ਆਈਲੈਟਸ ਕਰ ਰਹੇ ਇਕਲੌਤੇ ਪੁੱਤ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

02/29/2020 6:55:16 PM

ਸਾਹਨੇਵਾਲ (ਜ. ਬ.) : ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਈਲੈਟਸ ਕਰ ਰਹੇ ਇਕ ਨੌਜਵਾਨ ਨੇ ਆਪਣੇ ਪਿਤਾ ਦੀ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਵਲੋਂ ਆਪਣੇ ਪਿਤਾ ਦੇ ਪੋਲਟਰੀ ਫਾਰਮ 'ਤੇ ਬਣੇ ਹੋਏ ਰਿਹਾਇਸ਼ੀ ਕਮਰੇ 'ਚ ਪਿਤਾ ਦੀ ਲਾਇਸੈਂਸੀ ਬੰਦੂਕ ਨਾਲ ਸ਼ੱਕੀ ਹਾਲਾਤ 'ਚ ਛਾਤੀ 'ਚ ਕਥਿਤ ਤੌਰ 'ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਥਾਣਾ ਸਾਹਨੇਵਾਲ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਅਤੇ ਪੁਲਸ ਦੀਆਂ ਹੋਰ ਟੀਮਾਂ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਣ ਤੋਂ ਬਾਅਦ ਅੱਗੇ ਦੀ ਜਾਂਚ ਸ਼ੁਰੂ ਕੀਤੀ ਹੈ। ਮ੍ਰਿਤਕ ਦੀ ਪਛਾਣ ਪਲਵਿੰਦਰ ਸਿੰਘ (20) ਪੁੱਤਰ ਰਣਵੀਰ ਸਿੰਘ ਵਾਸੀ ਪਿੰਡ ਬਿਲਗਾ, ਲੁਧਿਆਣਾ ਦੇ ਰੂਪ 'ਚ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਬੋਪਾਰਾਏ ਨੇ ਦੱਸਿਆ ਕਿ ਮ੍ਰਿਤਕ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਵਿਦੇਸ਼ ਜਾਣ ਲਈ ਉਹ ਲੁਧਿਆਣਾ ਸਥਿਤ ਇਕ ਆਈਲੈਟਸ ਸੈਂਟਰ 'ਚ ਆਈਲੈਟਸ ਦੀ ਪੜ੍ਹਾਈ ਕਰ ਰਿਹਾ ਸੀ। ਸਵੇਰੇ ਕਰੀਬ 10 ਵਜੇ ਉਹ ਅਚਾਨਕ ਪਿੰਡ ਕਨੇਚ ਦੇ ਕੱਟ ਨੇੜੇ ਸਥਿਤ ਆਪਣੇ ਪਿਤਾ ਦੇ ਪੋਲਟਰੀ ਫਾਰਮ 'ਤੇ ਪਹੁੰਚਿਆ ਅਤੇ ਉਥੇ ਬਣੇ ਹੋਏ ਰਿਹਾਇਸ਼ੀ ਕਮਰੇ ਦੇ ਅੰਦਰ ਚਲਾ ਗਿਆ। ਲਗਭਗ ਅੱਧਾ-ਪੌਣਾ ਘੰਟਾ ਬਾਹਰ ਨਾ ਨਿਕਲਣ 'ਤੇ ਜਦੋਂ ਉਨ੍ਹਾਂ ਦੇ ਪੋਲਟਰੀ ਫਾਰਮ 'ਤੇ ਕੰਮ ਕਰਨ ਵਾਲੇ ਵਰਕਰ ਨੇ ਦਰਵਾਜ਼ਾ ਖੜਕਾ ਕੇ ਉਸ ਨੂੰ ਆਵਾਜ਼ ਲਾਈ ਤਾਂ ਅੰਦਰੋਂ ਕੋਈ ਵੀ ਜਵਾਬ ਨਹੀਂ ਆਇਆ, ਜਿਸ 'ਤੇ ਉਸ ਨੇ ਕਈ ਵਾਰ ਦਰਵਾਜ਼ਾ ਖੜ੍ਹਕਾਇਆ। ਕਾਫੀ ਸਮੇਂ ਤੱਕ ਕੋਈ ਜਵਾਬ ਨਾ ਆਉਣ 'ਤੇ ਉਸ ਨੇ ਆਪਣੇ ਮਾਲਕ ਰਣਵੀਰ ਸਿੰਘ ਨੂੰ ਫੋਨ 'ਤੇ ਇਸ ਦੀ ਜਾਣਕਾਰੀ ਦਿੱਤੀ। ਜਦੋਂ ਉਸ ਦੇ ਪਿਤਾ ਨੇ ਮੌਕੇ 'ਤੇ ਪਹੁੰਚ ਕੇ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਉਨ੍ਹਾਂ ਦਾ ਲਾਡਲਾ ਅੰਦਰ ਬੈੱਡ 'ਤੇ ਮ੍ਰਿਤਕ ਹਾਲਤ 'ਚ ਲਹੂ-ਲੁਹਾਨ ਹੋਇਆ ਪਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ।

