ਆਈ ਫਲੂ ਦੀ ਲਪੇਟ ''ਚ ਆਇਆ ਪੰਜਾਬ ਦਾ ਇਹ ਜ਼ਿਲ੍ਹਾ, 80 ਫ਼ੀਸਦੀ ਬੱਚੇ-ਬਜ਼ੁਰਗ ਹੋ ਚੁੱਕੇ ਪ੍ਰਭਾਵਿਤ
Saturday, Aug 05, 2023 - 06:29 PM (IST)
ਗੁਰਦਾਸਪੁਰ (ਵਿਨੋਦ,ਸਾਰੰਗਲ)- ਪੰਜਾਬ ’ਚ ਆਈ ਫਲੂ ਦਾ ਕਹਿਰ ਜਿਵੇਂ-ਜਿਵੇਂ ਮਹਾਮਾਰੀ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ, ਉੱਥੇ ਹੀ ਇਹ ਹੁਣ ਤੱਕ ਦੇ ਸਭ ਤੋਂ ਘਾਤਕ ਰੂਪ ’ਚ ਗੁਰਦਾਸਪੁਰ ਵਿਚ ਸਾਹਮਣੇ ਆਇਆ ਹੈ। ਇਸ ਸਮੇਂ ਤੱਕ 80 ਫ਼ੀਸਦੀ ਬੱਚੇ ਅਤੇ ਬਜ਼ੁਰਗ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਇਸ ਦੇ ਪੀੜਤਾਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਇਸ ਸਬੰਧੀ ਸਿਵਲ ਹਸਪਤਾਲ ਵਿਖੇ ਅੱਖਾਂ ਦੇ ਮਾਹਿਰ ਡਾਕਟਰ ਬੀ. ਐੱਸ. ਔਲਖ ਨੇ ਦੱਸਿਆ ਕਿ ਇਸ ਬੀਮਾਰੀ ਦੇ ਮੁੱਖ ਲੱਛਣ ਅੱਖਾਂ ’ਚ ਪਾਣੀ ਆਉਣਾ, ਦਰਦ, ਸੋਜ, ਅੱਖਾਂ ਦਾ ਲਾਲ ਹੋਣਾ ਅਤੇ ਧੁੰਦਲਾ ਨਜ਼ਰ ਆਉਣਾ ਹਨ। ਡਾ. ਔਲਖ ਦਾ ਮੰਨਣਾ ਹੈ ਕਿ ਅੱਖਾਂ ਦਾ ਫਲੂ ਕਿਸੇ ਹੋਰ ਮਹਾਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਅੱਖਾਂ ਦੇ ਫਲੂ ਦੀਆਂ 3 ਕਿਸਮਾਂ ਹੁੰਦੀਆਂ ਹਨ, ਜਿਨ੍ਹਾਂ ’ਚੋਂ ਇਕ ਬੈਕਟੀਰੀਆ, ਦੂਜਾ ਐਲਰਜੀ ਕਾਰਨ ਅਤੇ ਤੀਜਾ ਵਾਇਰਸ ਕਾਰਨ ਹੁੰਦਾ ਹੈ। ਇਸ ਸਮੇਂ ਇਹ ਵਾਇਰਲ ਆਈ ਫਲੂ ਹੈ ਅਤੇ ਇਹ ਵਾਇਰਸ ਕਿਸੇ ਵੀ ਸਮੇਂ ਆਪਣਾ ਰੂਪ ਬਦਲਣ ਦੇ ਸਮਰੱਥ ਹੈ। ਵਾਇਰਲ ਆਈ ਫਲੂ ’ਚ ਸਾਹ ਪ੍ਰਣਾਲੀ ’ਤੇ ਵੀ ਪ੍ਰਭਾਵ ਦੇਖਿਆ ਗਿਆ ਹੈ। ਇਸ ਦਾ ਇਕ ਕਾਰਨ ਹਾਲ ਹੀ ’ਚ ਆਈਆਂ ਬਾਰਿਸ਼ਾਂ ਅਤੇ ਹੜ੍ਹਾਂ ਨੂੰ ਵੀ ਮੰਨਿਆ ਜਾ ਸਕਦਾ ਹੈ, ਕਿਉਂਕਿ ਹੜ੍ਹ ’ਚ ਕਈ ਤਰ੍ਹਾਂ ਦੇ ਪਸ਼ੂ ਮਾਰੇ ਗਏ ਹਨ, ਜਿਸ ਕਾਰਨ ਕਈ ਬੀਮਾਰੀਆਂ ਦਾ ਖ਼ਤਰਾ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਮਨੁੱਖਤਾ ਜਲਵਾਯੂ ਤਬਦੀਲੀ ਦੀ ਸਮੱਸਿਆ ਨਾਲ ਜੂਝ ਰਹੀ ਹੈ। ਇਸ ਤੋਂ ਇਲਾਵਾ ਮਨੁੱਖ ਦੁਆਰਾ ਖੁਦ ਪੈਦਾ ਕੀਤੀਆਂ ਬੀਮਾਰੀਆਂ ਵੀ ਹੋਰ ਬੀਮਾਰੀਆਂ ਦੇ ਵੱਧਣ ਦਾ ਕਾਰਨ ਬਣ ਰਹੀਆਂ ਹਨ ਕਿਉਂਕਿ ਹਜ਼ਾਰਾਂ ਸਾਲ ਪਹਿਲਾਂ ਜੈਨੇਟਿਕ ਤੌਰ ’ਤੇ ਸੋਧੇ ਹੋਏ ਭੋਜਨ ਅਤੇ ਬਦਲੀਆਂ ਹੋਈਆਂ ਨਸਲਾਂ ਕਾਰਨ ਜਾਨਵਰਾਂ ਅਤੇ ਮਨੁੱਖਾਂ ਦਾ ਡੀ. ਐੱਨ. ਏ. ਪ੍ਰਭਾਵਿਤ ਹੋ ਰਿਹਾ ਹੈ ਪਰ ਇਸ ਵਾਰ ਅੱਖਾਂ ਦੇ ਫਲੂ ਦਾ ਜੋ ਰੂਪ ਸਾਹਮਣੇ ਆ ਰਿਹਾ ਹੈ, ਉਹ ਕਿਸੇ ਹੋਰ ਮਹਾਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ। ਕੋਈ ਅਜਿਹੀ ਮਹਾਮਾਰੀ ਹੋ ਸਕਦੀ ਹੈ, ਜਿਸ ਬਾਰੇ ਪਹਿਲਾਂ ਕਦੇ ਨਹੀਂ ਸੁਣਿਆ ਗਿਆ। ਉਨ੍ਹਾਂ ਕਿਹਾ ਕਿ ਇਸ ਵਾਇਰਸ ਦਾ ਇਲਾਜ ਲੱਭਣਾ ਸਮੇਂ ਦੀ ਮੁੱਖ ਲੋੜ ਹੈ।
ਇਹ ਵੀ ਪੜ੍ਹੋ- ਚੰਡੀਗੜ੍ਹ ਰੂਟ 'ਤੇ ਚੱਲਦੀ ਪਨ ਬੱਸ ਨੂੰ ਲੱਗੀ ਭਿਆਨਕ ਅੱਗ, ਸੜ ਕੇ ਹੋਈ ਸੁਆਹ
ਰੋਜ਼ਾਨਾ ਸਕੂਲਾਂ ਦੇ 10 ਤੋਂ 15 ਵਿਦਿਆਰਥੀ ਹੋ ਰਹੇ ਸ਼ਿਕਾਰ, ਮਾਪੇ ਚਿੰਤਤ
