ਨਾਜਾਇਜ਼ ਮਾਈਨਿੰਗ ਖਿਲਾਫ ਸ਼ਿਕਾਇਤ ਕਰਨ ''ਤੇ ਪੁਲਸ ਕਮਿਸ਼ਨਰ ਨੇ ਮੈਨੂੰ ਧਮਕਾਇਆ: ਪਵਨ ਟੀਨੂੰ
Wednesday, Jan 03, 2018 - 06:32 PM (IST)
ਜਲੰਧਰ (ਮਹੇਸ਼)— ਆਦਮਪੁਰ ਹਲਕੇ ਤੋਂ ਦੂਜੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਣੇ ਪਵਨ ਟੀਨੂੰ ਨੇ ਜਲੰਧਰ ਦੇ ਪੁਲਸ ਕਮਿਸ਼ਨਰ ਪੀ. ਕੇ. ਸਿਨ੍ਹਾ 'ਤੇ ਉਨ੍ਹਾਂ ਨੂੰ ਧਮਕਾਉਣ ਦਾ ਦੋਸ਼ ਲਗਾਇਆ ਹੈ। ਟੀਨੂੰ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੀ. ਪੀ. ਨੂੰ ਰੇਤ ਦੇ ਗੈਰ-ਕਾਨੂੰਨੀ ਧੰਦੇ ਖਿਲਾਫ ਕਾਰਵਾਈ ਕਰਨ ਲਈ ਫੋਨ ਕੀਤਾ ਸੀ, ਜਿਸ 'ਤੇ ਪੁਲਸ ਕਮਿਸ਼ਨਰ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਲਟਾ ਉਨ੍ਹਾਂ ਨੂੰ ਧਮਕਾਉਂਦੇ ਹੋਏ ਕਿਹਾ ਕਿ ਉਨ੍ਹਾਂ ਖਿਲਾਫ ਕੇਸ ਦਰਜ ਕਰਕੇ ਜੇਲ ਵਿਚ ਬੰਦ ਕਰ ਦੇਣਗੇ। ਅਕਾਲੀ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਦਿਨੀਂ ਨੰਗਲ ਸ਼ਾਮਾਂ ਚੌਕ 'ਚ ਰੇਤ ਦੇ ਇਕ ਓਵਰਲੋਡ ਟਿੱਪਰ ਨੂੰ ਰੋਕ ਕੇ ਉਸ 'ਤੇ ਕਾਰਵਾਈ ਕਰਨ ਲਈ ਟ੍ਰੈਫਿਕ ਪੁਲਸ ਨੂੰ ਕਿਹਾ ਸੀ ਪਰ ਪੁਲਸ ਨੇ ਰੇਤ ਸਮੇਤ 56 ਟਨ ਤੋਂ ਓਵਰਲੋਡ ਟਿੱਪਰ ਨੂੰ ਜਬਤ ਨਹੀਂ ਕੀਤਾ, ਜਦਕਿ ਉਸ ਕੋਲ ਮੌਜੂਦ ਸਲਿਪ 'ਤੇ ਸਾਫ ਲਿਖਿਆ ਸੀ ਕਿ ਉਹ 25 ਟਨ ਤੋਂ ਜ਼ਿਆਦਾ ਓਵਰਲੋਡ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਉਸ ਦੇ ਕੋਲ ਪੂਰੇ ਕਾਗਜ਼ਾਤ ਵੀ ਨਹੀਂ ਸਨ। ਇਸ ਦੇ ਬਾਵਜੂਦ ਵੀ ਪੁਲਸ ਨੇ ਵਾਹਨ ਜਬਤ ਨਹੀਂ ਕੀਤਾ।
