ICP ’ਤੇ ਅਫਗਾਨਿਸਤਾਨ ਤੋਂ ਆਉਣ ਵਾਲੀਆਂ ਵਸਤਾਂ ਦੀ 100 ਫੀਸਦੀ ਚੈਕਿੰਗ ਕਰ ਰਿਹੈ ਕਸਟਮ ਵਿਭਾਗ
Tuesday, Oct 12, 2021 - 12:01 PM (IST)
ਅੰਮ੍ਰਿਤਸਰ (ਨੀਰਜ) - ਇਕ ਪਾਸੇ ਜਿੱਥੇ ਗੁਜਰਾਤ ’ਚ ਅਡਾਨੀ ਗਰੁੱਪ ਨੇ ਪਾਕਿਸਤਾਨ, ਈਰਾਨ ਅਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਕੰਟੇਨਰਾਂ ਨੂੰ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਉਥੇ ਹੀ ਅੰਮ੍ਰਿਤਸਰ ਦੇ ਅਟਾਰੀ ਬਾਰਡਰ ’ਤੇ ਪਾਕਿਸਤਾਨ ਨਾਲ ਲੱਗਦੀ ਆਈ. ਸੀ. ਪੀ. (ਇੰਟੀਗਰੇਟਿਡ ਚੈੱਕ ਪੋਸਟ) ’ਤੇ ਅਫਗਾਨਿਸਤਾਨ ਤੋਂ ਡਰਾਈ ਫਰੂਟ ਅਤੇ ਹੋਰ ਵਸਤਾਂ ਦੀ ਦਰਾਮਦ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਸਟਮ ਕਮਿਸ਼ਨਰ ਰਾਹੁਲ ਨਾਂਗਰੇ ਨੇ ਦੱਸਿਆ ਕਿ ਕਸਟਮ ਵਿਭਾਗ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਪੂਰੀ ਤਰ੍ਹਾਂ ਨਾਲ ਅਲਰਟ ਹੈ ਅਤੇ ਅਫਗਾਨਿਸਤਾਨ ਤੋਂ ਆਉਣ ਵਾਲੀਆਂ ਵਸਤਾਂ ਦੀ 100 ਫੀਸਦੀ ਚੈਕਿੰਗ ਕਰ ਰਿਹਾ ਹੈ। ਇਸ ਸਮੇਂ ਅਫਗਾਨਿਸਤਾਨ ਤੋਂ ਡਰਾਈਫਰੂਟ ਅਤੇ ਗੰਢਿਆਂ ਦੀ ਦਰਾਮਦ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਹਾਲ ਹੀ ’ਚ ਗੁਜਰਾਤ ਦੇ ਮੁਦਰਾ ਬੰਦਰਗਾਹ ’ਤੇ ਜ਼ਬਤ ਕੀਤੀ 3000 ਕਿਲੋ ਹੈਰੋਇਨ ਅਤੇ ਮੁੰਬਈ ਬੰਦਰਗਾਹ ’ਤੇ ਵਾਰ-ਵਾਰ ਜ਼ਬਤ ਕੀਤੀ ਜਾ ਰਹੀ 300 ਕਿਲੋ ਹੈਰੋਇਨ ਦੇ ਮਾਮਲਿਆਂ ’ਤੇ ਵਿਭਾਗ ਦੀ ਪੈਨੀ ਨਜ਼ਰ ਹੈ। ਪਾਕਿਸਤਾਨ ਅਤੇ ਅਫਗਾਨਿਸਤਾਨ ’ਚ ਬੈਠੇ ਸਮੱਗਲਰ ਆਈ. ਸੀ. ਪੀ. ਅਟਾਰੀ ਨੂੰ ਵੀ ਹੈਰੋਇਨ ਸਮੱਗਲਿੰਗ ਦਾ ਜ਼ਰੀਆ ਬਣਾ ਸਕਦੇ ਹਨ। ਇਸ ਲਈ ਵਿਭਾਗ ਪੂਰੀ ਮੁਸਤੈਦੀ ਨਾਲ ਵਸਤਾਂ ਦੀ ਚੈਕਿੰਗ ਦਾ ਕੰਮ ਕਰ ਰਿਹਾ ਹੈ। ਆਈ. ਸੀ. ਪੀ. ’ਤੇ ਤਾਇਨਾਤ ਸਾਰੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਈਮਾਨਦਾਰੀ ਅਤੇ ਸਖਤੀ ਨਾਲ ਦਰਾਮਦ ਵਸਤਾਂ ਦੀ ਰੈਮਜਿੰਗ ਕਰੇ ਅਤੇ ਇਕ ਵੀ ਬੋਰੀ ਬਿਨਾਂ ਚੈਕਿੰਗ ਦੇ ਨਹੀਂ ਨਿਕਲਣੀ ਚਾਹੀਦੀ ਹੈ।