ਹਲਕਾ ਫਤਿਹਗੜ੍ਹ ਚੂੜੀਆਂ ਦੀ ਗੱਲ ਕਰੀਏ ਤਾਂ ਵੱਖ-ਵੱਖ ਸਕੂਲਾਂ ਦੇ ਦਰਜਨ ਤੋਂ ਵੱਧ ਵਿਦਿਆਰਥੀ ਇਸ ਆਈ ਫਲੂ ਬੀਮਾਰੀ ਦੀ ਲਪੇਟ ’ਚ ਆ ਰਹੇ ਹਨ ਅਤੇ ਕਈ ਵਿਦਿਆਰਥੀ ਸਕੂਲਾਂ ਤੋਂ ਛੁੱਟੀ ਲੈ ਕੇ ਘਰ ਜਾ ਰਹੇ ਹਨ। ਇਸ ਬੀਮਾਰੀ ’ਚ ਲੋਕਾਂ ਨੂੰ ਅੱਖਾਂ ’ਚ ਪਾਣੀ ਆਉਣਾ, ਦਰਦ, ਸੋਜ, ਅੱਖਾਂ ਲਾਲ ਹੋਣਾ ਅਤੇ ਨਜ਼ਰ ਧੁੰਦਲੀ ਹੋਣ ਦੀ ਸ਼ਿਕਾਇਤ ਵੀ ਸ਼ੁਰੂ ਹੋ ਗਈ ਹੈ। ਵਿਦਿਆਰਥੀਆਂ ’ਚ ਆਈ ਫਲੂ ਦੀ ਬੀਮਾਰੀ ਵੱਧਣ ਕਾਰਨ ਮਾਪੇ ਵੀ ਚਿੰਤਤ ਹੋ ਗਏ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ’ਚ ਸਰਕਾਰੀ ਹਸਪਤਾਲ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ’ਚ ਵਿਦਿਆਰਥੀ ਅਤੇ ਆਮ ਲੋਕ ਇਸ ਬੀਮਾਰੀ ਦਾ ਸ਼ਿਕਾਰ ਹੋ ਕੇ ਆ ਰਹੇ ਹਨ। ਦੱਸਣਯੋਗ ਹੈ ਕਿ ਇਸ ਸਮੇਂ ਜ਼ਿਆਦਾਤਰ ਸਕੂਲਾਂ ਦੇ ਵਿਦਿਆਰਥੀ ਕਲਾਸਾਂ ’ਚ ਇਕੱਠੇ ਬੈਠਣ ਕਾਰਨ ਇਸ ਆਈ ਫਲੂ ਬੀਮਾਰੀ ਦੀ ਲਪੇਟ ’ਚ ਆ ਰਹੇ ਹਨ। ਇਕ ਵਿਦਿਆਰਥੀ ਦੇ ਆਈ ਫਲੂ ਬੀਮਾਰੀ ਦੀ ਲਪੇਟ ’ਚ ਆਉਣ ਤੋਂ ਬਾਅਦ ਬਾਕੀ ਵਿਦਿਆਰਥੀਆਂ ’ਚ ਵੀ ਇਨਫੈਕਸ਼ਨ ਫੈਲ ਰਹੀ ਹੈ, ਜਿਸ ਕਾਰਨ ਰੋਜ਼ਾਨਾ ਸਕੂਲਾਂ ’ਚੋਂ 15 ਤੋਂ 20 ਬੱਚੇ ਇਸ ਬੀਮਾਰੀ ਦਾ ਸ਼ਿਕਾਰ ਹੋਣ ਕਾਰਨ ਸਕੂਲਾਂ ਤੋਂ ਛੁੱਟੀ ਲੈ ਕੇ ਘਰ ਬੈਠੀ ਜਾ ਰਹੇ ਹਨ, ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਕੇ ਰਹਿ ਗਈ ਹੈ। ਇਸ ਤੋਂ ਇਲਾਵਾ ਜੇਕਰ ਵੇਖਿਆ ਜਾਵੇ ਤਾਂ ਬੱਚਿਆਂ ਦੇ ਮਾਪੇ ਵੀ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਨੂੰ ਲੈ ਕੇ ਚਿੰਤਤ ਹਨ।
ਇਹ ਵੀ ਪੜ੍ਹੋ- ਤਰਨਤਾਰਨ 'ਚ ਹਥਿਆਰਾਂ ਸਣੇ ਕਬਜ਼ਾ ਲੈਣ ਪੁੱਜੇ 14 ਵਿਅਕਤੀਆਂ ਖ਼ਿਲਾਫ਼ ਪੁਲਸ ਦੀ ਸਖ਼ਤ ਕਾਰਵਾਈ
ਮਾਪਿਆਂ ਨੇ ਆਨਲਾਈਨ ਕਲਾਸਾਂ ਲਾਉਣ ਦੀ ਕੀਤੀ ਅਪੀਲ
ਆਈ ਫਲੂ ਦੀ ਵਿਦਿਆਰਥੀਆਂ ’ਚ ਵੱਧ ਰਹੀ ਬੀਮਾਰੀ ਕਾਰਨ ਚਿੰਤਤ ਬੱਚਿਆਂ ਦੇ ਮਾਪਿਆਂ ਅਤੇ ਇਲਾਕੇ ਦੇ ਬੁੱਧਜੀਵੀ ਵਰਗ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੱਚਿਆਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਜਾਂ ਤਾਂ ਸਕੂਲਾਂ ’ਚ ਕੁਝ ਸਮੇਂ ਲਈ ਛੁੱਟੀਆਂ ਪਾ ਦਿੱਤੀਆਂ ਜਾਣ, ਜਾਂ ਫਿਰ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਜੋ ਸਕੂਲਾਂ ਦੇ ਵਿਦਿਆਰਥੀ ਇਕ-ਦੂਜੇ ਦੀ ਇਨਫੈਕਸ਼ਨ ਕਾਰਨ ਇਸ ਬੀਮਾਰੀ ਦਾ ਸ਼ਿਕਾਰ ਨਾ ਹੋ ਸਕਣ।
ਕਿਵੇਂ ਬਚਿਆ ਜਾ ਸਕਦੈ ਆਈ ਫਲੂ ਤੋਂ
ਇਸ ਸਮੇਂ ਭਾਵੇਂ ਆਈ ਫਲੂ ਦਾ ਪੂਰਾ ਜ਼ੋਰ ਹੈ ਪਰ ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਸਾਨੂੰ ਆਪਣੀਆਂ ਅੱਖਾਂ ਨੂੰ ਵਾਰ-ਵਾਰ ਨਹੀਂ ਛੂਹਣਾ ਚਾਹੀਦਾ, ਅੱਖਾਂ ਤੋਂ ਪਾਣੀ ਨਿਕਲੇ ਤਾਂ ਉਸ ਨੂੰ ਸਾਫ ਰੁਮਾਲ ਜਾਂ ਟਿਸ਼ੂ ਪੇਪਰ ਨਾਲ ਸਾਫ ਕਰਨਾ ਚਾਹੀਦਾ ਹੈ, ਦਿਨ ’ਚ 2-3 ਵਾਰ ਗਰਮ ਰੁਮਾਲ ਨਾਲ ਅੱਖਾਂ ਸਾਫ ਕਰਨੀਆਂ ਚਾਹਦੀਆਂ ਹਨ, ਅੱਖਾਂ ’ਚ ਕਿਸੇ ਦੂਜੇ ਦਾ ਇਸਤੇਮਾਲ ਕੀਤਾ ਹੋਇਆ ਮੇਕਅਪ ਨਾ ਲਾਇਆ ਜਾਵੇ, ਸਾਫ ਪਾਣੀ ਨਾਲ ਦਿਨ ’ਚ 3-4 ਵਾਰ ਅੱਖਾਂ ’ਚ ਛੀਟੇ ਮਾਰੋ। ਦੂਜੇ ਪਾਸੇ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਵੱਲ ਕੋਈ ਧਿਆਨ ਦਿੰਦੀ ਹੈ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ?
