ਮੈਂ ਆਪਣੇ ਛੋਟੇ ਭਰਾ ਨੂੰ ਬੀਮਾਰ ਨਹੀਂ ਵੇਖ ਸਕਦਾ ਸੀ, ਦੇ ਦਿੱਤਾ ਬੋਨਮੈਰੋ, ਹੁਣ ਦੋ ਹੋਰ ਬੱਚਿਆਂ ਨੂੰ ਵੀ ਦੇਵਾਂਗਾ
Sunday, Dec 03, 2017 - 08:01 AM (IST)
ਚੰਡੀਗੜ੍ਹ (ਅਰਚਨਾ) - ਚਾਰ ਸਾਲ ਪਹਿਲਾਂ ਮਾਨ ਸਾਹਿਬ ਸਿੰਘ ਨੇ ਆਪਣੇ ਛੋਟੇ ਭਰਾ ਨੂੰ ਬੋਨਮੈਰੋ ਦਿੱਤਾ ਸੀ। ਛੋਟਾ ਭਰਾ ਕਰਮਵੀਰ ਸਿੰਘ ਥੈਲੇਸੀਮੀਆ ਰੋਗ ਨਾਲ ਪੀੜਤ ਸੀ। ਢਾਈ ਮਹੀਨਿਆਂ ਦੀ ਉਮਰ 'ਚ ਕਰਮਵੀਰ ਦੇ ਥੈਲੇਸੀਮਿਕ ਹੋਣ ਦਾ ਪਤਾ ਲੱਗਾ ਸੀ। ਕਰਮਵੀਰ ਨੂੰ ਹਰ 20 ਦਿਨਾਂ ਬਾਅਦ ਖੂਨ ਚੜ੍ਹਾਉਣ ਲਈ ਸੂਈਆਂ ਦਾ ਦਰਦ ਸਹਿਣ ਕਰਨਾ ਪੈਂਦਾ ਸੀ ਤੇ ਵੱਡੇ ਭਰਾ ਮਾਨ ਸਾਹਿਬ ਤੋਂ ਇਹ ਵੇਖਿਆ ਨਹੀਂ ਜਾਂਦਾ ਸੀ। ਮਾਨ ਸਾਹਿਬ ਜਦੋਂ 13 ਸਾਲ ਦਾ ਹੋਇਆ ਤਾਂ ਉਸਨੇ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਉਹ ਆਪਣੇ ਛੋਟੇ ਭਰਾ ਨੂੰ ਵੀ ਤੰਦਰੁਸਤ ਵੇਖਣਾ ਚਾਹੁੰਦਾ ਹੈ, ਇਸ ਲਈ ਉਹ ਆਪਣੇ ਬੋਨਮੈਰੋ ਦਾ ਕੁਝ ਹਿੱਸਾ ਟ੍ਰਾਂਸਪਲਾਂਟ ਕਰਨ ਲਈ ਤਿਆਰ ਹੈ। ਮਾਨ ਸਾਹਿਬ ਨੂੰ ਕਿਸੇ ਡਾਕਟਰ ਨੇ ਦੱਸਿਆ ਸੀ ਕਿ ਜੇਕਰ ਥੈਲੇਸੀਮਿਕ ਬੱਚੇ ਨੂੰ ਆਪਣੇ ਭਰਾ ਜਾਂ ਭੈਣ ਦਾ ਬੋਨਮੈਰੋ ਮਿਲ ਜਾਏ ਤਾਂ ਉਸਦੀ ਬੀਮਾਰੀ ਦੂਰ ਹੋ ਸਕਦੀ ਹੈ। ਪੈਰੇਂਟਸ ਕੁਲਜੀਤ ਸਿੰਘ ਤੇ ਮਨਪ੍ਰੀਤ ਕੌਰ ਨੇ ਲੁਧਿਆਣਾ ਦੇ ਕ੍ਰਿਸ਼ਚੀਅਨ ਮੈਡੀਕਲ ਕਾਲਜ (ਸੀ. ਐੱਮ. ਸੀ.) ਦੇ ਡਾਕਟਰਾਂ ਨਾਲ ਸੰਪਰਕ ਕੀਤਾ ਤੇ ਪਤਾ ਲੱਗਾ ਕਿ ਇਹ ਸੰਭਵ ਹੈ ਜੇਕਰ ਭਰਾ ਦਾ ਬੋਨਮੈਰੋ ਭਰਾ ਨਾਲ ਮੈਚ ਕਰ ਜਾਏ ਤਾਂ ਬੋਨਮੈਰੋ ਟ੍ਰਾਂਸਪਲਾਂਟ ਨਾਲ ਥੈਲੇਸੀਮੀਆ ਬੀਮਾਰੀ ਖਤਮ ਹੋ ਸਕਦੀ ਹੈ।