ਟੀਨੂੰ ਨੇ ਦੱਸਿਆ ਕਿ ਉਨ੍ਹਾਂ ਦੇ ਮੌਕੇ 'ਤੇ ਪਹੁੰਚਣ ਤੋਂ ਬਾਅਦ ਸਿਰਫ ਟਿੱਪਰ ਚਲਾਨ ਕੱਟਣ ਤੋਂ ਬਾਅਦ ਛੱਡ ਦਿੱਤਾ ਗਿਆ। ਉਨ੍ਹਾਂ ਨੇ ਪੀ. ਏ. ਪੀ. ਚੌਕ 'ਚ ਵੀ ਓਵਰਲੋਡ ਟਿੱਪਰਾਂ ਨੂੰ ਰੋਕ ਕੇ ਉਨ੍ਹਾਂ 'ਤੇ ਕਾਰਵਾਈ ਕਰਨ ਲਈ ਪੁਲਸ ਨੂੰ ਕਿਹਾ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਗਲਤ ਧੰਦੇ ਅਤੇ ਕੰਮ ਕਰਨ ਵਿਚ ਲੱਗੀ ਹੋਈ ਹੈ।
ਪੱਤਰਕਾਰਾਂ ਦੇ ਸਵਾਲਾਂ 'ਚ ਘਿਰੇ ਟੀਨੂੰ
ਪੱਤਰਕਾਰਾਂ ਨੇ ਟੀਨੂੰ ਨਾਲ ਉਨ੍ਹਾਂ ਦੀ ਸਰਕਾਰ ਦੇ ਸਮੇਂ ਨਾਜਾਇਜ਼ ਤੌਰ 'ਤੇ ਚਲਦੇ ਰੇਤ ਦੇ ਕਾਲੇ ਧੰਦੇ 'ਤੇ ਕਾਰਵਾਈ ਨਾ ਕੀਤੇ ਜਾਣ ਸਬੰਧੀ ਸਵਾਲ ਚੁੱਕੇ ਤਾਂ ਉਨ੍ਹਾਂ ਦਾ ਜਵਾਬ ਦੇਣਾ ਮੁਸ਼ਕਲ ਹੋ ਗਿਆ। ਪੱਤਰਕਾਰਾਂ ਦਾ ਕਹਿਣਾ ਸੀ ਕਿ ਅਕਾਲੀ-ਭਾਜਪਾ ਦੀ ਸਰਕਾਰ ਵਿਚ ਇਹ ਕਾਲਾ ਧੰਦਾ ਜ਼ੋਰਾਂ 'ਤੇ ਸੀ। ਉਸ ਸਮੇਂ ਉਨ੍ਹਾਂ ਦੀ ਸਰਕਾਰ ਨੇ ਇਸ ਮਾਫੀਆ ਖਿਲਾਫ ਕੋਈ ਸਖਤ ਕਾਰਵਾਈ ਕਿਉਂ ਨਹੀਂ ਕੀਤੀ।
ਰੇਤ ਮਾਫੀਆ ਨਾਲ ਮਿਲੀ ਹੋਈ ਸਰਕਾਰ ਅਤੇ ਪੁਲਸ
ਵਿਧਾਇਕ ਪਵਨ ਟੀਨੂੰ ਨੇ ਸਿਧੇ ਤੌਰ 'ਤੇ ਦੋਸ਼ ਲਗਾਇਆ ਹੈ ਕਿ ਰੇਤ ਮਾਫੀਆ ਨਾਲ ਪੰਜਾਬ ਦੀ ਕੈਪਟਨ ਸਰਕਾਰ ਅਤੇ ਪੁਲਸ ਮਿਲੀ ਹੋਈ ਹੈ, ਜਿਸ ਕਾਰਨ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦੇ ਵਿਰੋਧ ਵਿਚ ਆਪਣਾ ਸੰਘਰਸ਼ ਲਗਾਤਰ ਜਾਰੀ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਰੇਤ-ਬਜਰੀ ਦੇ ਓਵਰਲੋਡ ਟਿੱਪਰ ਕਈ ਕੀਮਤੀ ਜਾਨਾਂ ਨੂੰ ਸ਼ਰੇਆਮ ਕੁਚਲ ਚੁੱਕੇ ਹਨ ਪਰ ਇਸ ਤੋਂ ਪੁਲਸ ਨੇ ਕੋਈ ਸਬਕ ਨਹੀਂ ਲਿਆ। ਦਿਨ ਅਤੇ ਰਾਤ ਸਮੇਂ ਓਵਰਲੋਡ ਟਿੱਪਰ ਬਿਨਾਂ ਕਿਸੇ ਖੌਫ ਦੇ ਸੜਕਾਂ 'ਤੇ ਦੌੜ ਰਹੇ ਹਨ। ਸਰਕਾਰ ਪੂਰੀ ਤਰ੍ਹਾਂ ਨਾਲ ਚੁੱਪ ਬੈਠੀ ਹੋਈ ਹੈ।
ਸੀ. ਪੀ. ਖਿਲਾਫ ਵਿਧਾਨ ਸਭਾ 'ਚ ਆਵਾਜ਼ ਉਠਾਵਾਂਗਾ
ਪਵਨ ਟੀਨੂੰ ਨੇ ਕਿਹਾ ਕਿ ਸੀ. ਪੀ. ਪੀ. ਕੇ. ਸਿਨ੍ਹਾ ਵੱਲੋਂ ਉਨ੍ਹਾਂ ਨੂੰ ਫੋਨ 'ਤੇ ਧਮਕਾਉਣ ਦਾ ਮਾਮਲਾ ਉਹ ਪੰਜਾਬ ਵਿਧਾਨ ਸਭਾ 'ਚ ਉਠਾਉਣਗੇ ਅਤੇ ਸਪੀਕਰ ਨੂੰ ਇਸ ਸੰਬੰਧ ਵਿਚ ਲਿਖਤੀ ਤੌਰ 'ਤੇ ਸ਼ਿਕਾਇਤ ਕਰਨਗੇ।
ਝੂਠੇ ਤੇ ਬੇਬੁਨਿਆਦ ਹਨ ਦੋਸ਼ : ਸੀ. ਪੀ.
ਪੁਲਸ ਕਮਿਸ਼ਨਰ ਪੀ. ਕੇ. ਸਿਨ੍ਹਾ ਨੇ ਪਵਨ ਟੀਨੂੰ ਵੱਲੋਂ ਉਨ੍ਹਾਂ 'ਤੇ ਲਾਏ ਗਏ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ ਹੈ। ਸੀ. ਪੀ. ਨੇ ਕਿਹਾ ਕਿ ਉਨ੍ਹਾਂ ਨੂੰ ਨਾ ਧਮਕਾਇਆ ਹੈ ਅਤੇ ਨਾ ਹੀ ਕੇਸ ਦਰਜ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇੰਨਾ ਜ਼ਰੂਰ ਕਿਹਾ ਗਿਆ ਕਿ ਜੇਕਰ ਅਸੀਂ ਸੜਕ ਵਿਚ ਵਾਹਨਾਂ ਨੂੰ ਰੋਕਾਂਗੇ ਤਾਂ ਟ੍ਰੈਫਿਕ ਦੀ ਸਮੱਸਿਆ ਹੋਰ ਗੰਭੀਰ ਬਣੇਗੀ। ਇਸ ਲਈ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਕਿਉਂਕਿ ਟ੍ਰੈਫਿਕ ਸਮੱਸਿਆ ਤਾਂ ਪਹਿਲਾਂ ਹੀ ਜਨਤਾ ਲਈ ਕਾਫੀ ਪ੍ਰੇਸ਼ਾਨੀ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਓਵਰਲੋਡ ਟਿੱਪਰਾਂ 'ਤੇ ਪੁਲਸ ਵਿਧਾਇਕ ਪਵਨ ਟੀਨੂੰ ਦੇ ਕਹਿਣ 'ਤੇ ਪਹਿਲਾਂ ਹੀ ਬਣਦੀ ਕਾਰਵਾਈ ਕਰ ਰਹੀ ਹੈ ।