PunjabKesari

ਦਰਵਾਜ਼ਾ ਖੋਲ੍ਹਦੇ ਹੀ ਨਿਕਲੀਆਂ ਪਿਤਾ ਦੀਆਂ ਧਾਹਾਂ
ਆਪਣੀਆਂ ਦੋ ਵੱਡੀਆਂ ਬੇਟੀਆਂ 'ਚੋਂ ਇਕ ਨੂੰ ਕੈਨੇਡਾ ਅਤੇ ਦੂਸਰੀ ਬੇਟੀ ਨੂੰ ਤਰਨਤਾਰਨ ਵਿਆਹੁਣ ਤੋਂ ਬਾਅਦ ਛੋਟੇ ਪੁੱਤਰ ਪਲਵਿੰਦਰ ਨੂੰ ਵਿਦੇਸ਼ ਭੇਜਣ ਦਾ ਸੁਪਨਾ ਸੰਜੋਈ ਬੈਠੇ ਪਿਤਾ ਰਣਵੀਰ ਸਿੰਘ ਨੇ ਜਿਵੇਂ ਹੀ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਪਿਤਾ ਦੀਆਂ ਧਾਹਾਂ ਨਿਕਲ ਗਈਆਂ। ਕਮਰੇ ਦੇ ਅੰਦਰ ਬੈੱਡ ਉਪਰ ਉਨ੍ਹਾਂ ਦੇ 20 ਸਾਲਾ ਪੁੱਤਰ ਪਲਵਿੰਦਰ ਦੀ ਲਹੂ-ਲੁਹਾਨ ਲਾਸ਼ ਪਈ ਹੋਈ ਸੀ।

ਪਿਤਾ ਦੀ ਲਾਇਸੈਂਸੀ ਬੰਦੂਕ ਨਾਲ ਖੁਦ ਨੂੰ ਮਾਰੀ ਗੋਲੀ
ਥਾਣਾ ਸਾਹਨੇਵਾਲ ਦੇ ਮੁਖੀ ਇੰਸਪੈਕਟਰ ਬੋਪਾਰਾਏ ਨੇ ਦੱਸਿਆ ਕਿ ਮੁੱਢਲੇ ਹਾਲਾਤ ਦੀ ਜਾਂਚ ਦੇ ਬਾਅਦ ਸਾਹਮਣੇ ਆਇਆ ਕਿ ਮ੍ਰਿਤਕ ਪਲਵਿੰਦਰ ਨੇ ਆਪਣੇ ਪਿਤਾ ਦੀ ਲਾਇਸੈਂਸੀ ਬੰਦੂਕ ਦੇ ਨਾਲ ਆਪਣੀ ਛਾਤੀ 'ਤੇ ਗੋਲ ਮਾਰ ਕੇ ਆਤਮਹੱਤਿਆ ਕੀਤੀ ਹੈ, ਜਿਸ ਦੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲਸ ਵੱਲੋਂ ਮ੍ਰਿਤਕ ਵੱਲੋਂ ਆਤਮਹੱਤਿਆ ਕਰਨ ਦੇ ਕਾਰਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਰਣਵੀਰ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।  


Gurminder Singh

Content Editor

Related News