2 ਰਾਤਾਂ ''ਚ ਹੀ ਕੱਟ ਦਿੱਤੀ ਨਾਜਾਇਜ਼ ਕਾਲੋਨੀ, ਨਿਗਮ ਨੂੰ ਲਾਇਆ ਕਰੋੜਾਂ ਦਾ ਚੂਨਾ
Thursday, Nov 16, 2017 - 12:22 PM (IST)
ਜਲੰਧਰ— ਜਿਵੇਂ ਕਿ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਆਪਣੀ ਖਸਤਾ ਵਿੱਤੀ ਹਾਲਤ ਲਈ ਨਿਗਮ ਖੁਦ ਜ਼ਿੰਮੇਵਾਰ ਹੈ। ਇਸ ਦੀ ਮਿਸਾਲ ਬਸਤੀ ਦਾਨਿਸ਼ਮੰਦਾਂ ਵਿਚ ਵਿਧਾਇਕ ਸੁਸ਼ੀਲ ਰਿੰਕੂ ਦੇ ਘਰ ਦੇ ਬਿਲਕੁਲ ਪਿੱਛੇ ਪਿਛਲੇ ਦਿਨੀਂ ਢਾਈ ਏਕੜ ਵਿਚ ਕੱਟੀ ਗਈ ਨਾਜਾਇਜ਼ ਕਾਲੋਨੀ ਹੈ। ਚਰਚਾ ਹੈ ਕਿ ਰਾਮਗੜ੍ਹੀਆ ਬ੍ਰਦਰਜ਼ ਨੇ ਬਾਲਬ੍ਰੋ ਮੁਹੱਲੇ ਨੇੜੇ ਪੈਂਦੀ ਐੱਮ. ਐੱਸ. ਕਾਲੋਨੀ ਦੇ ਇਕ ਪਲਾਟ ਨੂੰ ਖਰੀਦਿਆ ਅਤੇ ਉਸ ਦੇ ਪਿੱਛੇ ਜ਼ਮੀਨ ਦੇ ਵੱਡੇ ਟੁਕੜੇ ਵਿਚ ਪਲਾਟ ਕੱਟ ਦਿੱਤੇ। ਐਤਵਾਰ ਅਤੇ ਸੋਮਵਾਰ ਦੀ ਰਾਤ 100-100 ਆਦਮੀ ਲੇਬਰ ਦੇ ਲਾ ਕੇ ਰੈਡੀਮੇਡ ਪ੍ਰੀਮਿਕਸ ਮੰਗਵਾਇਆ ਗਿਆ ਅਤੇ ਨਾਜਾਇਜ਼ ਕਾਲੋਨੀ ਦੀਆਂ ਸੜਕਾਂ ਰਾਤੋਂ-ਰਾਤ ਤਿਆਰ ਕਰ ਦਿੱਤੀਆਂ ਗਈਆਂ। ਹੁਣ ਇੱਥੇ ਲੱਖਾਂ ਰੁਪਏ ਪ੍ਰਤੀ ਮਰਲਾ ਪਲਾਟ ਵੇਚੇ ਜਾਣਗੇ ਪਰ ਨਿਗਮ ਨੂੰ ਜੋ ਕਰੋੜਾਂ ਰੁਪਏ ਕਾਲੋਨਾਈਜ਼ੇਸ਼ਨ ਫੀਸ ਮਿਲਣੀ ਸੀ, ਉਸ ਦਾ ਕਿਸੇ ਨੂੰ ਫਿਕਰ ਨਹੀਂ।
ਨਿਗਮ ਅਧਿਕਾਰੀਆਂ ਨੇ ਵੀ ਨਾਜਾਇਜ਼ ਕਾਲੋਨੀ ਪ੍ਰਤੀ ਅੱਖਾਂ ਮੀਟ ਲੈਣੀਆਂ ਹਨ ਕਿਉਂਕਿ ਉਨ੍ਹਾਂ ਨੂੰ ਵੀ ਕਿਤੇ ਨਾ ਕਿਤਿਓਂ ਪ੍ਰੈਸ਼ਰ ਪੈ ਜਾਵੇਗਾ। ਇਸ ਨਾਜਾਇਜ਼ ਕਾਲੋਨੀ ਵਿਚ 16 ਫੁੱਟ ਦੀਆਂ ਸੜਕਾਂ ਬਣਾਈਆਂ ਗਈਆਂ ਹਨ ਅਤੇ 2-2 ਫੁੱਟ ਖਾਲੀ ਜਗ੍ਹਾ ਸੀਵਰ ਅਤੇ ਵਾਟਰ ਸਪਲਾਈ ਲਾਈਨ ਲਈ ਛੱਡੀ ਗਈ ਹੈ, ਜਿੱਥੇ ਸਰਕਾਰ ਦਾ ਕਰੋੜਾਂ ਰੁਪਇਆ ਲਾਇਆ ਜਾਵੇਗਾ। ਅਜਿਹੀ ਇਕ ਨਾਜਾਇਜ਼ ਕਾਲੋਨੀ ਤੋਂ ਹੀ ਨਿਗਮ ਨੂੰ 5-10 ਕਰੋੜ ਦਾ ਨੁਕਸਾਨ ਹੋ ਜਾਂਦਾ ਹੈ, ਜਿਸ ਵੱਲ ਕਿਸੇ ਨਿਗਮ ਅਧਿਕਾਰੀ ਜਾਂ ਰਾਜਸੀ ਆਗੂ ਦਾ ਧਿਆਨ ਨਹੀਂ।
