ਹੱਦ ਹੋ ਗਈ! ਚੋਰ ਕ੍ਰੇਨ ਨਾਲ ਏ. ਟੀ. ਐੱਮ. ਹੀ ਪੁੱਟ ਕੇ ਲੈ ਗਏ (ਵੀਡੀਓ)
Wednesday, May 08, 2019 - 04:30 PM (IST)
ਰੂਪਨਗਰ (ਸੱਜਣ ਸੈਣੀ)— ਰੂਪਨਗਰ 'ਚ ਚੋਰਾਂ ਵੱਲੋਂ ਕ੍ਰੇਨ ਦੀ ਮਦਦ ਨਾਲ ਏ. ਟੀ. ਐੱਮ. ਨੂੰ ਹੀ ਉਖਾੜ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਹੋਈ ਏ. ਟੀ. ਐੱਮ. ਮਸ਼ੀਨ ਆਈ. ਸੀ. ਆਈ. ਸੀ. ਆਈ. ਬੈਂਕ ਦੀ ਹੈ ਅਤੇ ਇਹ ਰੂਪਨਗਰ ਦੇ ਪੁਰਾਣੇ ਬੱਸੇ ਅੱਡੇ 'ਚ ਲੱਗੀ ਸੀ। ਚੋਰਾਂ ਵੱਲੋਂ ਪਹਿਲਾਂ ਕ੍ਰੇਨ ਚੋਰੀ ਕੀਤੀ ਗਈ ਅਤੇ ਬਾਅਦ 'ਚ ਕ੍ਰੇਨ ਦੀ ਮਦਦ ਨਾਲ ਏ. ਟੀ. ਐੱਮ. ਉਖਾੜਿਆ। ਇਸ ਤੋਂ ਬਾਅਦ ਕ੍ਰੇਨ ਨੂੰ ਮੌਕੇ 'ਤੇ ਛੱਡ ਕੇ ਏ. ਟੀ. ਐੱਮ. ਚੋਰੀ ਕਰਕੇ ਲੈ ਗਏ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਫੁਟੇਜ ਮੁਤਾਬਕ ਇਹ ਚੋਰੀ ਰਾਤ ਨੂੰ 1.45 ਤੋਂ 3.15 ਵਿਚਾਲੇ ਹੋਈ ਹੈ।
ਏ. ਟੀ. ਐੱਮ. 'ਚ ਕੈਸ਼ ਪਾਉਣ ਵਾਲੇ ਮੁਲਾਜ਼ਮ ਦਲਬੀਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ਾਮ 5 ਵਜੇ 5 ਲੱਖ ਰੁਪਏ ਪਾ ਕੇ ਗਏ ਸਨ ਅਤੇ ਪਹਿਲਾਂ ਵੀ 7.50 ਲੱਖ ਰੁਪਏ ਦਾ ਕੈਸ਼ ਸੀ। ਏ. ਟੀ. ਐੱਮ. 'ਚ ਕੁੱਲ 12.50 ਲੱਖ ਰੁਪਏ ਦਾ ਕੈਸ਼ ਸੀ। ਕ੍ਰੇਨ ਮਾਲਕ ਨੇ ਦੱਸਿਆ ਕਿ ਉਸ ਦੀ ਕ੍ਰੇਨ ਚੋਰੀ ਹੋ ਗਈ ਅਤੇ ਪੁਲਸ ਤੋਂ ਹੀ ਉਸ ਨੂੰ ਆਪਣੀ ਕ੍ਰੇਨ ਮਿਲਣ ਦੀ ਸੂਚਨਾ ਮਿਲੀ।
ਜ਼ਿਕਰਯੋਗ ਹੈ ਕਿ ਰੂਪਨਗਰ 'ਚ ਲਗਾਤਾਰ ਹੋ ਰਹੀਆਂ ਚੋਰੀਆਂ ਨੇ ਪੁਲਸ ਦੇ ਸੁਰੱਖਿਆ ਤੰਤਰ ਦੀ ਪੋਲ ਖੋਲ੍ਹ ਦਿੱਤੀ ਹੈ, ਕਿਉਂਕਿ ਬੱਸ ਅੱਡੇ 'ਚ ਸ਼ਰੇਆਮ ਸੜਕ 'ਚ ਕ੍ਰੇਨ ਲਗਾ ਕੇ ਚੋਰਾਂ ਵੱਲੋਂ ਏ. ਟੀ. ਐੱਮ. ਉਖਾੜ ਕੇ ਲਿਜਾਣਾ ਪੁਲਸ ਦੀ ਕਾਰਗੁਜ਼ਾਰੀ ਵੱਲ ਇਸ਼ਾਰਾ ਕਰਦਾ ਹੈ। ਰੂਪਨਗਰ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੈਂਕ ਨੂੰ ਸੂਚਿਤ ਕਰ ਦਿੱਤਾ ਗਿਆ ਹੈ।