ਪੁਲਸ ਤੇ ਸਿਆਸਤ ਸੁਹਿਰਦ ਹੁੰਦੀ ਤਾਂ ਜਾਂਚ 15 ਦਿਨਾਂ ਦਾ ਕੰਮ ਸੀ : ਹਰਮੰਦਰ ਜੱਸੀ

02/17/2018 4:48:21 AM

ਬਠਿੰਡਾ (ਬਲਵਿੰਦਰ) - ਮੌੜ ਬੰਬ ਕਾਂਡ ਦੇ ਟਾਰਗੈੱਟ ਰਹੇ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਅੱਜ ਆਪਣੀ ਹੀ ਪਾਰਟੀ ਦੀ ਸਰਕਾਰ ਤੋਂ ਖਫਾ ਨਜ਼ਰ ਆਏ, ਜਿਨ੍ਹਾਂ ਕਿਹਾ ਕਿ ਜੇਕਰ ਸਿਆਸਤ ਤੇ ਪੁਲਸ ਸੁਹਿਰਦ ਹੁੰਦੀ ਤਾਂ ਇਸ ਮਾਮਲੇ ਦੀ ਜਾਂਚ ਦਾ ਸਿੱਟਾ 15 ਦਿਨਾਂ 'ਚ ਨਿਕਲ ਆਉਣਾ ਸੀ ਪਰ ਇਕ ਸਾਲ ਹੋਣ ਦੇ ਬਾਵਜੂਦ ਪਰਨਾਲਾ ਉਥੇ ਦਾ ਉਥੇ ਹੈ। ਜੇਕਰ ਪੰਜਾਬ ਪੁਲਸ ਤੋਂ ਮਾਮਲਾ ਹੱਲ ਨਹੀਂ ਹੋ ਰਿਹਾ ਤਾਂ ਇਹ ਜਾਂਚ ਸੀ. ਬੀ. ਆਈ. ਜਾਂ ਕਿਸੇ ਹੋਰ ਏਜੰਸੀ ਨੂੰ ਸੌਂਪ ਦੇਣੀ ਚਾਹੀਦੀ ਹੈ। ਉਹ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
 ਜੱਸੀ ਨੇ ਭਾਵੇਂ ਇਹ ਪ੍ਰਗਟਾਵਾ ਅਸਿੱਧੇ ਸ਼ਬਦਾਂ 'ਚ ਕੀਤਾ ਪਰ ਉਨ੍ਹਾਂ ਮੌੜ ਬੰਬ ਕਾਂਡ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਸ ਦੀ ਜਾਂਚ ਤੋਂ ਉਹ ਸੰਤੁਸ਼ਟ ਹਨ ਪਰ ਜੇਕਰ ਲੋੜ ਹੋਵੇ ਤਾਂ ਮਾਮਲੇ ਦੀ ਜਾਂਚ ਸੀ. ਬੀ. ਆਈ. ਜਾਂ ਕਿਸੇ ਹੋਰ ਏਜੰਸੀ ਨੂੰ ਵੀ ਸੌਂਪੀ ਜਾ ਸਕਦੀ ਹੈ।
 ਜੱਸੀ ਨੇ ਸੰਕੇਤਕ ਢੰਗ ਨਾਲ ਕਿਹਾ ਕਿ ਉਨ੍ਹਾਂ ਦੀ ਆਪਣੀ ਹੀ ਸਰਕਾਰ 'ਚ ਪੁੱਛਗਿੱਛ ਨਹੀਂ ਹੈ। ਮੌੜ ਬੰਬ ਕਾਂਡ ਦੇ ਪੀੜਤਾਂ ਨੂੰ ਨੌਕਰੀਆਂ ਤੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਸੀ ਪਰ ਅਜੇ ਤੱਕ ਕੁਝ ਨਹੀਂ ਹੋ ਸਕਿਆ। ਉਹ ਇਸ ਸਬੰਧ ਵਿਚ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੂੰ ਵੀ ਬੇਨਤੀ ਕਰ ਚੁੱਕੇ ਹਨ। ਕੀ ਉਨ੍ਹਾਂ ਦੀ ਸਰਕਾਰ 'ਚ ਸੁਣਵਾਈ ਨਹੀਂ ਹੋ ਰਹੀ, ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ 'ਯਾਰ ਮੇਰੇ ਮੂੰਹੋਂ ਕਿਉਂ ਕੁਝ ਕਹਾਉਂਦੇ ਹੋ।'' ਕੀ ਉਹ ਲੋਕ ਸਭਾ ਚੋਣ 2019 ਲੜਨ ਦੇ ਇੱਛੁਕ ਹਨ, ਬਾਰੇ ਜੱਸੀ ਦਾ ਕਹਿਣਾ ਸੀ ''ਚੋਣ ਛੱਡੋ, ਮੈਂ ਜਿਊਂਦਾ ਰਹਾਂ, ਇਹੀ ਬਹੁਤ ਹੈ ਪਰ ਮੈਂ ਮੁੜ ਬਠਿੰਡਾ ਆਉਣ ਦਾ ਇੱਛੁਕ ਹਾਂ ਕਿਉਂਕਿ ਮੇਰੇ ਨਾਲ ਸ਼ੁਰੂ ਤੋਂ ਹੀ ਮਾੜੀ ਹੁੰਦੀ ਰਹੀ, ਇਕ ਜਗ੍ਹਾ ਟਿਕਣ ਨਹੀਂ ਦਿੱਤਾ ਗਿਆ।''
ਮੈਂ ਮਾਸੂਮ ਬੱਚਿਆਂ ਦਾ ਦੋਸ਼ੀ ਹਾਂ : ਜੱਸੀ-ਜੱਸੀ ਨੇ ਕਿਹਾ ਕਿ ਵਿਧਾਇਕ ਜਾਂ ਮੰਤਰੀ ਦੀ ਕੁਰਸੀ ਬਹੁਤ ਛੋਟੀਆਂ ਗੱਲਾਂ ਹਨ। ਬੰਬ ਧਮਾਕੇ ਤੋਂ ਬਾਅਦ ਉਹ ਚੋਣ ਦੇ ਹੱਕ 'ਚ ਹੀ ਨਹੀਂ ਸੀ। ਉਨ੍ਹਾਂ ਉਦੋਂ ਹੀ ਚੋਣ ਪ੍ਰਚਾਰ ਬੰਦ ਕਰ ਦਿੱਤਾ ਸੀ ਤੇ ਗਿਣਤੀ ਮੌਕੇ ਵੀ ਨਹੀਂ ਪਹੁੰਚੇ। ਬੱਚਿਆਂ ਦੀ ਮੌਤ ਦਾ ਇੰਨਾ ਜ਼ਿਆਦਾ ਦੁੱਖ ਹੋਇਆ ਕਿ ਉਹ ਪੀੜਤ ਪਰਿਵਾਰਾਂ ਦਾ ਸਾਹਮਣਾ ਨਹੀਂ ਕਰ ਸਕਿਆ। ''ਮੈਨੂੰ ਲੱਗਦਾ ਹੈ ਕਿ ਉਨ੍ਹਾਂ ਮਾਸੂਮ ਬੱਚਿਆਂ ਦੀ ਮੌਤ ਦਾ ਦੋਸ਼ੀ ਹੀ ਮੈਂ ਹਾਂ, ਨਾ ਮੈਂ ਉਥੇ ਜਾਂਦਾ ਤੇ ਨਾ ਹੀ ਧਮਾਕਾ ਹੁੰਦਾ।''
