ਹਾਈਵੇਅ 'ਤੇ 380 ਸਿਲੰਡਰਾਂ ਨਾਲ ਭਰਿਆ ਟਰਾਲਾ ਪਲਟਿਆ, ਲੱਗੀ ਅੱਗ (ਵੀਡੀਓ)
Wednesday, Dec 26, 2018 - 12:14 PM (IST)
ਰੂਪਨਗਰ (ਸੱਜਣ ਸੈਣੀ)— ਰੂਪਨਗਰ ਨੈਸ਼ਨਲ ਹਾਈਵੇਅ 'ਤੇ ਹਾਈਡਰੋਜਨ ਗੈਸ ਦੇ 380 ਸਿਲੰਡਰਾਂ ਨਾਲ ਭਰਿਆ ਟਰਾਲਾ ਪਲਟਣ ਕਾਰਨ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਗਨੀਮਤ ਇਹ ਰਹੀ ਕਿ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ। ਟਰੱਕ ਦੇ ਡਰਾਈਵਰ ਮੁਤਾਬਕ ਉਹ ਨੰਗਲ ਚੋਂ ਧੂਰੀ ਲਈ ਹਾਈਡਰੋਜਨ ਗੈਸ ਦਾ 380 ਸਿਲੰਡਰਾਂ ਨਾਲ ਭਰਿਆ ਟਰਾਲਾ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਟਰਾਲਾ ਮੋੜਦੇ ਹੋਏ ਪਲਟ ਗਿਆ।

ਇਸ ਹਾਦਸੇ 'ਚ ਡਰਾਈਵਰ ਵਾਲ-ਵਾਲ ਬਚ ਗਿਆ। ਸਵੇਰ ਦਾ ਸਮਾਂ ਹੋਣ ਕਰਕੇ ਟ੍ਰੈਫਿਕ ਘੱਟ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟੱਲ ਗਿਆ। ਇਹ ਸਾਰੀ ਘਟਨਾ ਹਾਈਵੇਅ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ।

ਸੀ. ਸੀ. ਟੀ. ਵੀ. ਫੁਟੇਜ਼ ਦੇਖਣ 'ਤੇ ਸਾਫ ਪਤਾ ਚੱਲ ਰਿਹਾ ਹੈ ਕਿ ਡਰਾਈਵਰ ਦੀ ਗਲਤੀ ਦੇ ਨਾਲ ਹਾਦਸਾ ਵਾਪਰਿਆ ਹੈ, ਕਿਉਂਕਿ ਡਰਾਈਵਰ ਮੋੜ ਕਟਦੇ ਸਮੇਂ ਕਾਫੀ ਸਪੀਡ 'ਚ ਟਰਾਲੇ ਨੂੰ ਮੋੜਿਆ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

ਮੌਕੇ 'ਤੇ ਪਹੁੰਚੀ ਪੁਲਸ ਨੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਮੁਤਾਬਕ ਇਹ ਹਾਦਸਾ ਡਰਾਈਵਰ ਦੀ ਗਲਤੀ ਦੇ ਕਾਰਨ ਵਾਪਰਿਆ ਹੈ। ਫਿਲਹਾਲ ਪੁਲਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

