ਪ੍ਰਸ਼ਾਸਨ ਦੇ ਰਡਾਰ ’ਤੇ ਪਾਬੰਦੀਸ਼ੁਦਾ ‘ਕਾਨਾ ਹਵਾਈ’ ਅਤੇ ‘ਬੰਬ’ ਦੇ ਨਾਜਾਇਜ਼ ਕਾਰਖਾਨੇ

Friday, Oct 07, 2022 - 03:30 PM (IST)

ਅੰਮ੍ਰਿਤਸਰ, (ਨੀਰਜ) -ਦੀਵਾਲੀ ਦੇ ਸੀਜ਼ਨ ਵਿਚ ਇਸ ਵਾਰ ਫਿਰ ਪਾਬੰਦੀਸ਼ੁਦਾ ‘ਕਾਨਾ ਹਵਾਈ’ ਅਤੇ ਤੋੜੇ ਦੇ ਬੰਬ ਬਣਾਉਣ ਵਾਲੇ ਨਾਜਾਇਜ਼ ਕਾਰਖਾਨੇ ਪ੍ਰਸ਼ਾਸਨ ਦੇ ਰਡਾਰ ’ਤੇ  ਹਨ, ਜਿਨ੍ਹਾਂ ਵਿਚ ਨਿਯਮਾਂ ਦੀ ਉਲੰਘਣਾ ਕਰ ਕੇ ਨਾਜਾਇਜ਼ ਪਟਾਕੇ ਬਣਾਏ ਜਾ ਰਹੇ ਹਨ। ਇਨ੍ਹਾਂ ਫੈਕਟਰੀਆਂ ’ਤੇ ਕਾਰਵਾਈ ਕਰਨ ਲਈ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਹੇਠ ਐੱਸ.ਡੀ.ਐੱਮ. ਰੈਂਕ ਦੇ ਅਧਿਕਾਰੀਆਂ ਨਾਲ ਪੁਲਸ ਟੀਮਾਂ ਵੱਲੋਂ ਸਰਚ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਨਾਜਾਇਜ਼ ਪਟਾਕਿਆਂ ਦੇ ਨਿਰਮਾਣ ਨੂੰ ਰੋਕਿਆ ਜਾ ਸਕੇ ਅਤੇ ਭਵਿੱਖ ਵਿਚ ਕਿਸੇ ਵੀ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ - ਮੁੱਖ ਮੰਤਰੀ ਮਾਨ ਦੀ ਸੰਗਰੂਰ ਰਿਹਾਇਸ਼ 'ਤੇ ਐੱਨ. ਐੱਚ. ਐੱਮ. ਕਾਮਿਆਂ ਵੱਲੋਂ 17 ਅਕਤੂਬਰ ਨੂੰ ਦਿੱਤਾ ਜਾਵੇਗਾ ਧਰਨਾ

ਜਾਣਕਾਰੀ ਅਨੁਸਾਰ ਝਬਾਲ ਰੋਡ ’ਤੇ ਇੱਬਣ ਕਲਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪਟਾਕਿਆਂ ਦੀਆਂ ਕੁੱਝ ਫੈਕਟਰੀਆਂ ਹਨ। ਇਸ ਤੋਂ ਇਲਾਵਾ ਤਰਨਤਾਰਨ ਰੋਡ ਅਤੇ ਜੰਡਿਆਲਾ ਗੁਰੂ ਦੇ ਇਲਾਕੇ ਵਿਚ ਵੀ ਕੁੱਝ ਫੈਕਟਰੀਆਂ ਹਨ ਜਿੱਥੇ ਪਟਾਕੇ ਬਣਾਏ ਜਾਂਦੇ ਹਨ। ਟੀਮਾਂ ਵੱਲੋਂ ਇਨ੍ਹਾਂ ਫੈਕਟਰੀਆਂ ਵਿਚ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ। ਡੀ.ਸੀ. ਅਤੇ ਪੁਲਸ ਕਮਿਸ਼ਨਰ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਫੈਕਟਰੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।

