ਵਿਧਾਇਕ ਪਿੰਕੀ ਨੇ ਨਾਜਾਇਜ਼ ਰੇਤ ਖੱਡੇ ਨੂੰ ਬੰਦ ਕਰਵਾਉਣ ਲਈ ਕੱਸੀ ਕਮਰ

Sunday, Feb 09, 2020 - 12:18 PM (IST)

ਫਿਰੋਜ਼ਪੁਰ (ਸਨੀ) : ਫਿਰੋਜ਼ਪੁਰ ਦੇ ਸਾਬਕਾ ਡੀ.ਸੀ. ਚੰਦਰ ਗੈਂਦ ਵਲੋਂ ਪੰਜਾਬ ਦੇ ਚੀਫ ਸੈਕਟਰੀ ਨੂੰ ਚੱਲ ਰਹੇ ਨਾਜਾਇਜ਼ ਰੇਤ ਖੱਡੇ ਨੂੰ ਬੰਦ ਕਰਵਾਉਣ ਲਈ ਲਿੱਖੀ ਚਿੱਠੀ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਇਸ ਮਾਮਲ ਦੇ ਸਬੰਧ 'ਚ ਜਿਥੇ ਪੰਜਾਬ ਸਰਕਾਰ ਨੇ ਕੋਈ ਅਧਿਕਾਰਤ ਟਿੱਪਣੀਂ ਨਹੀਂ ਕੀਤੀ ਉਥੇ ਹੀ ਹਲਕਾ ਵਿਧਾਇਕ ਨੇ ਇਸ ਖੱਡ ਨੂੰ ਬੰਦ ਕਰਵਾਉਣ ਲਈ ਕਮਰ ਕੱਸ ਲਈ ਹੈ। ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਪਿੰਕੀ ਨੇ ਐੱਸ.ਡੀ.ਐੱਮ. ਫਿਰੋਜ਼ਪੁਰ ਅਮਿਤ ਗੁਪਤਾ ਅਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਨਾਜਾਇਜ਼ ਦੱਸੀ ਜਾ ਰਹੀ ਖੱਡ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੀ ਗੱਲ ਕਹੀ।

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਪਿੰਕੀ ਨੇ ਕਿਹਾ ਕਿ ਉਕਤ ਰੇਤ ਖੱਡ ਭਾਰਤ-ਪਾਕਿ ਕੌਮਾਂਤਰੀ ਸਰਹੱਦ ਅਤੇ ਦਰਿਆ ਸਤਲੁਜ ਦੇ ਕਾਫੀ ਨੇੜੇ ਹੈ। ਇਸ ਪਿੰਡ ਅਤੇ ਇਲਾਕੇ ਦੇ ਕੁਝ ਲੋਕਾਂ ਦੇ ਪਾਕਿ ਸਮੱਗਲਰਾਂ ਨਾਲ ਕਰੀਬੀ ਸਬੰਧ ਹਨ, ਜੋ ਨਸ਼ਿਆਂ ਅਤੇ ਹਥਿਆਰਾਂ ਦੀਆਂ ਬਹੁਤ ਸਾਰਿਆਂ ਖੇਪਾਂ ਪਹਿਲੋਂ ਵੀ ਮੰਗਵਾ ਚੁੱਕੇ ਹਨ। ਇਹੋ ਕਾਰਣ ਹੈ ਕਿ ਇਹ ਮਾਮਲਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਣ ਕਾਰਣ ਕਿਸੇ ਤਰਾਂ ਦਾ ਰਿਸਕ ਨਹੀਂ ਲਿਆ ਜਾ ਸਕਦਾ। ਐੱਸ.ਡੀ.ਐੱਮ. ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਕਿ ਇਸ ਖੱਡ ਦੀ ਮੰਜੂਰੀ ਲਈ ਕਿਹੜੇ-ਕਿਹੜੇ ਅਧਿਕਾਰੀਆਂ ਨੇ ਸਿਫਾਰਿਸ਼ ਕੀਤੀ ਸੀ।

ਜ਼ਿਕਰਯੋਗ ਹੈ ਕਿ ਬੀਤੀ 31 ਜਨਵਰੀ ਨੂੰ ਫਿਰੋਜ਼ਪੁਰ ਦੇ ਤੱਤਕਾਲੀ ਡੀ.ਸੀ. ਚੰਦਰ ਗੈਂਦ ਨੇ ਪੰਜਾਬ ਦੇ ਚੀਫ ਸੈਕਟਰੀ ਨੂੰ ਚਿੱਠੀ ਲਿੱਖ ਖੱਡ ਨੂੰ ਗੈਰ ਸਮਾਜੀ ਅਨਸਰਾਂ ਵਲੋਂ ਚਲਾਏ ਜਾਣ ਦੀ ਜਾਣਕਾਰੀ ਦਿੱਤੀ ਸੀ। ਉਕਤ ਚਿੱਠੀ 'ਚ ਉਨ੍ਹਾਂ ਇਕ ਰਿਪੋਰਟ ਦਾ ਹਵਾਲਾ ਦੇ ਕੇ ਲਿੱਖਿਆ ਸੀ ਕਿ ਖੱਡ ਨੂੰ ਅਜਿਹੇ ਲੋਕ ਚਲਾ ਰਹੇ ਹਨ ਜਿੰਨ੍ਹਾਂ ਦੇ ਤਾਰ ਪਾਕਿ ਸਮਗਲਰਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਉਕਤ ਲੋਕਾਂ 'ਤੇ ਨਸ਼ਿਆਂ ਅਤੇ ਹਥਿਆਰਾਂ ਦੀ ਸਮਗਿਲੰਗ ਦੇ ਦਰਜ ਮੁਕੱਦਮਿਆਂ ਦੀ ਪੂਰੀ ਡਿਟੇਲ ਚਿੱਠੀ 'ਚ ਲਿੱਖੀ ਹੋਈ ਸੀ।


rajwinder kaur

Content Editor

Related News