ਮਾਈਨਿੰਗ ਕਰਨ ਦੇ ਦੋਸ਼ਾਂ 'ਚ ਕਿਸਾਨਾਂ ਸਮੇਤ 8 ਖਿਲਾਫ ਮਾਮਲਾ ਦਰਜ

03/10/2018 4:20:52 PM

ਬਠਿੰਡਾ (ਸੁਖਵਿੰਦਰ)-ਕੈਨਾਲ ਕਲੋਨੀ ਦੇ ਪਿੰਡ ਬਹਿਮਣ ਦੀਵਾਨਾ ਦੇ ਖੇਤਾਂ 'ਚ ਮਾਈਨਿੰਗ ਕਰ ਰਹੇ ਕਿਸਾਨਾਂ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਮਿੱਟੀ ਨਾਲ ਭਰੀਆਂ 2 ਟਰਾਲੀਆਂ ਅਤੇ ਸਮਾਨ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਹਿਮਣ ਦੀਵਾਨਾ ਦੇ ਪੁਲ ਨਜਦੀਕ ਕੁਝ ਲੋਕਾਂ ਵਲੋਂ ਟਰੈਕਟਰ-ਟਰਾਲੀਆਂ ਨਾਲ ਮਿੱਟੀ ਚੁੱਕੀ ਜਾ ਰਹੀ ਹੈ। ਉਕਤ ਲੋਕ ਨਿਯਮਾਂ ਦੀ ਉਲੰਘਣਾ ਕਰਕੇ ਮਾਈਨਿੰਗ ਕਰ ਰਹੇ ਹਨ। ਸੂਚਨਾ ਦੇ ਆਧਾਰ 'ਤੇ ਸਹਾਇਕ ਥਾਣੇਦਾਰ ਜਗਦੀਪ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਮੌਕੇ 'ਤੇ ਛਾਪੇਮਾਰੀ ਕੀਤੀ ਗਈ। ਇਸ ਮੌਕੇ ਕੁਝ ਲੋਕ ਟਰੈਕਟਰ-ਟਰਾਲੀਆਂ ਰਾਹੀ ਮਿੱਟੀ ਲਿਜਾ ਰਹੇ ਸਨ। ਪੁਲਸ ਨੇ ਮੌਕੇ ਤੋਂ ਭੋਲਾ ਸਿੰਘ, ਕਰਮਜੀਤ ਸਿੰਘ, ਗੋਰਾ ਸਿੰਘ ਵਾਸੀ ਬੀੜ ਬਹਿਮਣ, ਸੁਖਦੇਵ ਸਿੰਘ, ਰਮੇਸ਼ ਕੁਮਾਰ,ਅਕਾਸ਼ ਕੁਮਾਰ, ਪਾਲਾ ਸਿੰਘ ਅਤੇ ਭੂਸ਼ਨ ਬਾਂਸਲ ਵਾਸੀ ਬਠਿੰਡਾ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਮੌਕੇ ਤੋਂ ਮਿੱਟੀ ਨਾਲ ਭਰੀਆ 2 ਟਰੈਕਟਰ ਟਰਾਲੀਆਂ ਅਤੇ ਗਾਡਰ ਬਰਾਮਦ ਕਰਕੇ ਮੁਲਜ਼ਮਾਂ ਖਿਲਾਫ਼ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ਼ ਕੀਤਾ ਹੈ।


Related News