ਮਾਪਿਆਂ ਨੇ ਤੁਰੰਤ ਦੋਵੇਂ ਭਰਾਵਾਂ ਦੇ ਬੋਨਮੈਰੋ ਮਿਲਾਉਣ ਲਈ ਜ਼ਰੂਰੀ ਟੈਸਟ ਕਰਵਾਏ ਤੇ ਦੋਵਾਂ ਦਾ ਬੋਨਮੈਰੋ ਮੈਚ ਕਰ ਗਿਆ। ਸੀ. ਐੱਮ. ਸੀ. ਦੇ ਡਾਕਟਰ ਨੇ ਕਰਮਵੀਰ ਦੇ ਸਰੀਰ 'ਚ ਉਸਦੇ ਭਰਾ ਮਾਨ ਸਾਹਿਬ ਦੇ ਬੋਨਮੈਰੋ ਦਾ ਕੁਝ ਹਿੱਸਾ ਟ੍ਰਾਂਸਪਲਾਂਟ ਕਰ ਦਿੱਤਾ। ਟ੍ਰਾਂਸਪਲਾਂਟ ਤੋਂ ਪਹਿਲਾਂ ਕਰਮਵੀਰ ਨੂੰ ਕੀਮੋਥੈਰੇਪੀ ਵੀ ਦਿੱਤੀ ਗਈ ਤੇ ਉਸਦਾ ਪੁਰਾਣਾ ਸਾਰਾ ਖੂਨ ਵੀ ਬਦਲ ਦਿੱਤਾ ਗਿਆ। ਬੋਨਮੈਰੋ ਟ੍ਰਾਂਸਪਲਾਂਟ ਤੋਂ ਬਾਅਦ ਕਰਮਵੀਰ ਹੁਣ ਬਿਲਕੁਲ ਤੰਦਰੁਸਤ ਹੈ। ਕਰਮਵੀਰ ਦੇ ਠੀਕ ਹੋਣ ਤੋਂ ਬਾਅਦ ਹੁਣ ਉਸਦੇ ਮਾਪੇ ਹਰ ਸਾਲ 2 ਦਸੰਬਰ ਨੂੰ ਥੈਲੇਸੀਮਿਕ ਬੱਚਿਆਂ ਲਈ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕਰਦੇ ਹਨ। ਕੈਂਪ 'ਚ ਇਕੱਤਰ ਖੂਨ ਥੈਲੇਸੀਮਿਕ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਅੱਜ ਵੀ ਕੁਲਜੀਤ ਸਿੰਘ ਨੇ ਥੈਲੇਸੀਮਿਕ ਬੱਚਿਆਂ ਲਈ ਸੈਕਟਰ-38 ਦੇ ਗੁਰਦੁਆਰੇ 'ਚ ਬਲੱਡ ਡੋਨੇਸ਼ਨ ਕੈਂਪ ਲਾਇਆ, ਜਿਥੇ 131 ਯੂਨਿਟ ਬਲੱਡ ਇਕੱਠਾ ਕੀਤਾ ਗਿਆ।
ਭਰਾ ਕਾਰਨ ਥੈਲੇਸੀਮਿਕ ਬੱਚਿਆਂ ਦੇ ਦਰਦ ਨਾਲ ਜੁੜ ਗਿਆ ਮਾਨ ਸਾਹਿਬ
ਮਾਨ ਸਾਹਿਬ ਨੇ ਕਿਹਾ ਕਿ ਉਸਨੇ ਭਰਾ ਨੂੰ ਥੈਲੇਸੀਮੀਆ ਕਾਰਨ ਲਗਾਤਾਰ ਖੂਨ ਚੜ੍ਹਵਾਉਂਦੇ ਵੇਖਿਆ ਹੈ ਤੇ ਜਾਣਦਾ ਹੈ ਕਿ ਥੈਲੇਸੀਮਿਕ ਮਰੀਜ਼ਾਂ ਲਈ ਖੂਨ ਦੀ ਕਿੰਨੀ ਅਹਿਮੀਅਤ ਹੈ। ਇਸ ਲਈ ਉਹ ਹਰ ਤਿੰਨ ਮਹੀਨਿਆਂ 'ਚ ਇਕ ਵਾਰ ਜ਼ਰੂਰ ਖੂਨ ਦਾਨ ਕਰੇਗਾ। ਮਾਨ ਸਾਹਿਬ ਨੇ ਇਹ ਵੀ ਦੱਸਿਆ ਕਿ ਉਸਨੇ ਸੀ. ਐੱਮ. ਸੀ. ਦੇ ਡਾਕਟਰ ਨੂੰ ਆਪਣਾ ਨਾਂ ਬੋਨਮੈਰੋ ਟ੍ਰਾਂਸਪਲਾਂਟ ਲਈ ਲਿਖਵਾ ਦਿੱਤਾ ਹੈ ਤੇ ਉਸਨੂੰ ਡਾਕਟਰ ਨੇ ਦੱਸਿਆ ਸੀ ਕਿ ਇਕ ਵਿਅਕਤੀ ਜ਼ਿੰਦਗੀ 'ਚ ਤਿੰਨ ਵਾਰੀ ਬੋਨਮੈਰੋ ਡੋਨੇਟ ਕਰ ਸਕਦਾ ਹੈ। ਆਪਣੇ ਭਰਾ ਵਾਂਗ ਉਹ ਦੂਜੇ ਬੱਚਿਆਂ ਨੂੰ ਵੀ ਤੰਦਰੁਸਤ ਵੇਖਣਾ ਚਾਹੁੰਦਾ ਹੈ। ਇਸ ਲਈ ਜਿਸ ਕਿਸੇ ਥੈਲੇਸੀਮਿਕ ਬੱਚੇ ਦਾ ਖੂਨ ਉਸਦੇ ਬੋਨਮੈਰੋ ਨਾਲ ਮੈਚ ਕਰੇਗਾ, ਉਸਨੂੰ ਉਹ ਆਪਣਾ ਬੋਨਮੈਰੋ ਜ਼ਰੂਰ ਦੇਵੇਗਾ। ਅੱਜ ਵੀ ਮਾਨ ਸਾਹਿਬ ਨੇ ਥੈਲੇਸੀਮਿਕ ਬੱਚਿਆਂ ਲਈ ਖੂਨ ਦਾਨ ਕੀਤਾ।
