ਸਰਕਾਰ ਨੇ ਮੀਟਿੰਗ ’ਚ ਮੰਗਾਂ ਦਾ ਹੱਲ ਨਾ ਕੀਤਾ ਤਾਂ ਦਿੱਲੀ ਕੂਚ ਕਰਾਂਗੇ : ਡੱਲੇਵਾਲ

02/19/2024 4:01:28 PM

ਪਟਿਆਲਾ/ਸਨੌਰ (ਮਨਦੀਪ ਜੋਸਨ) : ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਬੈਰੀਅਰ ’ਤੇ ਸੰਯੁਕਤ ਕਿਸਾਨ ਮੋਰਚੇ (ਗੈਰ-ਰਾਜਨੀਤਕ) ਦੇ ਸੱਦੇ ’ਤੇ ਕਿਸਾਨ ਅੰਦੋਲਨ ਅੱਜ 6ਵੇਂ ਦਿਨ ਵੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਰਿਹਾ। ਇਸ ਮੌਕੇ ਸ਼ੰਭੂ ਬੈਰੀਅਰ ’ਤੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਭਾਕਿਯੂ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਕ ਪਾਸੇ ਸਰਕਾਰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨ ਦੀ ਗੱਲ ਕਰ ਰਹੀ ਹੈ ਪਰ ਦੂਜੇ ਪਾਸੇ ਬਾਰਡਰ ’ਤੇ ਸੁਰੱਖਿਆ ਲਈ ਲਾਈ ਪੁਲਸ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ ਪਰ ਉੱਥੇ ਅਜਿਹੇ ਵਿਅਕਤੀ ਤਾਇਨਾਤ ਹਨ, ਜਿਨ੍ਹਾਂ ਦੇ ਨਾ ਤਾਂ ਨਾਮ ਪਲੇਟ ਹੈ ਅਤੇ ਨਾ ਹੀ ਉਹ ਮੁਲਾਜ਼ਮ ਲੱਗਦੇ ਹਨ। ਇਸ ਤੋਂ ਜਾਪਦਾ ਹੈ ਕਿ ਸਰਕਾਰ ਦੀ ਨੀਅਤ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਤੀਜੇ ਗੇੜ ਦੀ ਮੀਟਿੰਗ ਦੌਰਾਨ ਕੇਂਦਰੀ ਮੰਤਰੀਆਂ ਨੇ ਐਤਵਾਰ ਤੱਕ ਦਾ ਸਮਾਂ ਮੰਗਦਿਆਂ ਕਿਹਾ ਸੀ ਕਿ ਅਸੀਂ ਅਗਲੀ ਮੀਟਿੰਗ ’ਚ ਫਰੇਮਵਰਕ ਕਰ ਕੇ ਆਵਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਟਾਲ-ਮਟੋਲ ਨਾ ਕਰਦਿਆਂ ਮੰਗਾਂ ਮੰਨ ਕੇ ਕਿਸਾਨਾਂ ਦਾ ਅੰਦੋਲਨ ਖ਼ਤਮ ਕਰਵਾਏ। ਜੇਕਰ ਚੋਣ ਜ਼ਾਬਤਾ ਲੱਗ ਗਿਆ ਤਾਂ ਅਸੀਂ ਘਰਾਂ ਨੂੰ ਜਾਣ ਵਾਲੇ ਨਹੀਂ ਹਾਂ। ਅਸੀਂ ਪੂਰੀ ਤਰ੍ਹਾਂ ਬਿਨਾਂ ਰਾਜਨੀਤੀ ਦੇ ਆਪਣੀਆਂ ਮੰਗਾਂ ਮਨਵਾਉਣ ਦੀ ਗੁਹਾਰ ਲਾ ਰਹੇ ਹਾਂ। ਕੇਂਦਰ ਸਰਕਾਰ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਮੰਗਾਂ ਦਾ ਹੱਲ ਕੱਢੇ ਤਾਂ ਜੋ ਕਿਸਾਨਾਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪਵੇ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਥਾਣੇਦਾਰ ਦਾ ਪਿੰਡ ਵਾਸੀਆਂ ਨਾਲ ਪਿਆ ਪੰਗਾ, ਅੱਧੀ ਰਾਤ ਨੂੰ ਪੈ ਗਿਆ ਚੀਕ-ਚਿਹਾੜਾ

ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਿਰ ’ਤੇ 18 ਲੱਖ ਕਰੋੜ ਦਾ ਕਰਜ਼ਾ ਹੈ, ਜਿਸ ਨੂੰ ਉਤਾਰਨ ਦੀ ਗੱਲ ਨਹੀਂ ਕੀਤੀ ਜਾਂਦੀ। ਜੇਕਰ ਮੀਟਿੰਗ ’ਚ ਕੋਈ ਹੱਲ ਨਾ ਨਿਕਲਿਆ ਤਾਂ ਦਿੱਲੀ ਕੂਚ ਕਰਨ ਦਾ ਐਲਾਨ ਪਹਿਲਾਂ ਵਾਂਗ ਕਾਇਮ ਹੈ। ਕੇਂਦਰ ਸਰਕਾਰ ਜਾਂ ਤਾਂ ਸਾਡੀਆਂ ਮੰਗਾਂ ਦਾ ਹੱਲ ਕਰੇ ਜਾਂ ਦਿੱਲੀ ਵਿਖੇ ਰੋਸ ਧਰਨੇ ਲਈ ਜਗ੍ਹਾ ਦਾ ਪ੍ਰਬੰਧ ਕਰ ਕੇ ਦੇਵੇ। ਕਿਸਾਨ ਆਗੂ ਤੇਜਬੀਰ ਸਿੰਘ ਹਰਿਆਣਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਖੁਦ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ 2012 ’ਚ ਖੁਦ ਫਸਲਾਂ ’ਤੇ ਐੱਮ. ਐੱਸ. ਪੀ. ਸੀਟੂ ਪਲੱਸ 50 ਦੀ ਮੰਗ ਕੀਤੀ ਸੀ। ਅਸੀਂ 10 ਸਾਲਾਂ ’ਚ ਸਮਝਦੇ ਰਹੇ ਕਿ ਉਹ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣਗੇ ਪਰ ਅਜਿਹਾ ਨਹੀਂ ਹੋ ਸਕਿਆ ਅਤੇ ਅੱਜ ਕਿਸਾਨਾਂ ਨੂੰ ਆਪਣੀਆਂ ਮੰਗਾਂ ਦੇ ਸਬੰਧ ’ਚ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹਨ। ਤੁਸੀਂ ਦੇਖਿਆ ਹੈ ਕਿ ਹਰਿਆਣਾ ਵਿਖੇ ਬੀ. ਐੱਸ. ਐੱਫ. ਅਤੇ ਸੀ. ਆਰ. ਪੀ. ਐੱਫ. ਲਾਉਣ ਅਤੇ ਕਿਸਾਨਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ ਪਰ ਇਸ ਸਭ ਤੋਂ ਬਾਅਦ ਹੁਣ ਇਹ ਲਹਿਰ ਉੱਠ ਚੁੱਕੀ ਹੈ ਤੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ, ਬਾਰਡਰਾਂ ’ਤੇ ਪੱਕੇ ਰੋਸ ਧਰਨੇ, ਪੰਚਾਇਤਾਂ ਦੇ ਨਾਲ ਮੀਟਿੰਗਾਂ ਆਦਿ ਕੀਤੀਆਂ ਜਾ ਰਹੀਆਂ ਹਨ। ਇਸ ਤਾਨਾਸ਼ਾਹੀ ਰਵੱਈਏ ਦੇ ਬਾਵਜੂਦ ਹਰਿਆਣਾ ਦਾ ਕਿਸਾਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਖੜ੍ਹਾ ਹੈ। ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਸਕੱਤਰ ਬਲਕਾਰ ਸਿੰਘ ਬੈਂਸ, ਪ੍ਰੈੱਸ ਸਕੱਤਰ ਜਸਵੀਰ ਸਿੰਘ ਚੰਦੂਆ, ਮੀਤ ਪ੍ਰਧਾਨ ਦਲਜੀਤ ਸਿੰਘ ਚਮਾਰੂ ਸਮੇਤ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ : ਗਰਭਵਤੀ ਔਰਤਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e
 


Anuradha

Content Editor

Related News