ ਮਜ਼ਦੂਰਾਂ ਨੂੰ ਸੂਬੇ ਤੋਂ ਬਾਹਰ ਭੇਜਣ ਲਈ ਸ਼ੁਰੂ ਕੀਤੇ ਗਏ ਪੋਰਟਲ 'ਤੇ 3 ਦਿਨ ਵਿਚ ਹੀ ਤਕਰੀਬਨ 6.44 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰ ਦਿੱਤੀ ਹੈ। ਸਰਕਾਰ ਦੇ ਤੈਅ ਪ੍ਰੋਗਰਾਮ ਮੁਤਾਬਕ ਇਨ੍ਹਾਂ ਦੀ ਵਾਪਸੀ 5 ਮਈ ਤੋਂ ਸ਼ੁਰੂ ਕੀਤੀ ਜਾਵੇਗੀ। ਪੰਜਾਬ ਤੋਂ ਬਾਹਰ ਆਪਣੇ ਘਰ ਜਾਣ ਦੇ ਇਛੁਕ ਪ੍ਰਵਾਸੀਆਂ ਵਿਚੋਂ ਸਭ ਤੋਂ ਜ਼ਿਆਦਾ 3,43,081 ਲੋਕ ਉੱਤਰ ਪ੍ਰਦੇਸ਼ ਦੇ ਹਨ ਜਦੋਂ ਕਿ ਬਿਹਾਰ ਦੇ 2,35,273 ਲੋਕਾਂ ਨੇ ਵੀ ਘਰ ਵਾਪਸੀ ਦੀ ਇੱਛਾ ਜਤਾਈ ਹੈ। ਪੰਜਾਬ ਸਰਕਾਰ ਦੇ ਕੋਵਿਡ ਕੰਟਰੋਲ ਰੂਮ ਨੇ 30 ਅਪ੍ਰੈਲ ਸ਼ਾਮ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਪੋਰਟਲ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਦੇ ਬਾਰੇ ਵਿਚ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਸ ਨੂੰ ਚਿੱਠੀ ਭੇਜ ਕੇ ਇਸ ਦੀ ਸੂਚਨਾ ਦਿੱਤੀ ਗਈ ਸੀ।

ਰਜਿਸਟ੍ਰੇਸ਼ਨ ਦਾ ਕੰਮ 1 ਮਈ ਨੂੰ ਸ਼ੁਰੂ ਹੋਇਆ ਅਤੇ ਪਹਿਲਾਂ 2 ਦਿਨ ਵਿਚ ਇਸ 'ਤੇ 2.71 ਲੱਖ ਲੋਕ ਰਜਿਸਟਰਡ ਹੋ ਗਏ ਸਨ। ਐਤਵਾਰ ਨੂੰ ਇਕ ਦਿਨ ਵਿਚ ਹੀ ਇਸ ਵਿਚ 3.73ਲੱਖ ਲੋਕ ਜੁੜ ਗਏ ਅਤੇ ਐਤਵਾਰ ਦੇਰ ਸ਼ਾਮ ਪੰਜਾਬ ਤੋਂ ਬਾਹਰ ਜਾਣ ਦੇ ਇੱਛੁਕ ਪ੍ਰਵਾਸੀਆਂ ਦਾ ਅੰਕੜਾ 6.44 ਲੱਖ ਪਹੁੰਚ ਗਿਆ। ਪੰਜਾਬ ਵਲੋਂ ਕੀਤੀ ਜਾ ਰਹੀ ਇਸ ਰਜਿਸਟ੍ਰੇਸ਼ਨ ਨੂੰ ਇਕੱਠੇ ਪੂਰੇ ਵਿਸਥਾਰਤ ਤਰੀਕੇ ਨਾਲ ਸਬੰਧਿਤ ਸੂਬਿਆਂ ਨੂੰ ਸਾਂਝਾ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੇ ਕਦਮਾਂ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਆਪਣੇ ਗ੍ਰਹਿ ਸੂਬਿਆਂ ਨੂੰ ਪਰਤਣ ਦੇ ਚਾਹਵਾਨ ਮਜ਼ਦੂਰਾਂ ਲਈ ਛੇਤੀ ਤੋਂ ਛੇਤੀ ਪ੍ਰਬੰਧ ਹੋ ਸਕਣਗੇ ਇਸ ਦੇ ਲਈ ਕੇਂਦਰ ਸਰਕਾਰ ਵਲੋਂ ਤੈਅ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਤੇ ਹੈਲਥ ਪ੍ਰੋਟੋਕਾਲ ਨੂੰ ਵੀ ਫਾਲੋ ਕੀਤਾ ਜਾ ਰਿਹਾ ਹੈ। ਰਜਿਸਟਰਡ ਹੋਏ ਇਨ੍ਹਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਅਤੇ ਕੇਂਦਰ ਸਰਕਾਰ ਵਲੋਂ ਪ੍ਰੇਮ ਜਾਂ ਬੱਸਾਂ ਰਾਹੀਂ ਪੰਜਾਬ ਤੋਂ ਲੈ ਜਾਣ ਦਾ ਇੰਤਜ਼ਾਮ ਕੀਤਾ ਜਾਵੇਗਾ।

