ਮੈਂ ਪੰਜਾਬ ਦੀ ਕਿਸਾਨੀ ਨੂੰ ਡੁੱਬਣ ਨਹੀਂ ਦੇਵਾਂਗਾ : ਕੈਪਟਨ

10/06/2020 2:14:20 AM

ਪਟਿਆਲਾ/ਸਮਾਣਾ, (ਅਨੇਜਾ)- ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਮੰਡੀ ਬੋਰਡ ਨੇ ਪਿੰਡਾਂ ਦੀਆਂ ਸਡ਼ਕਾਂ ਦਾ ਨਿਰਮਾਣ ਕਰਨਾ ਹੁੰਦਾ ਹੈ। ਜੇਕਰ ਐੱਫ. ਸੀ. ਆਈ. ਦੀ ਖਰੀਦ ਬੰਦ ਹੋ ਜਾਵੇਗੀ, ਮੰਡੀਆਂ ਬੰਦ ਹੋ ਜਾਣਗੀਆਂ ਤਾਂ ਪਿੰਡਾਂ ਦੀਆਂ ਸਡ਼ਕਾਂ ਕਿੱਥੋਂ ਬਣਨਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ‘ਖੇਤੀ ਸੁਧਾਰ ਕਾਨੂੰਨਾਂ’ ਨੂੰ ਰੱਦ ਕਰਵਾਉਣ ਲਈ ਕਾਨੂੰਨੀ ਮਾਹਿਰਾਂ ਨਾਲ ਮਸ਼ਵਰਾ ਕਰ ਕੇ ਜਾਂ ਇਸ ਲਈ ਸਪੈਸ਼ਲ ਸੈਸ਼ਨ ਸੱਦ ਕੇ ਰੱਦ ਕਰਵਾਇਆ ਜਾ ਸਕਦਾ ਹੈ। ਇਸ ਲਈ ਜਿਨੀ ਲੰਮੀ ਲਡ਼ਾਈ ਸਾਨੂੰ ਲਡ਼ਨੀ ਪਈ ਲਡ਼ਾਂਗੇ। ਉਨ੍ਹਾਂ ਕਿਹਾ ਕਿ ਮੋਦੀ ਨੂੰ ਕਿਸਾਨਾਂ ਦੇ ਸਿਸਟਮ ਬਾਰੇ ਕੁੱਝ ਵੀ ਪਤਾ ਨਹੀਂ ਹੈ। ਚੰਦ ਪੁੰਜੀਪਤੀਆਂ ਦੇ ਕਹਿਣ ’ਤੇ ਅਤੇ ਉਨ੍ਹਾਂ ਦੇ ਹਿੱਤਾਂ ਲਈ ਇਹ ਕਾਨੂੰਨ ਬਣਾ ਦਿੱਤਾ ਹੈ ਪਰ ਮੈਂ ਪੰਜਾਬ ਦੀ ਕਿਸਾਨੀ ਨੂੰ ਡੁੱਬਣ ਨਹੀਂ ਦੇਵਾਂਗਾ।

ਖੇਤੀ ਕਾਨੂੰਨਾਂ ਕਾਰਣ ਖੇਤੀਬਾਡ਼ੀ ਦਾ ਭਵਿੱਖ ਖਤਰੇ ਵਿਚ : ਕੈ. ਅਮਰਿੰਦਰ
ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਸੁਧਾਰ ਕਾਨੂੰਨਾਂ ਕਾਰਣ ਖੇਤੀਬਾਡ਼ੀ ਦਾ ਭਵਿੱਖ ਵੱਡੇ ਖ਼ਤਰੇ ’ਚ ਪੈ ਗਿਆ ਹੈ ਕਿਉਂ ਜੋ ਦਿੱਲੀ ਸਰਕਾਰ ਨੇ ਇਹ ਕਾਨੂੰਨ ਕਿਸਾਨਾਂ ਅਤੇ ਸੂਬਿਆਂ ’ਤੇ ਜ਼ਬਰਦਸਤੀ ਥੋਪਿਆ ਹੈ। ਉਨ੍ਹਾਂ ਸਾਵਧਾਨ ਕਰਦਿਆਂ ਕਿਹਾ ਕਿ ਛੋਟੇ ਕਿਸਾਨ, ਜੋ ਕਿਸਾਨੀ ਭਾਈਚਾਰੇ ਦਾ 70 ਫੀਸਦੀ ਹਿੱਸਾ ਹਨ, ਇਨ੍ਹਾਂ ਕਾਨੂੰਨਾਂ ਨਾਲ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ। ਕਿਸਾਨੀ ਭਾਈਚਾਰੇ ਨੂੰ ਕੋਈ ਨੁਕਸਾਨ ਨਾ ਹੋਣ ਦੇਣ ਦਾ ਵਾਅਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਅਤੇ ਇਸ ਦੇ ਕਿਸਾਨਾਂ ਨੂੰ ਲੰਬੇ ਸਮੇਂ ਤੋਂ ਚੱਲੇ ਆ ਰਹੇ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਸਾਨਾਂ ਨੂੰ ਲੰਬੇ ਅਤੇ ਮੁਸ਼ਕਲ ਭਰੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਉਪਰੰਤ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਅਤੇ ਆਡ਼੍ਹਤੀਆਂ ਨਾਲ ਗੱਲਬਾਤ ਕਰਨ ਲਈ ਦਾਣਾ ਮੰਡੀ ਗਏ ਅਤੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਉਨ੍ਹਾਂ ਦੇ ਹੱਕਾਂ ਰਾਖੀ ਲਈ ਹਰ ਲਡ਼ਾਈ ਲਡ਼ੇਗੀ।

ਇਸ ਰੈਲੀ ’ਚ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖਡ਼, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ (ਕੈਬਨਿਟ ਮੰਤਰੀ ਰੈਂਕ) ਲਾਲ ਸਿੰਘ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੌਤ, ਵਿਧਾਇਕ ਰਜਿੰਦਰ ਸਿੰਘ, ਵਿਜੇਇੰਦਰ ਸਿੰਗਲਾ ਤੋਂ ਇਲਾਵਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਹਰਦਿਆਲ ਕੰਬੋਜ, ਮਦਨ ਲਾਲ ਜਲਾਲਪੁਰ, ਨਿਰਮਲ ਸਿੰਘ, ਕੁਲਜੀਤ ਸਿੰਘ ਨਾਗਰਾ ਅਤੇ ਇੰਦੂ ਮਲਹੋਤਰਾ, ਪੰਜਾਬ ਮਹਿਲਾ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਗੁਰਸਰਨ ਕੌਰ ਰੰਧਾਵਾ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਤੇ ਜਨਰਲ ਸਕੱਤਰ ਮੋਹਿਤ ਮਹਿੰਦਰਾ ਹਾਜ਼ਰ ਸਨ।
 


Bharat Thapa

Content Editor

Related News