ਆਈ. ਸੀ. ਪੀ. ’ਤੇ ਫੜੀ ਜਾ ਚੁੱਕੀ ਹੈ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ
ਆਈ. ਸੀ. ਪੀ. ਅਟਾਰੀ ਬਾਰਡਰ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਗੁਜਰਾਤ ਅਤੇ ਮੁੰਬਈ ਬੰਦਰਗਾਹ ’ਤੇ ਹੈਰੋਇਨ ਦੀ ਭਾਰੀ ਖੇਪ ਫੜੇ ਜਾਣ ਨਾਲ 2 ਸਾਲ ਪਹਿਲਾਂ 30 ਜੂਨ 2019 ਦੇ ਦਿਨ ਪਾਕਿਸਤਾਨ ਤੋਂ ਦਰਾਮਦ ਨਮਕ ਦੀ ਖੇਪ ਤੋਂ ਕਸਟਮ ਵਿਭਾਗ ਨੇ 532 ਕਿਲੋ ਹੈਰੋਇਨ ਨੂੰ ਫੜਿਆ ਸੀ। ਇਸ ’ਚ 52 ਕਿਲੋ ਮਿਕਸਡ ਨਾਰਕੋਟਿਕਸ ਵੀ ਸੀ। ਇਹ ਖੇਪ ਉਸ ਸਮੇਂ ’ਚ ਦੇਸ਼ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਸੀ ਪਰ ਮੌਜੂਦਾ ਸਮੇਂ ’ਚ ਗੁਜਰਾਤ ’ਚ ਫੜੀ 3000 ਕਿਲੋ ਹੈਰੋਇਨ ਦੀ ਖੇਪ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਦੂਜੇ ਪਾਸੇ ਮੁੰਬਈ ਬੰਦਰਗਾਹ ’ਤੇ ਵੀ ਕਈ ਵਾਰ 300 ਕਿਲੋ ਹੈਰੋਇਨ ਦੀ ਖੇਪ ਫੜੀ ਜਾ ਚੁੱਕੀ ਹੈ, ਜਿਸ ਅੰਦਾਜ਼ ’ਚ ਮੁੰਬਈ ਅਤੇ ਗੁਜਰਾਤ ਬੰਦਰਗਾਹ ’ਚ ਹੈਰੋਇਨ ਦੀ ਖੇਪ ਫੜੀ ਗਈ ਹੈ, ਇਹੀ ਅੰਦਾਜ਼ 2 ਸਾਲ ਪਹਿਲਾਂ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਰਣਜੀਤ ਸਿੰਘ ਚੀਦਾ ਅਤੇ ਉਸ ਦੇ ਮਾਸਟਰਮਾਈਂਡ ਸਮੱਗਲਰਾਂ ਨੇ ਅਪਣਾਇਆ ਸੀ। ਮੁੰਬਈ ਤੋਂ ਟਾਕ ਸਟੋਨ ’ਚ ਫੜੀ ਜਾ ਚੁੱਕੀ 300 ਕਿਲੋ ਹੈਰੋਇਨ ’ਚ ਤਾਂ ਤਰਨਤਾਰਨ ਦੇ ਚੌਹਲਾ ਸਾਹਿਬ ਵਾਸੀ ਪ੍ਰਭਜੀਤ ਸਿੰਘ ਨੂੰ ਡੀ. ਆਰ. ਆਈ. ਗ੍ਰਿਫਤਾਰ ਕਰ ਚੁੱਕੀ ਹੈ ਅਤੇ ਹੁਣ 3000 ਕਿਲੋ ਹੈਰੋਇਨ ਦੇ ਮਾਮਲੇ ’ਚ ਵੀ ਦਿੱਲੀ ਨਿਵਾਸੀ ਜਾਲੀ ਕੁਲਦੀਪ ਸਿੰਘ ਦਾ ਨਾਂ ਸਾਹਮਣੇ ਆ ਚੁੱਕਾ ਹੈ। ਇਹ ਕੁਲਦੀਪ ਸਿੰਘ ਕੌਣ ਹੈ ਅਤੇ ਕਿੱਥੇ ਦਾ ਰਹਿਣ ਵਾਲਾ ਹੈ, ਇਸ ਦਾ ਖੁਲਾਸਾ ਜਲਦ ਹੋਣ ਵਾਲਾ ਹੈ। ਇਸ ਗੱਲ ਦੀ ਸੰਭਾਵਨਾ ਤੋਂ ਮਨਾਹੀ ਨਹੀਂ ਕੀਤੀ ਜਾ ਸਕਦੀ ਕਿ ਗੁਜਰਾਤ ਬੰਦਰਗਾਹ ਬੰਦ ਹੋਣ ਤੋਂ ਬਾਅਦ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸਮੱਗਲਰ ਆਈ. ਸੀ. ਪੀ. ਅਟਾਰੀ ਦਾ ਰੁਟ ਆਪਣਾ ਸਕਦੇ ਹਨ।