ਡੀ.ਸੀ. ਕਰਵਾਉਣਗੇ ਮੈਡੀਕਲ ਸਕ੍ਰੀਨਿੰਗ
ਇਸ ਪੋਰਟਲ 'ਤੇ ਰਜਿਸਟਰਡ ਹੋਣ ਵਾਲੇ ਪ੍ਰਵਾਸੀਆਂ ਨੂੰ ਇਕ ਆਈ.ਡੀ. ਜਾਰੀ ਕੀਤਾ ਗਿਆ ਹੈ ਅਤੇ ਇਹ ਆਈ.ਡੀ. ਹੀ ਘਰ ਵਾਪਸੀ ਵਿਚ ਉਸ ਦੀ ਪਛਾਣ ਹੋਵੇਗੀ। ਪੰਜਾਬ ਦੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਸ ਦੀ ਡਿਊਟੀ ਇਨ੍ਹਾਂ ਪ੍ਰਵਾਸੀਆਂ ਦੀ ਸਕ੍ਰੀਨਿੰਗ ਵਿਚ ਲਗਾਈ ਗਈ ਹੈ। ਸਕ੍ਰੀਨਿੰਗ ਤੋਂ ਬਾਅਦ ਇਨ੍ਹਾਂ ਦੀ ਵਾਪਸੀ ਯਕੀਨੀ ਕੀਤੀ ਜਾਵੇਗੀ। ਇਹ ਸਾਰਾ ਕੰਮ ਪੰਜਾਬ ਸਰਕਾਰ ਦੇ ਰੋਜ਼ਗਾਰ ਦੇ ਮੌਕੇ ਅਤੇ ਟ੍ਰੇਨਿੰਗ ਵਿਭਾਗ ਦੇ ਨਾਲ ਤਾਲਮੇਲ ਰਾਹੀਂ ਕੀਤਾ ਜਾ ਰਿਹਾ ਹੈ ਅਤੇ ਜ਼ਮੀਨ ਪੱਧਰ 'ਤੇ ਡਿਪਟੀ ਕਮਿਸ਼ਨਰ ਸਿਹਤ ਵਿਭਾਗ ਅਤੇ ਰੋਜ਼ਗਾਰ ਵਿਭਾਗ ਦੇ ਨਾਲ ਮਿਲ ਕੇ ਇਸ ਕੰਮ ਨੂੰ ਅੰਜਾਮ ਦੇਣ ਵਿਚ ਜੁੱਟੇ ਹਨ।

ਯੂ.ਪੀ. ਅਤੇ ਬਿਹਾਰ ਦੇ 5 ਲੱਖ 78 ਹਜ਼ਾਰ ਪ੍ਰਵਾਸੀਆਂ ਦਾ ਰਜਿਸਟ੍ਰੇਸ਼ਨ
ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਤੋਂ ਅੰਡੇਮਾਨ ਨਿਕੋਬਾਰ ਟਾਪੂ ਸਮੂਹ ਜਾਣ ਲਈ 10 ਲੋਕਾਂ ਵਲੋਂ, ਆਂਧਰਾ ਪ੍ਰਦੇਸ਼ ਜਾਣ ਲਈ 886, ਅਰੁਣਾਚਲ ਪ੍ਰਦੇਸ਼ ਜਾਣ ਲਈ 271, ਆਸਾਮ ਜਾਣ ਲਈ 592, ਬਿਹਾਰ ਜਾਣ ਲਈ 2,35,273, ਚੰਡੀਗੜ੍ਹ ਜਾਣ ਲਈ 789, ਛੱਤੀਗੜ੍ਹ ਜਾਣ ਲਈ 2040, ਦਾਦਰਾ ਅਤੇ ਨਗਰ ਹਵੇਲੀ ਜਾਣ ਲਈ 10, ਦਮਨ ਐਂਡ ਦਿਊ ਜਾਣ ਲਈ 2, ਦਿੱਲੀ ਜਾਣ ਲਈ 1963, ਗੋਆ ਜਾਣ ਲਈ 6, ਗੁਜਰਾਤ ਜਾਣ ਲਈ 627, ਹਰਿਆਣਾ ਲਈ 2450, ਹਿਮਾਚਲ ਪ੍ਰਦੇਸ਼ ਲਈ 4682, ਜੰਮੂ-ਕਸ਼ਮੀਰ ਲਈ 5810, ਝਾਰਖੰਡ ਲਈ 10,692, ਕਰਨਾਟਕ ਲਈ 145, ਕੇਰਲਾ ਲਈ 684, ਲੱਦਾਖ ਲਈ 341, ਮੱਧ ਪ੍ਰਦੇਸ਼ ਲਈ 9914, ਮਹਾਰਾਸ਼ਟਰ ਲਈ 1596, ਮਣੀਪੁਰ ਲਈ 475, ਮੇਘਾਲਿਆ ਲਈ 50, ਮਿਜ਼ੋਰਮ ਲਈ 112, ਨਾਗਾਲੈਂਡ ਲਈ 72, ਓਡਿਸ਼ਾ ਲਈ 600, ਪੁੱਡੂਚੇਰੀ ਲਈ 14, ਰਾਜਸਥਾਨ ਲਈ 3794, ਸਿੱਕਿਮ ਲਈ 52, ਤਮਿਲਨਾਡੂ ਲਈ 256, ਤੇਲੰਗਾਨਾ ਲਈ 421, ਤ੍ਰਿਪੁਰਾ ਲਈ 156, ਉੱਤਰ ਪ੍ਰਦੇਸ਼ ਲਈ 3,43,081, ਉੱਤਰਾਖੰਡ ਲਈ 6157 ਅਤੇ ਵੈਸਟ ਬੰਗਾਲ ਲਈ 10,355 ਮਜ਼ਦੂਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
 


Sunny Mehra

Content Editor

Related News