ਨਾਜਾਇਜ਼ ਸਬੰਧਾਂ ਦੇ ਸ਼ੱਕ ''ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ

Tuesday, Jan 19, 2021 - 05:37 PM (IST)

ਨਾਜਾਇਜ਼ ਸਬੰਧਾਂ ਦੇ ਸ਼ੱਕ ''ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਕੋਟਕਪੂਰਾ (ਨਰਿੰਦਰ ਬੈੜ੍ਹ)- ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਪੈਂਦੇ ਪਿੰਡ ਖਾਰਾ ਵਿਖੇ ਨਾਜਾਇਜ਼ ਸਬੰਧਾਂ ਦੇ ਸ਼ੱਕ ਦੇ ਚੱਲਦਿਆਂ ਤਿੰਨ ਵਿਅਕਤੀਆਂ ਵੱਲੋਂ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਪੁਲਸ ਨੇ ਮ੍ਰਿਤਕ ਗੁਰਮੇਲ ਸਿੰਘ ਦੇ ਪਿਤਾ ਦਰਸ਼ਨ ਸਿੰਘ ਵਾਸੀ ਪਿੰਡ ਖਾਰਾ ਦੇ ਬਿਆਨਾਂ 'ਤੇ ਪਿੰਡ ਦੇ ਹੀ ਤਿੰਨ ਵਿਅਕਤੀਆਂ ਮਨਜੀਤ ਸਿੰਘ, ਦਵਿੰਦਰ ਸਿੰਘ ਅਤੇ ਬਹਾਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 13 ਜਨਵਰੀ ਨੂੰ ਉਕਤ ਵਿਅਕਤੀਆਂ ਨੇ ਗੁਰਮੇਲ ਸਿੰਘ ਉਰਫ ਗੱਗੀ 'ਤੇ ਹਥਿਆਰਾਂ ਨਾਲ ਲੈਸ ਹੋ ਕੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਹਮਲੇ ਦੌਰਾਨ ਗੁਰਮੇਲ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਦੌਰਾਨ ਗੁਰਮੇਲ ਸਿੰਘ ਨੂੰ ਸਿਵਲ ਹਸਪਤਾਲ ਕੋਟਕਪੂਰਾ ਲਿਆਂਦਾ ਗਿਆ ਜਿਥੋਂ ਉਸਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਪ੍ਰੰਤੂ ਇਲਾਜ ਦੌਰਾਨ ਬੀਤੀ 18 ਜਨਵਰੀ ਨੂੰ ਉਸਦੀ ਮੌਤ ਹੋ ਗਈ।

ਪੁਲਸ ਦੀ ਮੁੱਢਲੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਹਮਲਾਵਰ ਮਨਜੀਤ ਸਿੰਘ ਨੂੰ ਸ਼ੱਕ ਸੀ ਕਿ ਗੁਰਮੇਲ ਸਿੰਘ ਤੇ ਉਸਦੀ ਪਤਨੀ ਵਿਚ ਨਜਾਇਜ਼ ਸਬੰਧ ਹਨ ਅਤੇ ਉਹ ਉਸਦੀ ਗ਼ੈਰ-ਹਾਜ਼ਰੀ ਵਿਚ ਉਸਨੂੰ ਮਿਲਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮਨਜੀਤ ਸਿੰਘ ਨੇ ਪਹਿਲਾਂ ਗੁਰਮੇਲ ਨੂੰ ਸਮਝਾਇਆ ਸੀ ਅਤੇ ਬਾਅਦ ਵਿਚ ਉਸਨੇ ਆਪਣੇ ਭਰਾ ਦਵਿੰਦਰ ਸਿੰਘ ਅਤੇ ਇਕ ਹੋਰ ਵਿਅਕਤੀ ਬਹਾਦਰ ਸਿੰਘ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਸ ਸਬੰਧ ਵਿਚ ਥਾਣਾ ਸਦਰ ਪੁਲਸ ਕੋਟਕਪੂਰਾ ਦੇ ਤਫਤੀਸ਼ੀ ਅਧਿਕਾਰੀ ਐੱਸ.ਆਈ. ਜਗਨਦੀਪ ਕੌਰ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉਕਤ ਤਿੰਨੋਂ ਵਿਅਕਤੀ ਫ਼ਰਾਰ ਹੋ ਗਏ ਹਨ, ਜਿਨ੍ਹਾਂ ਦੀ ਤਲਾਸ਼ ਵਿਚ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।


author

Gurminder Singh

Content Editor

Related News