ਇਹ ਵੀ ਪੜ੍ਹੋ- ਪੁਲਸ ਮੁਲਾਜ਼ਮ ਨੇ ਕਾਰ ਨਾਲ ਦਰੜਿਆ ਦੋਧੀ, ਗੱਡੀ 'ਚੋਂ ਬਰਾਮਦ ਹੋਈ ਸ਼ਰਾਬ ਦੀ ਬੋਤਲ
ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਅੱਖਾਂ ਦੇ ਫਲੂ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ’ਚ ਲੋਕਾਂ ਨੂੰ ਸਾਫ-ਸਫਾਈ ਰੱਖਣ, ਇਨਫੈਕਟਿਡ ਵਿਅਕਤੀ ਦੇ ਸੰਪਰਕ ’ਚ ਆਉਣ ਤੋਂ ਬਚਣ, ਸਮੇਂ ਸਿਰ ਰੋਕਥਾਮ ਅਤੇ ਇਲਾਜ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਦੱਸਿਆ ਕਿ ਇਹ ਬੀਮਾਰੀ ਗਰਮੀ ਦੇ ਮੌਸਮ ਦੇ ਅੰਤ ਅਤੇ ਮਾਨਸੂਨ ਦੇ ਸ਼ੁਰੂ ’ਚ ਫੈਲਦੀ ਹੈ। ਇਹ ਇਨਫੈਕਸ਼ਨ ਇਸ ਮੌਸਮ ’ਚ ਨਮੀ ਅਤੇ ਮੱਖੀਆਂ ਦੀ ਬਹੁਤਾਤ ਕਾਰਨ ਹੁੰਦੀ ਹੈ। ਹਾਲਾਂਕਿ ਇਸ ਕਾਰਨ ਘਬਰਾਉਣ ਦੀ ਲੋੜ ਨਹੀਂ ਹੈ ਪਰ ਅਜਿਹੀ ਸਥਿਤੀ ’ਚ ਰੋਕਥਾਮ ਅਤੇ ਸਫਾਈ ਜ਼ਰੂਰੀ ਹੈ। ਡਾ. ਹਰਭਜਨ ਨੇ ਦੱਸਿਆ ਕਿ ਅੱਖਾਂ ਦੇ ਫਲੂ ਦੀ ਸਮੱਸਿਆ ਇਕ ਤੋਂ 2 ਹਫਤਿਆਂ ’ਚ ਠੀਕ ਹੋ ਜਾਂਦੀ ਹੈ। ਇਸ ਬਾਰੇ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਪਰ ਬਚਾਅ ਲਈ ਜਾਗਰੂਕ ਹੋਣ ਦੀ ਲੋੜ ਹੈ।
ਅੱਖਾਂ ਦਾ ਫਲੂ ਵੇਖਣ ਨਾਲ ਨਹੀਂ ਫੈਲਦਾ
ਅੱਖਾਂ ਦਾ ਫਲੂ ਕਿਸੇ ਪੀੜਤ ਵਿਅਕਤੀ ਨੂੰ ਦੇਖਣ ਨਾਲ ਨਹੀਂ ਫੈਲਦਾ, ਸਗੋਂ ਇਨਫੈਕਟਿਡ ਸਥਾਨ ਨੂੰ ਛੂਹਣ ਨਾਲ ਫੈਲਦਾ ਹੈ। ਵਾਇਰਸ ਉਸ ਜਗ੍ਹਾ ’ਤੇ ਇਕ ਮਹੀਨੇ ਤੱਕ ਜ਼ਿੰਦਾ ਰਹਿ ਸਕਦਾ ਹੈ, ਜਿੱਥੇ ਪੀੜਤ ਮਰੀਜ਼ ਛੂੰਹਦਾ ਹੈ। ਅਜਿਹੀ ਸਥਿਤੀ ’ਚ, ਇਸ ਨੂੰ ਰੋਕਣ ਲਈ, ਪੀੜਤ ਮਰੀਜ਼ ਨੂੰ ਵੱਖ ਕਰਨਾ ਚਾਹੀਦਾ ਹੈ। ਨਾਲ ਹੀ, ਵਰਤੇ ਹੋਏ ਕੱਪੜੇ ਵੱਖਰੇ ਰੱਖੇ ਜਾਣੇ ਚਾਹੀਦੇ ਹਨ। ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਨਾਲ ਇਸ ਦਾ ਪ੍ਰਭਾਵ ਤੇਜ਼ੀ ਨਾਲ ਘਟਦਾ ਹੈ।
ਇਹ ਵੀ ਪੜ੍ਹੋ- 6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਟਾਹਲੀ ਨਾਲ ਲਟਕਦੀ ਮਿਲੀ ਲਾਸ਼, ਪਰਿਵਾਰ 'ਚ ਪਿਆ ਚੀਕ-ਚਿਹਾੜਾ
ਇਨ੍ਹਾਂ ਕਦਮਾਂ ਦੀ ਕਰੋ ਪਾਲਣਾ
ਅੱਖਾਂ ਨੂੰ ਵਾਰ-ਵਾਰ ਹੱਥਾਂ ਨਾਲ ਨਾ ਛੂਹੋ। ਨਿਯਮਿਤ ਅੰਤਰਾਲਾਂ ’ਤੇ ਸਾਬਣ ਨਾਲ ਹੱਥ ਧੋਵੋ, ਪ੍ਰਭਾਵਿਤ ਵਿਅਕਤੀ ਦੇ ਤੌਲੀਏ, ਬਿਸਤਰੇ, ਰੁਮਾਲ ਆਦਿ ਨੂੰ ਸਾਂਝਾ ਨਾ ਕਰੋ, ਪੀੜਤ ਵਿਅਕਤੀ ਦੁਆਰਾ ਵਰਤੀਆਂ ਜਾਂਦੀਆਂ ਵਸਤੂਆਂ ਨੂੰ ਛੂਹਣ ਜਾਂ ਵਰਤਣ ਤੋਂ ਬਚੋ, ਘਰ ਆਉਣ ’ਤੇ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ, ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਐਨਕਾਂ ਪਾਓ, ਅੱਖਾਂ ’ਚ ਜਲਨ ਅਤੇ ਲਾਲੀ ਹੋਣ ਦੀ ਸਥਿਤੀ ’ਚ ਸਾਫ ਪਾਣੀ ਨਾਲ ਧੋਵੋ, ਪਰਿਵਾਰ ਦੇ ਕਿਸੇ ਮੈਂਬਰ ਦੇ ਸਿੱਧੇ ਸੰਪਰਕ ’ਚ ਆਉਣ ਤੋਂ ਬਚੋ, ਜਿਸ ਨੂੰ ਲਾਗ ਹੈ, ਕਿਸੇ ਪੀੜਤ ਵਿਅਕਤੀ ਨਾਲ ਕਦੇ ਵੀ ਹੱਥ ਨਾ ਮਿਲਾਓ, ਜੇਕਰ ਬੱਚੇ ਪ੍ਰਭਾਵਿਤ ਹੁੰਦੇ ਹਨ, ਤਾਂ ਉਨ੍ਹਾਂ ਨੂੰ ਇਕ ਜਾਂ 2 ਦਿਨਾਂ ਲਈ ਸਕੂਲ ਨਾ ਭੇਜੋ, ਜੇਕਰ ਬੱਚਿਆਂ ਨੂੰ ਹਲਕਾ ਬੁਖਾਰ ਹੈ, ਤਾਂ ਅੱਖਾਂ ਦੇ ਫਲੂ ’ਤੇ ਨਜ਼ਰ ਰੱਖੋ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8