 

ਇਹ ਵੀ ਪੜ੍ਹੋ - ਰਾਜਾ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ DGP ਗੌਰਵ ਯਾਦਵ ਨੂੰ ਕੀਤੀ ਸ਼ਿਕਾਇਤ, ਕਿਹਾ-ਗਤੀਵਿਧੀਆਂ ਦੀ ਹੋਵੇ ਜਾਂਚ

ਸਖ਼ਤੀ ਦੇ ਬਾਵਜੂਦ ਅੰਨਗੜ ਇਲਾਕੇ ਵਿਚ ਨਾਜਾਇਜ਼ ਪਟਾਕੇ ਬਣਾਉਣਾ ਜਾਰੀ
ਪਾਬੰਦੀਸ਼ੁਦਾ ‘ਕਾਨਾ ਹਵਾਈ’ ਅਤੇ ਤੋੜੇ ਵਾਲੇ ਖਤਰਨਾਕ ਬੰਬ ਬਣਾਉਣ ਲਈ ਪਿਛਲੇ ਕਈ ਸਾਲਾਂ ਤੋਂ ਬਦਨਾਮ ਚੱਲ ਰਹੇ ਅੰਨਗੜ ਦੇ ਇਲਾਕੇ ਵਿਚ ਪੁਲਸ ਵੱਲੋਂ ਕਈ ਵਾਰ ਛਾਪੇਮਾਰੀ ਕਰ ਕੇ ਵੱਡੀ ਮਾਤਰਾ ਵਿਚ ਨਾਜਾਇਜ਼ ਪਟਾਕੇ ਵੀ ਬਰਾਮਦ ਕੀਤੇ ਜਾ ਚੁੱਕੇ ਹਨ। ਇਸ ਦੇ ਬਾਵਜੂਦ ਕੁੱਝ ਆਗੂਆਂ ਦੀ ਛਤਰ-ਛਾਇਆ ਹੇਠ ਨਾਜਾਇਜ਼ ਪਟਾਕੇ ਬਣਾਉਣ ਦਾ ਕੰਮ ਗੁਪਤ ਤਰੀਕੇ ਨਾਲ ਜਾਰੀ ਹੈ। ਕਈ ਵਾਰ ਇਲਾਕੇ ਵਿਚ ਹੀ ਪਟਾਕਿਆਂ ਦਾ ਵਿਸਫੋਟ ਹੋਣ ਕਾਰਨ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਲਈ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ।


ਦੇਸੀ ਪਟਾਕਿਆਂ ਨਾਲੋਂ ਘੱਟ ਪ੍ਰਦੂਸ਼ਣ ਫੈਲਾਉਂਦੇ ਹਨ ਗ੍ਰੀਨ ਪਟਾਕੇ
ਪਾਬੰਦੀਸ਼ੁਦਾ ਕਾਨਾ ਹਵਾਈ ਅਤੇ ਬੰਬ ਖਤਰਨਾਕ ਤਾਂ ਹੁੰਦੇ ਹੀ ਹਨ, ਉੱਥੇ ਇਹ ਪ੍ਰਦੂਸ਼ਣ ਵੀ ਵੱਧ ਫੈਲਾਉਂਦੇ ਹਨ, ਜਦਕਿ ਬ੍ਰਾਂਡਿਡ ਕੰਪਨੀਆਂ ਵੱਲੋਂ ਬਣਾਏ ਗਏ ਗ੍ਰੀਨ ਪਟਾਕੇ ਬਹੁਤ ਘੱਟ ਪ੍ਰਦੂਸ਼ਣ ਫੈਲਾਉਂਦੇ ਹਨ ਅਤੇ ਵਿਸਫੋਟਕ ਵਿਭਾਗ ਦੇ ਮਾਪਦੰਡ ਵੀ ਪੂਰੇ ਕਰਦੇ ਹਨ। ਗ੍ਰੀਨ ਪਟਾਕਿਆਂ ਨਾਲ ਹਾਦਸਿਆਂ ਦੀ ਸੰਭਾਵਨਾ ਵੀ ਬਹੁਤ ਘੱਟ ਰਹਿੰਦੀ ਹੈ।