 ਡੇਰਾ ਸਿਰਸਾ ਤੇ ਮੁਖੀ ਅਤੇ ਜੱਸੀ ਵਿਰੁੱਧ ਬਿਆਨਬਾਜ਼ੀ ਕਰਨ ਸਦਕਾ ਚਰਚਾ 'ਚ ਆਏ ਭੁਪਿੰਦਰ ਗੋਰਾ ਬਾਰੇ ਜੱਸੀ ਨੇ ਕਿਹਾ ਕਿ ਚੋਣਾਂ 'ਚ ਟਿਕਟ ਨਾ ਮਿਲਣ ਕਾਰਨ ਗੋਰਾ ਨੇ ਪਾਰਟੀ ਵਿਰੋਧੀ ਕਾਰਵਾਈਆਂ ਕੀਤੀਆਂ, ਜਿਸ ਕਾਰਨ ਇਸ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ। ਜਦੋਂ ਬੰਬ ਕਾਂਡ ਵਾਪਰਿਆ, ਉਦੋਂ ਗੋਰਾ ਦਾ ਗੰਨਮੈਨ ਉਥੇ ਹੀ ਮੌਜੂਦ ਸੀ, ਜਦਕਿ ਧਮਾਕਾ ਹੁੰਦਿਆਂ ਹੀ ਗੋਰਾ ਉਥੇ ਖੁਦ ਵੀ ਪ੍ਰਗਟ ਹੋ ਗਿਆ। ਗੋਰਾ ਦਾ ਕਾਂਗਰਸ ਨਾਲ ਕੋਈ ਸਬੰਧ ਨਹੀਂ ਸੀ, ਇਹ ਚੋਣ ਵੀ ਨਹੀਂ ਸੀ ਲੜ ਰਿਹਾ, ਫਿਰ ਇਹ ਕਾਂਡ ਮੌਕੇ ਉਥੇ ਕੀ ਕਰ ਰਿਹਾ ਸੀ, ਜਦਕਿ ਉਸ ਸਮੇਂ ਇਹ ਸਰਕਾਰੀ ਕਾਰ 'ਤੇ ਸੀ। ਇਹ ਸਰਕਾਰੀ ਕਾਰ ਕਿਸ ਦੀ ਸੀ, ਇਸ ਦੀ ਵੀ ਜਾਂਚ ਹੋਵੇ। ਉਨ੍ਹਾਂ ਮੰਗ ਕੀਤੀ ਹੈ ਕਿ ਗੋਰਾ ਨੂੰ ਵੀ ਮੌੜ ਬੰਬ ਕਾਂਡ ਦੀ ਜਾਂਚ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੋਰਾ ਸ਼ੁਰੂ ਤੋਂ ਗਲਤ ਬਿਆਨਬਾਜ਼ੀ ਕਰ ਕੇ ਪੁਲਸ ਜਾਂਚ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੋ ਸਕਦਾ ਹੈ ਕਿ ਗੋਰੇ ਦਾ ਸਿੱਧੇ ਜਾਂ ਅਸਿੱਧੇ ਤੌਰ 'ਤੇ ਬੰਬ ਧਮਾਕੇ ਨਾਲ ਕੋਈ ਸਬੰਧ ਹੋਵੇ। ਡੇਰਾ ਸਿਰਸਾ ਨਾਲ ਕੋਈ ਸਬੰਧ ਨਹੀਂ-ਜੱਸੀ ਨੇ ਕਿਹਾ ਕਿ ਡੇਰਾ ਸਿਰਸਾ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਦੀ ਲੜਕੀ ਉਸ ਘਰ ਵਿਚ ਵਿਆਹੀ ਹੋਈ ਹੈ। ਇਸ ਲਈ ਉਹ ਆਪਣੇ ਲੜਕੀ ਤੇ ਜਵਾਈ ਜਾਂ ਉਨ੍ਹਾਂ ਦੇ ਬੱਚਿਆਂ ਨੂੰ ਮਿਲਣ ਲਈ ਚਲੇ ਜਾਂਦੇ ਹਨ ਪਰ ਡੇਰੇ ਦੇ ਸਿਸਟਮ 'ਚ ਕਦੇ ਦਖਲ ਨਹੀਂ ਦਿੱਤਾ। ਜੇਕਰ ਕੋਈ ਦੋਸ਼ ਲਾ ਰਿਹਾ ਹੈ ਕਿ ਉਹ ਡੇਰੇ ਦੇ ਨਾਂ 'ਤੇ ਸਿਆਸਤ ਕਰ ਰਹੇ ਹਨ ਤਾਂ ਬਿਲਕੁਲ ਝੂਠ ਹੈ, ਕਿਉਂਕਿ 2012 'ਚ ਉਹ ਬਠਿੰਡਾ ਤੋਂ ਹਾਰਿਆ ਤੇ 2017 'ਚ ਮੌੜ ਤੋਂ ਹਾਰਿਆ। ਇਸ ਦੌਰਾਨ ਡੇਰਾ ਪ੍ਰੇਮੀਆਂ ਨੇ ਅਕਾਲੀ ਦਲ ਦੀ ਮਦਦ ਕੀਤੀ। ਜੇਕਰ ਡੇਰਾ ਉਨ੍ਹਾਂ ਨਾਲ ਹੁੰਦਾ ਤਾਂ ਡੇਰਾ ਪ੍ਰੇਮੀ ਉਸ ਦੀ ਮਦਦ ਕਰਦੇ। ਮੌੜ ਬੰਬ ਕਾਂਡ 'ਚ ਵਰਤੀ ਗਈ ਕਾਰ ਡੇਰੇ 'ਚ ਤਿਆਰ ਹੋਈ, ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਕੁਝ ਵੀ ਨਹੀਂ ਕਹਿਣਗੇ, ਜੋ ਵੀ ਕਹੇਗੀ, ਉਹ ਪੁਲਸ ਦੀ ਜਾਂਚ ਕਹੇਗੀ। ਜਾਂਚ ਮੁਤਾਬਕ ਜੋ ਵੀ ਦੋਸ਼ੀ ਹੋਵੇ, ਉਸ ਨੂੰ ਸਜ਼ਾ ਮਿਲੇ। ਡੇਰੇ ਨੇ ਚੋਣਾਂ 'ਚ ਮਦਦ ਨਹੀਂ ਕੀਤੀ ਤਾਂ ਉਹ ਕਹਿੰਦੇ ਕਿ ਡੇਰੇ ਦਾ ਆਪਣਾ ਸਿਸਟਮ ਹੈ ਪਰ ਉਨ੍ਹਾਂ ਦਾ ਖਾਸ ਬੰਦਾ ਡੇਰਾ ਮੁਖੀ ਨੂੰ ਜੇਲ 'ਚ ਮਿਲਣ ਗਿਆ, ਬਾਰੇ ਉਨ੍ਹਾਂ ਕਿਹਾ ਕਿ ਇਹ ਰਿਸ਼ਤੇਦਾਰੀ ਹੈ, ਉਨ੍ਹਾਂ ਨੂੰ ਜਾਣਾ ਹੀ ਪਿਆ। ਮੈਂ ਵਿਚਾਰੀ ਹਨੀਪ੍ਰੀਤ ਦੂਰ ਤੋਂ ਹੀ ਦੇਖੀ-ਪ੍ਰੈੱਸ ਕਾਨਫਰੰਸ 'ਚ ਉਦੋਂ ਹਾਸਾ ਖਿੜ ਗਿਆ ਜਦੋਂ ਜੱਸੀ ਤੋਂ ਪੁੱਛਿਆ ਗਿਆ ਕਿ ਉਹ ਡੇਰਾ ਮੁਖੀ ਦੀ ਖਾਸਮ-ਖਾਸ ਹਨੀਪ੍ਰੀਤ ਨੂੰ ਕਿੰਨਾ ਕੁ ਜਾਣਦੇ ਸਨ ਤਾਂ ਉਨ੍ਹਾਂ ਕਿਹਾ ਕਿ ''ਮੈਂ ਤਾਂ ਵਿਚਾਰੀ ਨੂੰ ਦੋ ਕੁ ਵਾਰ ਹੀ ਦੂਰੋਂ ਦੇਖਿਆ ਹੈ।'' ਵਿਚਾਰੀ ਸ਼ਬਦ ਉਨ੍ਹਾਂ ਦੋ ਵਾਰ ਵਰਤਿਆ ਤੇ ਖੁਦ ਵੀ ਹੱਸ ਪਏ। ਇਸ ਮੌਕੇ ਰੁਪਿੰਦਰ ਬਿੰਦਰਾ, ਗੁਰਮੀਤ ਸਿੰਘ ਤੇ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ।


Related News