ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਵਾਲਾ ਪਟਵਾਰੀ ਗ੍ਰਿਫਤਾਰ
Sunday, Aug 23, 2020 - 01:11 AM (IST)
 
            
            ਪਠਾਨਕੋਟ/ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਪਠਾਨਕੋਟ ਦੇ ਸੁਜਾਨਪੁਰ (ਹੁਣ ਰਾਏਪੁਰ) ਵਿਖੇ ਤਾਇਨਾਤ ਇੱਕ ਮਾਲ ਪਟਵਾਰੀ ਹਰੀਸ਼ ਕੁਮਾਰ ਨੂੰ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਵਿੱਤ ਤੋਂ ਵੱਧ ਨਜਾਇਜ਼ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਪਟਵਾਰੀ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਹਰੀਸ਼ ਕੁਮਾਰ ਨੇ ਆਪਣੀ ਅਸਲ ਆਮਦਨੀ ਦੇ ਪ੍ਰਤੱਖ ਸਰੋਤਾਂ ਨਾਲੋਂ ਵੱਧ ਅਤੇ ਗੈਰ ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕਰਕੇ ਆਪਣੀ ਆਮਦਨ ਨਾਲੋਂ ਵੱਧ ਖ਼ਰਚ ਕੀਤਾ ਸੀ।
ਬੁਲਾਰੇ ਨੇ ਸਪੱਸ਼ਟ ਕੀਤਾ ਕਿ 1/4/2012 ਤੋਂ 31/3/2017 ਦੇ ਸਾਲਾਂ ਦੌਰਾਨ ਇਹ ਦੇਖਿਆ ਗਿਆ ਕਿ ਉਕਤ ਪਟਵਾਰੀ ਨੂੰ ਕੁੱਲ 52,02,134 ਰੁਪਏ ਦੀ ਆਮਦਨੀ ਹੋਈ ਪਰ ਉਸ ਨੇ 1,09,94,467 ਰੁਪਏ ਖਰਚੇ। ਜੋ ਇਹ ਦਰਸਾਉਂਦਾ ਹੈ ਕਿ ਉਸ ਨੇ ਖ਼ਰਚ ਕੀਤੀ ਰਕਮ 57,92,333 ਰੁਪਏ ਦੀਆਂ ਅਸਲ ਰਸੀਦਾਂ ਨਾਲੋਂ ਕਿਤੇ ਵੱਧ ਪੈਸੇ ਖਰਚ ਕੀਤੇ ਸਨ। ਇਸ ਤਰ੍ਹਾਂ ਇਹ ਸਪੱਸ਼ਟ ਹੁੰਦਾ ਹੈ ਕਿ ਉਸ ਨੇ ਇਹ ਪੈਸਾ ਭ੍ਰਿਸ਼ਟ ਤਰੀਕਿਆਂ ਨਾਲ ਕਮਾਇਆ ਸੀ ਅਤੇ ਆਪਣੀ ਇਕੱਠੀ ਕੀਤੀ ਆਮਦਨ/ਰਸੀਦਾਂ ਤੋਂ ਵੱਧ ਖਰਚ ਕੀਤਾ। ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਦੋਸ਼ੀ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            