ਨਾਜਾਇਜ਼ ਮਾਈਨਿੰਗ ਖ਼ਿਲਾਫ ਫਿਰੋਜ਼ਪੁਰ ਪੁਲਸ ਦੀ ਵੱਡੀ ਕਾਰਵਾਈ
Thursday, Feb 06, 2025 - 05:31 PM (IST)
![ਨਾਜਾਇਜ਼ ਮਾਈਨਿੰਗ ਖ਼ਿਲਾਫ ਫਿਰੋਜ਼ਪੁਰ ਪੁਲਸ ਦੀ ਵੱਡੀ ਕਾਰਵਾਈ](https://static.jagbani.com/multimedia/2022_8image_13_27_075200161mining2.jpg)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਪੁਲਸ ਨੇ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸ਼ਿਕੰਜਾ ਕੱਸਦੇ ਹੋਏ ਛਾਪੇਮਾਰੀ ਕਰਦੇ ਹੋਏ ਰੇਤ ਨਾਲ ਭਰੀਆਂ 6 ਟਰੈਕਟਰ ਟਰਾਲੀਆਂ ਅਤੇ ਇਕ ਪੋਕਲੇਨ ਮਸ਼ੀਨ ਬਰਾਮਦ ਕੀਤੀ, ਜਦਕਿ ਦੋਸ਼ੀ ਪੁਲਸ ਨੂੰ ਦੇਖ ਕੇ ਭੱਜ ਗਏ, ਜਿਨ੍ਹਾਂ ਖਿਲਾਫ ਬੀ.ਐੱਨ.ਐੱਸ. ਅਤੇ ਮਾਈਨਿੰਗ ਅਤੇ ਮਿਨਰਲ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਐੱਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਰਣਧੀਰ ਕੁਮਾਰ ਨੇ ਦੱਸਿਆ ਕਿ ਜਦੋਂ ਏਐੱਸਆਈ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਘੱਲਖੁਰਦ ਦੀ ਪੁਲਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਹੋਏ ਪਿੰਡ ਕੱਬਰਵੱਛਾ ਏਰੀਆ ਵਿਚ ਪਹੁੰਚੀ ਤਾਂ ਉਥੇ ਦੋਸ਼ੀ ਲਖਵਿੰਦਰ ਸਿੰਘ, ਸੁਖਪ੍ਰੀਤ ਸਿੰਘ, ਗੁਰਵੀਰ ਸਿੰਘ, ਜਸਵਿੰਦਰ ਸਿੰਘ, ਜਗਦੀਸ਼ ਸਿੰਘ, ਗੁਰਜੰਟ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀ 6 ਟਰੈਕਟਰ ਟਰਾਲੀਆਂ ਵਿਚ ਰੇਤ ਭਰ ਰਹੇ ਸਨ ਅਤੇ ਗੈਰ-ਕਾਨੂੰਨੀ ਰੇਤ ਮਾਈਨਿੰਗ ਚੱਲ ਰਹੀ ਸੀ।
ਉਨ੍ਹਾਂ ਕਿਹਾ ਕਿ ਪੁਲਿਸ ਨੂੰ ਦੇਖ ਕੇ ਸਾਰੇ ਨਾਮਜ਼ਦ ਦੋਸ਼ੀ ਫਰਾਰ ਹੋ ਗਏ, ਜਦੋਂ ਕਿ ਪੁਲਿਸ ਨੇ ਰੇਤ ਨਾਲ ਭਰੀਆਂ 6 ਟਰੈਕਟਰ ਟਰਾਲੀਆਂ ਅਤੇ ਇੱਕ ਪੋਕਲੀਨ ਮਸ਼ੀਨ ਕਬਜੇ ਵਿੱਚ ਲੈ ਲਈ ਅਤੇ ਅਗਲੀ ਕਾਰਵਾਈ ਜਾਰੀ ਹੈ।