ਧਾਰਮਿਕ ਜਗ੍ਹਾ ''ਤੇ ਬਣਾਏ ਨਾਜਾਇਜ਼ ਸ਼ੋਅਰੂਮਜ਼ ਕੀਤੇ ਮਲੀਆਮੇਟ

01/18/2018 7:51:31 AM

ਪਟਿਆਲਾ  (ਜੋਸਨ, ਬਲਜਿੰਦਰ, ਲਖਵਿੰਦਰ) - ਨਗਰ ਨਿਗਮ ਨੇ ਅੱਜ ਆਪਣੀ ਕੁੰਭਕਰਨੀ ਨੀਂਦ ਤੋਂ ਜਾਗਦਿਆਂ ਭਾਰੀ ਪੁਲਸ ਫੋਰਸ ਨਾਲ ਅੱਜ ਇਥੇ ਸ਼ਿਵਾਲਿਆ ਗੁਜਰਾਤੀਆ ਮੰਦਰ ਦੀ ਜਗ੍ਹਾ 'ਤੇ ਕੁਝ ਸਮਾਂ ਪਹਿਲਾਂ ਉਸਾਰੇ ਗਏ 2 ਨਾਜਾਇਜ ਸ਼ੋਅਰੂਮਜ਼ ਨੂੰ ਮਲੀਆਮੇਟ ਕਰ ਦਿੱਤਾ ਹੈ। ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਹੁਕਮਾਂ 'ਤੇ ਅੱਜ ਇਹ ਕਾਰਵਾਈ ਐੱਸ. ਟੀ. ਪੀ. ਤਰਲੋਕ ਸਿੰਘ, ਏ. ਟੀ. ਪੀ. ਨਰੇਸ਼ ਕੁਮਾਰ ਅਤੇ ਸਮੂਹ ਬਿਲਡਿੰਗ ਇੰਸਪੈਕਟਰ ਤਰੁਣ ਕੁਮਾਰ, ਦੀਪਕ ਕੁਮਾਰ, ਰਮਨ ਕੁਮਾਰ, ਮਨਪ੍ਰੀਤ ਸਿੰਘ ਅਤੇ ਸੁਖਮਨਪ੍ਰੀਤ ਨੇ ਅਮਲ ਵਿਚ ਲਿਆਂਦੀ।
ਨਿਗਮ ਟੀਮ ਨੇ ਜੇ. ਸੀ. ਬੀ. ਮਸ਼ੀਨਾ ਲਾ ਕੇ ਬਾਅਦ ਦੁਪਹਿਰ ਕੰਮ ਸ਼ੁਰੂ ਕੀਤਾ, ਜੋ ਕਿ ਕਈ ਘੰਟਿਆਂ ਤੱਕ ਚੱਲਿਆ। ਇਨ੍ਹਾਂ ਉਸਾਰੀਆਂ ਦੀ ਢਾਹ-ਢੁਹਾਈ ਇਸ ਤਰੀਕੇ ਨਾਲ ਕੀਤੀ ਗਈ ਹੈ ਕਿ ਸ਼ੋਅਰੂਮਜ਼ ਨੂੰ ਪੂਰੀ ਤਰ੍ਹਾਂ ਮਲੀਆਮੇਟ ਕਰ ਦਿੱਤਾ।
ਸਿਆਸੀ ਤਾਕਤ ਨਾਲ ਦੁਬਾਰਾ ਖੜ੍ਹੇ ਕਰ ਲਏ ਸਨ ਸ਼ੋਅਰੂਮਜ਼  
ਨਿਗਮ ਦੀ ਟੀਮ ਨੇ ਪਹਿਲਾਂ ਵੀ ਸਤੰਬਰ ਮਹੀਨੇ ਵਿਚ ਇਨ੍ਹਾਂ ਸ਼ੋਅਰੂਮਜ਼ 'ਤੇ ਕਾਰਵਾਈ ਕੀਤੀ ਸੀ ਪਰ ਨਾਜਾਇਜ਼ ਉਸਾਰੀਕਰਤਾ ਨੇ ਫਿਰ ਆਪਣੀ ਸਿਆਸੀ ਤਾਕਤ ਨਾਲ ਇਹ ਸ਼ੋਅਰੂਮਜ਼ ਖੜ੍ਹੇ ਕਰ ਲਏ। ਇਨ੍ਹਾਂ ਸ਼ੋਅਰੂਮਜ਼ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਪਟਿਆਲਾ, ਵਿਜੀਲੈਂਸ ਸਮੇਤ ਲੋਕਲ ਬਾਡੀ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਪਹੁੰਚ ਚੁੱਕੀ ਸੀ। ਡਿਪਟੀ ਕਮਿਸਨਰ ਨੇ ਮੁੜ ਇਨ੍ਹਾਂ ਸ਼ੋਅਰੂਮਾਂ ਨੂੰ ਢਾਹੁਣ ਦੇ ਨਿਰਦੇਸ਼ ਦਿੱਤੇ ਸਨ।
ਧਾਰਮਿਕ ਡੇਰੇ ਦੀ ਜਗ੍ਹਾ 'ਤੇ ਨਹੀਂ ਹੋ ਸਕਦਾ ਨਕਸ਼ਾ ਪਾਸ
ਇਹ ਜਗ੍ਹਾ ਧਾਰਮਿਕ ਡੇਰੇ ਸ਼ਿਵਾਲਿਆ ਗੁਜਰਾਤੀਆ ਦੀ ਹੈ। ਇਸ ਥਾਂ ਨੂੰ ਵੇਚਿਆ ਹੀ ਨਹੀਂ ਜਾ ਸਕਦਾ ਤੇ ਨਾ ਹੀ ਇਸ ਥਾਂ 'ਤੇ
ਕੋਈ ਨਕਸ਼ਾ ਪਾਸ ਹੋ ਸਕਦਾ ਹੈ ਪਰ ਸਿਆਸੀ ਪਹੁੰਚ ਵਾਲੇ ਲੋਕ ਮੰਦਰ ਦੀ ਜਗ੍ਹਾ ਨੂੰ ਵੀ ਵੇਚ ਗਏ ਤੇ ਇਸ 'ਤੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਸ਼ੋਅਰੂਮਜ਼ ਵੀ ਬਣ ਗਏ, ਜਿਸ ਕਾਰਨ ਲੋਕਾਂ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਸੀ।
ਲਾਹੋਰੀ ਗੇਟ ਵਿਖੇ ਕੀਤੀਆਂ ਦੋ ਦੁਕਾਨਾਂ ਸੀਲ
ਨਿਗਮ ਦੀ ਟੀਮ ਨੇ ਲਾਹੋਰੀ ਗੇਟ ਪਟਿਆਲਾ ਵਿਖੇ ਰਿਹਾਇਸ਼ੀ ਖੇਤਰ ਵਿਚ ਕਮਰਸ਼ੀਅਲ ਵਰਤੋਂ ਲਈ ਬਣਾਈਆਂ 2 ਦੁਕਾਨਾਂ ਨੂੰ ਵੀ ਸੀਲ ਕਰ ਦਿੱਤਾ। ਨਿਗਮ ਇੰਸਪੈਕਟਰ ਤਰੁਣ ਕੁਮਾਰ ਨੇ ਦੱਸਿਆ ਕਿ ਇਹ ਰਿਹਾਹਿਸ਼ੀ ਘਰ ਹਨ ਤੇ ਲੋਕਾਂ ਨੇ ਇਨ੍ਹਾਂ ਨੂੰ ਕਮਰਸ਼ੀਅਲ ਵਰਤੋਂ ਲਈ ਤਿਆਰ ਕਰ ਲਿਆ ਸੀ, ਜਿਸ ਕਾਰਨ ਇਨ੍ਹਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।


Related News