ਭਾਖੜੀਆਣਾ ਗੋਲੀਕਾਂਡ ਦੇ ਦੋਸ਼ੀ ਜਲਦੀ ਗ੍ਰਿਫ਼ਤਾਰ ਨਾ ਹੋਏ ਤਾਂ ਥਾਣਾ ਰਾਵਲਪਿੰਡੀ ਦਾ ਕਰਾਂਗੇ ਘਿਰਾਓ : ਬਲਵੀਰ ਕੌਰ

Monday, Jul 14, 2025 - 09:51 AM (IST)

ਭਾਖੜੀਆਣਾ ਗੋਲੀਕਾਂਡ ਦੇ ਦੋਸ਼ੀ ਜਲਦੀ ਗ੍ਰਿਫ਼ਤਾਰ ਨਾ ਹੋਏ ਤਾਂ ਥਾਣਾ ਰਾਵਲਪਿੰਡੀ ਦਾ ਕਰਾਂਗੇ ਘਿਰਾਓ : ਬਲਵੀਰ ਕੌਰ

ਫਗਵਾੜਾ (ਜਲੋਟਾ) : ਫਗਵਾੜਾ ਦੇ ਨਜ਼ਦੀਕੀ ਪਿੰਡ ਭਾਖੜੀਆਣਾ ਵਿਖੇ ਬੀਤੀ 9 ਜੁਲਾਈ ਦੀ ਸ਼ਾਮ ਨੂੰ ਵਾਪਰੇ ਗੋਲੀਕਾਂਡ ਨੂੰ ਲੈ ਕੇ ਗੋਲੀ ਦਾ ਸ਼ਿਕਾਰ ਬਣੇ ਪਰਮਜੀਤ ਸਿੰਘ ਪੁੱਤਰ ਤਾਰਾ ਸਿੰਘ ਦੀ ਪਤਨੀ ਬਲਵੀਰ ਕੌਰ ਅਤੇ ਪਰਿਵਾਰਕ ਮੈਂਬਰਾਂ ਨੇ ਪੰਚਾਇਤ ਦੀ ਹਾਜ਼ਰੀ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਵੱਡੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਗੋਲੀਕਾਂਡ ਦੇ ਦੋਸ਼ੀ ਜਲਦੀ ਨਾ ਫੜੇ ਗਏ ਤਾਂ ਥਾਣਾ ਰਾਵਲਪਿੰਡੀ ਦਾ ਘਿਰਾਓ ਕੀਤਾ ਜਾਵੇਗਾ। ਉਕਤ ਮਾਮਲੇ 'ਚ ਥਾਣਾ ਰਾਵਲਪਿੰਡੀ ਦੀ ਪੁਲਸ ਵਲੋਂ ਅਣਪਛਾਤੇ ਸ਼ੂਟਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

