ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼, ਵੱਡੀ ਮਾਤਰਾ ''ਚ ਸ਼ਰਾਬ ਸਮੇਤ 2 ਕਾਬੂ
Saturday, May 22, 2021 - 08:14 PM (IST)
ਸ੍ਰੀ ਮੁਕਤਸਰ ਸਾਹਿਬ(ਰਿਣੀ/ਪਵਨ)- ਪੰਜਾਬ ਦੇ ਆਬਕਾਰੀ ਵਿਭਾਗ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਦਲ ਵਿਖੇ ਇਸ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ ਤੇ ਅਚਨਚੇਤੀ ਛਾਪਾ ਮਾਰਿਆ ਗਿਆ। ਮੌਕੇ 'ਤੇ ਪਹੁੰਚੇ ਜੁਆਇੰਟ ਆਬਕਾਰੀ ਕਮਿਸ਼ਨਰ ਨਰੇਸ਼ ਦੂਬੇ ਨੇ ਦੱਸਿਆ ਕਿ ਇਸ ਗੈਰ ਕਾਨੂੰਨੀ ਫੈਕਟਰੀ ਵਿੱਚ ਭਾਰੀ ਮਾਤਰਾ ਵਿੱਚ ਖਾਲੀ ਬੋਤਲਾਂ ਈ. ਐੱਨ. ਏ. (ਐਕਸਟਰਾ ਨਿਊਟਰਲ ਅਲਕੋਹਲ ) 1500 ਲੀਟਰ ਸ਼ਰਾਬ, ਰਾਇਲ ਸਟੈਗ, ਇੰਪੀਰੀਅਲ ਬਲਿਊ, ਬਲਿਊ ਲੈਗਸੀ, ਬਲਿਊ ਕੈਟ, ਰਾਇਲ ਸ਼ਾਟ, ਬਿਨਾ ਲੈਵਲ ਤੋਂ ਬੋਤਲਾਂ, ਬਿੱਗ ਬੈਰਿਲ, ਕਰਾਉਨ ਐਂਡ ਬੈਰਿਲ ਸ਼ਰਾਬ ਦੇ ਸਟਿਕਰ, ਹਰਿਆਣਾ, ਸਕਿਮ, ਦਮਨ ਅਤੇ ਦਿਊ ਦੀ ਸ਼ਰਾਬ ਦੇ ਸਟਿਕਰ, ਨਕਲੀ ਹੈਲੋਗ੍ਰਾਮ ਅਤੇ ਭਾਰੀ ਮਾਤਰਾ ਵਿੱਚ ਢੱਕਣ ਵੀ ਬਰਾਮਦ ਕੀਤੇ ਹਨ ।
ਉਹਨਾਂ ਦੱਸਿਆ ਕਿ ਇਸ ਨਜਾਇਜ ਫੈਕਟਰੀ ਦੇ ਮੈਨੇਜਰ 45 ਸਾਲਾ ਆਨੰਦ ਸ਼ਰਮਾ ਅਤੇ ਉਸਦੇ ਇੱਕ ਸ਼ਾਥੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਹੋਰ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਬਾਦਲ ਪਿੰਡ ਦੇ ਨਜ਼ਦੀਕ ਇਕ ਬੋਟਲਿੰਗ ਪਲਾਟ ਦੀ ਆੜ ਵਿੱਚ ਅਤੇ ਬੋਟਲਿੰਗ ਪਲਾਟ ਦੀ ਮਿਲੀ ਭੁਗਤ ਨਾਲ ਇਹ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ ਚਲਾਈ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਫੈਕਟਰੀ ਦੀ ਸ਼ਰਾਬ ਨੂੰ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਵਿੱਚ ਪਾ ਕੇ ਜਾਹਲੀ ਸਟਿਕਰ ਤੇ ਹੈਲੋਗ੍ਰਾਮ ਲਗਾ ਕੇ ਇਹ ਗੈਰ ਕਾਨੂੰਨੀ ਧੰਦਾ ਕੀਤਾ ਜਾ ਰਿਹਾ ਸੀ।
ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਵਿਭਾਗ ਵਲੋਂ ਅੱਗੇ ਵੱਡੇ ਪੱਧਰ 'ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।