ਅੰਮ੍ਰਿਤਸਰ ਵਿਚ ਲੱਗਦੇ ਹਨ ਸਭ ਤੋਂ ਘੱਟ ਪਟਾਕੇ ਦੇ ਖੋਖੇ
ਲੁਧਿਆਣਾ ਅਤੇ ਜਲੰਧਰ ਦੇ ਮੁਕਾਬਲੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਪਟਾਕਿਆਂ ਦੇ ਸਭ ਤੋਂ ਘੱਟ ਖੋਖੇ ਲੱਗਦੇ ਹਨ। ਕਿਸੇ ਸਮੇਂ ਹਿਮਾਚਲ ਅਤੇ ਜੰਮੂ ਕਸ਼ਮੀਰ ਨੂੰ ਪਟਾਕਿਆਂ ਦੀ ਸਪਲਾਈ ਅੰਮ੍ਰਿਤਸਰ ਤੋਂ ਕੀਤੀ ਜਾਂਦੀ ਸੀ, ਪਰ ਮੌਜੂਦਾ ਸਮੇਂ ਵਿਚ ਅੰਮ੍ਰਿਤਸਰ ਵਿਚ ਪਟਾਕਿਆਂ ਦੀ ਵਿਕਰੀ 10 ਖੋਖਿਆਂ ਤੱਕ ਹੀ ਸੀਮਿਤ ਰਹਿ ਗਈ ਹੈ।


ਖੋਖਿਆਂ ਲਈ ਪ੍ਰਸ਼ਾਸਨ ਨੂੰ ਮਿਲੀਆਂ 2195 ਅਰਜ਼ੀਆਂ
ਪਟਾਕਿਆਂ ਦੇ ਖੋਖੇ ਲਗਾਉਣ ਲਈ ਪ੍ਰਸ਼ਾਸਨ ਨੂੰ 2195 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਦਾ ਡਰਾਅ ਜਲਦੀ ਹੀ ਕੱਢਿਆ ਜਾਵੇਗਾ। ਹਾਲਾਂਕਿ ਇਸ ਵਾਰ ਵੀ ਕੁੱਝ ਸ਼ਰਾਰਤੀ ਅਨਸਰਾਂ ਨੇ ਆਪਣੇ ਜਾਣਕਾਰ ਲੋਕਾਂ ਰਾਹੀਂ ਸੈਂਕੜੇ ਦੀ ਗਿਣਤੀ ਵਿਚ ਖੋਖਿਆਂ ਦੀਆਂ ਅਰਜ਼ੀਆਂ ਦਿੱਤੀਆਂ ਸਨ, ਜਿਸ ਦੀ ਜਾਂਚ ਦੀ ਲੋੜ ਹੈ। ਅਜਿਹੇ ਲੋਕ ਖੋਖਿਆਂ ਨੂੰ ਬਲੈਕ ਕਰਨ ਲਈ ਅਰਜ਼ੀ ਦਿੰਦੇ ਹਨ।
ਇਸ ਸਬੰਧੀ ਅੰਮ੍ਰਿਤਸਰ ਦੇ ਜਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਪਟਾਕਿਆਂ ਦੀ ਵਿਕਰੀ ਅਤੇ ਨਿਰਮਾਣ ਲਈ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਜ਼ਰੂਰੀ ਹੈ। ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਖੋਖਿਆਂ ਦੇ ਮਾਮਲੇ ਦੀ ਵੀ ਜਾਂਚ ਕਰਨ ਦਾ ਭਰੋਸਾ ਦਿੱਤਾ।


Anuradha

Content Editor

Related News