 ਇਹ ਵੀ ਪੜ੍ਹੋ : ਫਿਲੌਰ 'ਚ ਚੱਲ ਗਿਆ 'ਪੀਲਾ ਪੰਜਾ', ਨਸ਼ਾ ਸਮੱਗਲਰ ਦਾ ਢਾਹ ਦਿੱਤਾ ਘਰ

ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਭਾਖੜੀਆਣਾ ’ਤੇ ਮੋਟਰਸਾਈਕਲ ਸਵਾਰ 2 ਅਣਪਛਾਤੇ ਸ਼ੂਟਰਾਂ ਨੇ ਦੋ ਰਾਊਂਡ ਫਾਇਰਿੰਗ ਕੀਤੀ ਸੀ ਜਿਸ ਵਿੱਚ ਇਕ ਗੋਲੀ ਪਰਮਜੀਤ ਸਿੰਘ ਦੇ ਪੱਟ ’ਤੇ ਲੱਗੀ ਸੀ ਅਤੇ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਮਾਮਲੇ ’ਚ ਹਾਲੇ ਤੱਕ ਪੁਲਸ ਨੇ ਨਾ ਤਾਂ ਕਿਸੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਨਾ ਹੀ ਗੋਲੀਆਂ ਚਲਾ ਕੇ ਮੋਟਰਸਾਈਕਲ ’ਤੇ ਫਿਲਮੀ ਸਟਾਈਲ ’ਚ ਫਰਾਰ ਹੋਏ ਸ਼ੂਟਰਾਂ ਦੀ ਕੋਈ ਪਛਾਣ ਹੀ ਹੋ ਸਕੀ ਹੈ। ਜਦਕਿ ਸ਼ੂਟਰਾਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹਨ। ਬਲਵੀਰ ਕੌਰ ਅਨੁਸਾਰ ਉਨ੍ਹਾਂ ਦਾ ਜ਼ਮੀਨ ਦੀ ਵੰਡ ਨੂੰ ਲੈ ਕੇ ਪਰਿਵਾਰਕ ਵਿਵਾਦ ਚੱਲ ਰਿਹਾ ਹੈ ਜਿਸ ਬਾਰੇ ਥਾਣਾ ਰਾਵਲਪਿੰਡੀ ਪੁਲਸ ਨੂੰ ਵੀ ਦਰਖਾਸਤ ਦਿੱਤੀ ਗਈ ਸੀ, ਪਰ ਅਫਸੋਸ ਵਾਲੀ ਗੱਲ ਇਹ ਹੈ ਕਿ ਪੁਲਸ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਅਤੇ ਫਿਰ ਇਹ ਮੰਦਭਾਗੀ ਘਟਨਾ ਵਾਪਰ ਗਈ। ਉਹਨਾਂ ਕਿਹਾ ਕਿ ਇਸ ਗੋਲੀਕਾਂਡ ‘ਚ ਉਸ ਦੇ ਪਤੀ ਦੀ ਜਾਨ ਵੀ ਜਾ ਸਕਦੀ ਸੀ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਜੇਕਰ ਦੋਸ਼ੀ ਗ੍ਰਿਫਤਾਰ ਨਾ ਹੋਏ ਤਾਂ ਉਹਨਾਂ ਦੇ ਘਰ ‘ਤੇ ਵੀ ਦੁਬਾਰਾ ਹਮਲਾ ਹੋ ਸਕਦਾ ਹੈ। 

ਇਹ ਵੀ ਪੜ੍ਹੋ : ਤਕਨੀਕੀ ਖਰਾਬੀ ਕਾਰਨ ਏਅਰ ਇੰਡੀਆ ਦੀ ਹੈਦਰਾਬਾਦ ਜਾਣ ਵਾਲੀ ਉਡਾਣ ਰੱਦ, ਮੁਸਾਫਰਾਂ ਵੱਲੋਂ ਹੰਗਾਮਾ

ਇਸ ਮੌਕੇ ਸਰਪੰਚ ਪਤੀ ਸੰਤੋਖ ਸਿੰਘ, ਮਨਜੀਤ ਸਿੰਘ, ਜੋਗਿੰਦਰ ਸਿੰਘ, ਮਲਕੀਤ ਚੰਦ, ਜਤਿੰਦਰ ਸਿੰਘ, ਪਲਵਿੰਦਰ ਸਿੰਘ, ਜੋਗਾ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਸ਼ਾਮਾ, ਅਮਰਜੀਤ ਸਿੰਘ ਮਾਣਕ, ਹਰਵਿੰਦਰ ਸਿੰਘ, ਮੇਜਰ ਸਿੰਘ, ਤਲਵਿੰਦਰ ਸਿੰਘ, ਜੀਵਨ ਰਾਏ, ਪ੍ਰਦੀਪ ਕੁਮਾਰ, ਸੁਰਿੰਦਰ ਸਿੰਘ, ਅਮਰਜੀਤ ਸਿੰਘ ਅਤੇ ਦਵਿੰਦਰ ਸਿੰਘ ਆਦਿ ਹਾਜ਼ਰ ਸਨ।

ਕੀ ਕਹਿਣਾ ਹੈ ਫਗਵਾੜਾ ਪੁਲਸ ਦਾ
ਇਸ ਗੰਭੀਰ ਮਾਮਲੇ 'ਤੇ ਫਗਵਾੜਾ ਪੁਲਸ ਦਾ ਦਾਅਵਾ ਹੈ ਕਿ ਇਸ ਮਾਮਲੇ ਨੂੰ ਜਲਦੀ ਟਰੇਸ ਕਰ ਕੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨੂੰ ਪੂਰਾ ਕੀਤਾ ਜਾਵੇਗਾ ਅਤੇ ਦੋਸ਼ੀ ਸਲਾਖਾਂ ਦੇ ਪਿੱਛੇ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News