ਗ਼ੈਰ-ਕਾਨੂੰਨੀ ਕਾਲ ਸੈਂਟਰ ਦਾ ਖੁੱਲ੍ਹਿਆ ਭੇਤ; ਯੂਐੱਸਏ ਦੇ ਨੰਬਰਾਂ ਤੋਂ ਕਾਲ ਕਰ ਕੇ ਫਸਾਉਂਦੇ ਸੀ ਸ਼ਿਕਾਰ, 9 ਗ੍ਰਿਫ਼ਤਾਰ
Saturday, Aug 24, 2024 - 02:59 AM (IST)
ਲੁਧਿਆਣਾ (ਗੌਤਮ) : ਦੁੱਗਰੀ ਨੇੜੇ ਮੁਹੱਲਾ ਸ਼ਹੀਦ ਭਗਤ ਸਿੰਘ ਨਗਰ ’ਚ ਨਾਜਾਇਜ਼ ਤੌਰ ’ਤੇ ਕਾਲ ਸੈਂਟਰ ਚਲਾ ਰਹੇ 9 ਲੋਕਾਂ ਨੂੰ ਥਾਣਾ ਸਦਰ ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਕਾਲ ਸੈਂਟਰ ਦੀ ਆੜ ’ਚ ਲੋਕਾਂ ਨਾਲ ਧੋਖਾਦੇਹੀ ਕਰ ਰਹੇ ਸਨ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਵੱਖ-ਵੱਖ ਕੰਪਨੀਆਂ ਦੇ 4 ਲੈਪਟਾਪ, 24 ਸੀ. ਪੀ. ਯੂ., 6 ਹੈੱਡ ਫੋਨ ਅਤੇ ਹੋਰ ਯੰਤਰ ਬਰਾਮਦ ਕੀਤੇ ਹਨ। ਥਾਣਾ ਸਦਰ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਖਿਲਾਫ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਅਤੇ ਆਈ. ਟੀ. ਐਕਟ ਤਹਿਤ ਕੇਸ ਦਰਜ ਕੀਤਾ ਹੈ।
ਪੁਲਸ ਨੇ ਮੁਲਜ਼ਮਾਂ ਦੀ ਪਛਾਣ ਮਾਲਕ ਰਤਿੰਦਰ ਸਿੰਘ ਉਰਫ ਰਿੰਕ ਉਰਫ ਟੀਨੂੰ, ਸੁਖਪ੍ਰੀਤ ਸਿੰਘ, ਸੁਮੰਤ ਮਹਾਜਨ, ਮਯੰਕ ਜੋਸ਼ੀ, ਆਦਿੱਤਿਆ ਚੌਹਾਨ, ਇਸ਼ਾਂਤ ਸਿੰਘ ਰਾਣਾ, ਦਿਲਪ੍ਰੀਤ ਸਿੰਘ, ਸੰਦੀਪ ਕੁਮਾਰ ਅਤੇ ਸਮੀਰ ਬੇਰੀ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਲਿਆ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਤੋਂ ਇਸ ਮਾਮਲੇ ’ਚ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਏ. ਸੀ. ਪੀ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮਾਂ ਨੇ ‘ਸਕਸੈੱਸ ਸਲਿਊਸ਼ਨ ਕੇਅਰ’ ਨਾਂ ਨਾਲ ਨਾਜਾਇਜ਼ ਕਾਲ ਸੈਂਟਰ ਖੋਲ੍ਹਿਆ ਹੋਇਆ ਹੈ।
ਇਹ ਵੀ ਪੜ੍ਹੋ : ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖਬਰੀ : ਕ੍ਰਿਸ਼ਨ ਜਨਮ ਅਸਥਾਨ ਮੰਦਰ 26 ਅਗਸਤ ਨੂੰ 20 ਘੰਟੇ ਖੁੱਲ੍ਹਾ ਰਹੇਗਾ
ਮੁਲਜ਼ਮ ਕਾਲ ਸੈਂਟਰ ’ਚ ਇੰਟਰਨੈੱਟ ਦੀ ਸਹਾਇਤਾ ਨਾਲ ਆਪਣੀ ਪਛਾਣ ਛੁਪਾ ਕੇ ਲੋਕਾਂ ਨਾਲ ਧੋਖਾਦੇਹੀ ਕਰਦੇ ਸਨ। ਮੁਲਜ਼ਮ ਆਪਣੇ ਆਪ ਨੂੰ ਅਮਰੀਕਾ ਦਾ ਰਹਿਣ ਵਾਲਾ ਸਾਫਟਵੇਅਰ ਇੰਜੀਨੀਅਰ ਦੱਸ ਕੇ ਅਮਰੀਕਾ ਦੇ ਮੋਬਾਈਲ ਨੰਬਰ ਤੋਂ ਫੋਨ ਕਾਲ ਕਰਦੇ ਸਨ। ਲੋਕਾਂ ਨੂੰ ਆਪਣੇ ਗਾਹਕ ਬਣਾ ਕੇ ਉਨ੍ਹਾਂ ਦੇ ਕੰਪਿਊਟਰ ਜਾਂ ਲੈਪਟਾਪ ’ਚ ਵਾਇਰਸ ਜਾਂ ਕਿਸੇ ਹੋਰ ਤਰ੍ਹਾਂ ਦੀ ਟੈਕਨੀਕਲ ਖਰਾਬੀ ਰਿਪੇਅਰ ਕਰਨ ਦਾ ਝਾਂਸਾ ਦੇ ਕੇ ਇੰਟਰਨੈੱਟ ਦੀ ਸਹਾਇਤਾ ਨਾਲ ਧੋਖੇ ਨਾਲ ਪੈਸੇ ਹੜੱਪ ਕੇ ਮੋਟੀ ਰਕਮ ਆਪਣੇ ਅਤੇ ਹੋਰ ਵਿਦੇਸ਼ੀ ਬੈਂਕ ਖਾਤਿਆਂ ’ਚ ਟ੍ਰਾਂਸਫਰ ਕਰਵਾ ਲੈਂਦੇ ਸਨ।
ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਰਿਤੇਂਦਰ ਸਿੰਘ ਨੇ ਅੱਗੇ ਲੋਕਾਂ ਨੂੰ ਫੋਨ ਕਰਨ ਲਈ ਸਟਾਫ ਰੱਖਿਆ ਹੋਇਆ ਸੀ, ਜੋ ਕਿ ਕੰਪਿਊਟਰ ਸਿਸਟਮ ਜ਼ਰੀਏ ਹੀ ਅੱਗੇ ਗਾਹਕਾਂ ਨੂੰ ਫੋਨ ਕਰਦੇ ਸਨ ਅਤੇ ਉਨ੍ਹਾਂ ਨੂੰ ਆਪਣੇ ਜਾਲ ਵਿਚ ਫਸਾਉਂਦੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8