ਕਾਂਗਰਸ ਸਰਕਾਰ ਤਾਂ ਨਹੀਂ ਰੋਕ ਸਕੀ... ਭਾਰੀ ਮੀਂਹ ਕਾਰਨ ਰੋਕਣੀ ਪਈ ਗੈਰ-ਕਾਨੂੰਨੀ ਮਾਈਨਿੰਗ
Wednesday, Aug 02, 2017 - 06:27 AM (IST)
ਜਲੰਧਰ (ਪੁਨੀਤ) - ਵੱਡੇ-ਵੱਡੇ ਵਾਅਦੇ ਕਰਨ ਦੇ ਬਾਵਜੂਦ ਕਾਂਗਰਸ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਰੋਕਣ 'ਚ ਅਸਫਲ ਸਿੱਧ ਹੋਈ ਹੈ, ਕਿਉਂਕਿ ਗੁੰਡਾ ਵਸੂਲੀ ਕਰਨ ਵਾਲਿਆਂ ਦੇ ਸਿਰਫ ਚਿਹਰੇ ਬਦਲੇ ਹਨ ਪਰ ਗੁੰਡਾ ਵਸੂਲੀ ਬਾ-ਦਸਤੂਰ ਜਾਰੀ ਹੈ। 1 ਅਪ੍ਰੈਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅਗਵਾਈ 'ਚ ਇਕ ਕਮੇਟੀ ਦਾ ਗਠਨ ਕਰਦੇ ਹੋਏ ਐਲਾਨ ਕੀਤਾ ਸੀ ਕਿ 30 ਦਿਨਾਂ ਦੇ ਅੰਦਰ ਮਾਈਨਿੰਗ ਪਾਲਿਸੀ ਲਗਾਈ ਜਾਏਗੀ। 3 ਮਹੀਨਿਆਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਅਜੇ ਤਕ ਮਾਈਨਿੰਗ ਪਾਲਿਸੀ ਨਹੀਂ ਲਿਆ ਸਕੀ ਹੈ, ਜਿਸ ਨਾਲ ਕਾਂਗਰਸ ਦੇ ਮੈਨੀਫੈਸਟੋ ਦੇ ਦਾਅਵੇ ਵੀ ਠੁੱਸ ਹੋਣ ਲੱਗੇ ਹਨ।
ਕਾਂਗਰਸ ਸਰਕਾਰ ਦੇ ਰਾਜ 'ਚ ਅਜੇ ਵੀ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਸੀ, ਜਿਸ ਕਾਰਨ ਜਨਤਾ ਨੂੰ ਸਸਤੀ ਰੇਤ-ਬੱਜਰੀ ਮੁਹੱਈਆ ਨਹੀਂ ਕਰ ਰਹੀ, ਸਗੋਂ ਇਸ ਦੇ ਉਲਟ ਪਠਾਨਕੋਟੀ ਰੇਤ 600 ਰੁਪਏ ਪ੍ਰਤੀ ਸੈਂਕੜਾ ਮਹਿੰਗੀ ਹੋ ਚੁੱਕੀ ਹੈ। ਕਾਂਗਰਸ ਰਾਜ 'ਚ ਅਧਿਕਾਰੀਆਂ ਵਲੋਂ ਕੁਝ ਇਕ ਲੋਕਾਂ 'ਤੇ ਪਰਚੇ ਦਰਜ ਕਰਕੇ ਕਾਰਵਾਈ ਦੇ ਨਾਂ 'ਤੇ ਖਾਨਾਪੂਰਤੀ ਕੀਤੀ ਜਾ ਰਹੀ ਹੈ ਪਰ ਜਿਨ੍ਹਾਂ ਦੀ ਸੈਟਿੰਗ ਹੋਵੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ। ਇਸ ਸਭ ਨੂੰ ਲੈ ਕੇ ਲੋਕਾਂ 'ਚ ਕਾਂਗਰਸ ਪ੍ਰਤੀ ਅੰਦਰਖਾਤੇ ਰੋਸ ਵਧਦਾ ਜਾ ਰਿਹਾ ਹੈ। ਇਸ ਗੱਲ ਦਾ ਖੁੱਲ੍ਹ ਕੇ ਵਿਰੋਧ ਨਹੀਂ ਹੋ ਰਿਹਾ, ਕਿਉਂਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਜਿਨ੍ਹਾਂ ਕ੍ਰੈਸ਼ਰ ਮਾਲਕਾਂ ਨੇ ਗੁੰਡਾ ਵਸੂਲੀ ਦਾ ਵਿਰੋਧ ਕੀਤਾ ਸੀ ਉਨ੍ਹਾਂ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ। ਕਾਂਗਰਸ ਭਾਵੇਂ ਮਾਈਨਿੰਗ ਨਾ ਰੋਕ ਸਕੀ ਹੋਵੇ ਪਰ ਹਿਮਾਚਲ ਤੇ ਜੰਮੂ-ਕਸ਼ਮੀਰ ਸਮੇਤ ਪੰਜਾਬ 'ਚ ਜ਼ੋਰਾਂ ਨਾਲ ਪੈ ਰਹੇ ਮੀਂਹ ਕਾਰਨ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣਾ ਪਿਆ ਹੈ। ਮੀਂਹ ਨਾਲ ਪਾਣੀ ਦਾ ਪੱਧਰ ਵਧ ਜਾਣ ਕਾਰਨ ਰਣਜੀਤ ਸਾਗਰ ਡੈਮ ਵਲੋਂ ਪਾਣੀ ਛੱਡਿਆ ਗਿਆ ਹੈ, ਜਿਸ ਨਾਲ ਸਾਰੇ ਪਾਸੇ ਪਾਣੀ ਦਾ ਲੈਵਲ ਕਾਫੀ ਵਧ ਗਿਆ ਹੈ ਤੇ ਮਾਈਨਿੰਗ ਹੋਣਾ ਸੰਭਵ ਨਹੀਂ ਹੈ। ਹੁਣ ਕੁਝ ਹਫਤੇ ਮਾਈਨਿੰਗ ਬੰਦ ਰਹੇਗੀ, ਜਿਸ ਬਾਰੇ ਕ੍ਰੈਸ਼ਰ ਮਾਲਕਾਂ ਦਾ ਕਹਿਣਾ ਹੈ ਕਿ ਜੋ ਕੰਮ ਸਰਕਾਰ ਨਹੀਂ ਕਰ ਸਕੀ ਉਹ ਮੀਂਹ ਨੇ ਕਰ ਦਿੱਤਾ ਹੈ ।
ਉਪ ਚੋਣਾਂ ਦੇ ਐਲਾਨ ਤੋਂ ਬਾਅਦ ਨਹੀਂ ਆ ਸਕੇਗੀ ਮਾਈਨਿੰਗ ਪਾਲਿਸੀ
ਗੁਰਦਾਸਪੁਰ ਲੋਕ ਸਭਾ ਸੀਟ 'ਤੇ ਉਪ ਚੋਣ ਦਾ ਐਲਾਨ ਕਦੇ ਵੀ ਹੋ ਸਕਦਾ ਹੈ, ਕਿਉਂਕਿ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਤੋਂ ਉਕਤ ਸੀਟ ਖਾਲੀ ਹੋਈ ਨੂੰ 3 ਮਹੀਨੇ ਦਾ ਸਮਾਂ ਹੋ ਚੁੱਕਾ ਹੈ। ਭਾਜਪਾ ਸਮੇਤ ਅਕਾਲੀ ਦਲ ਨੇ 9 ਦੇ 9 ਵਿਧਾਨ ਸਭਾ ਹਲਕਿਆਂ 'ਚ ਨੇਤਾਵਾਂ ਨੂੰ ਡਿਊਟੀਆਂ ਸੌਂਪ ਦਿੱਤੀਆਂ ਹਨ ਤੇ ਨੇਤਾ ਵਿਧਾਨ ਸਭਾ ਹਲਕਿਆਂ 'ਚ ਜਾ ਕੇ ਪਾਰਟੀ ਦੇ ਹੱਥ ਮਜ਼ਬੂਤ ਕਰਨ ਲੱਗੇ ਹਨ। ਕਾਂਗਰਸ ਦੇ ਇਸ ਲੋਕ ਸਭਾ ਦੇ 9 ਵਿਧਾਨ ਸਭਾ ਹਲਕਿਆਂ 'ਚ 7 ਵਿਧਾਇਕ ਹਨ ਜਿਸ ਕਾਰਨ ਕਾਂਗਰਸ ਆਪਣੀ ਪਕੜ ਨੂੰ ਮਜ਼ਬੂਤ ਮੰਨ ਰਹੀ ਹੋਵੇਗੀ ਪਰ ਵਿਰੋਧੀ ਧਿਰ ਨੂੰ ਕਮਜ਼ੋਰ ਸਮਝਣਾ ਭੁੱਲ ਹੋਵੇਗੀ, ਕਿਉਂਕਿ ਰੇਤ-ਬੱਜਰੀ ਸਸਤੀ ਨਾ ਹੋਣ ਕਾਰਨ ਲੋਕਾਂ ਦੇ ਦਿਲਾਂ 'ਚ ਰੋਸ ਪੈਦਾ ਹੈ ,ਕਿਉਂਕਿ ਉਨ੍ਹਾਂ ਨੂੰ ਮਹਿੰਗੀਆਂ ਕੀਮਤਾਂ 'ਚ ਨਿਰਮਾਣ ਕਾਰਜ ਕਰਵਾਉਣੇ ਪੈ ਰਹੇ ਹਨ। ਗੁਰਦਾਸਪੁਰ ਉਪ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸੂਬੇ 'ਚ ਚੋਣ ਜ਼ਾਬਤਾ ਲਾਗੂ ਹੋ ਜਾਏਗਾ, ਜਿਸ ਤੋਂ ਬਾਅਦ ਸਰਕਾਰ ਮਾਈਨਿੰਗ ਪਾਲਿਸੀ ਨਹੀਂ ਲਿਆ ਸਕੇਗੀ ਅਤੇ ਵਿਰੋਧੀ ਧਿਰ ਨੂੰ ਇਸ ਦਾ ਫਾਇਦਾ ਹੋਵੇਗਾ, ਕਿਉਂਕਿ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਰੇਤ-ਬੱਜਰੀ ਸਸਤੀ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ।
