ਮੁਕਤਸਰ : ਜ਼ਮੀਨੀ ਝਗੜੇ ਦੇ ਚੱਲਦਿਆਂ ਪਤੀ-ਪਤਨੀ ਦਾ ਗੋਲੀਆਂ ਮਾਰ ਕੇ ਕਤਲ

Friday, Jan 31, 2020 - 06:55 PM (IST)

ਮੁਕਤਸਰ : ਜ਼ਮੀਨੀ ਝਗੜੇ ਦੇ ਚੱਲਦਿਆਂ ਪਤੀ-ਪਤਨੀ ਦਾ ਗੋਲੀਆਂ ਮਾਰ ਕੇ ਕਤਲ

ਸ੍ਰੀ ਮੁਕਤਸਰ ਸਾਹਿਬ (ਰਿਣੀ) : ਗਿੱਦੜਬਾਹਾ ਦੇ ਨੇੜਲੇ ਪਿੰਡ ਲੁੰਡੇਵਾਲਾ ਵਿਖੇ ਸ਼ੁੱਕਰਵਾਰ ਨੂੰ ਜ਼ਮੀਨੀ ਵਿਵਾਦ ਦੇ ਚੱਲਦੇ ਪਤੀ-ਪਤਨੀ ਦਾ ਕਤਲ ਕਰ ਦਿੱਤਾ ਗਿਆ। ਪ੍ਰਾਪਤ ਹੋਈ ਮੁੱਢਲੀ ਜਾਣਕਾਰੀ ਅਨੁਸਾਰ ਲੁੰਡੇਵਾਲਾ ਵਾਸੀ ਜਸਵਿੰਦਰ ਸਿੰਘ ਅਤੇ ਜਸਪਾਲ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਪਤੀ-ਪਤਨੀ ਦਾ ਕਥਿਤ ਤੌਰ 'ਤੇ ਆਪਣਿਆਂ ਨਾਲ ਹੀ ਜ਼ਮੀਨੀ ਝਗੜਾ ਚੱਲਦਾ ਆ ਰਿਹਾ ਸੀ ਅਤੇ ਇਸ ਦੌਰਾਨ ਸ਼ੁੱਕਰਵਾਰ ਨੂੰ ਦੋਵਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਹੈ।

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਸਿੰਘ ਲੁੰਡੇਵਾਲਾ ਦੇ ਵਸਨੀਕ ਜਸਵਿੰਦਰ ਸਿੰਘ ਦਾ ਅਪਣੇ ਚਚੇਰੇ ਭਰਾ ਰਾਜਵੀਰ ਸਿੰਘ ਨਾਲ ਪਿਛਲੇ ਕੁਝ ਸਮੇਂ ਤੋਂ ਜ਼ਮੀਨੀ ਵਿਵਾਦ ਚੱਲਦਾ ਸੀ ਅਤੇ ਜਸਵਿੰਦਰ ਨੇ ਇਸ ਸੰਬੰਧ ਵਿਚ ਕਰੀਬ 3 ਮਹੀਨੇ ਪਹਿਲਾਂ ਮਾਨਯੋਗ ਅਦਾਲਤ ਵਿਚ ਆਪਣਾ ਕੇਸ ਦਾਇਰ ਕੀਤਾ ਹੋਇਆ ਸੀ ਜਿਸ ਕਾਰਨ ਦੂਜਾ ਧਿਰ ਰਾਜਵੀਰ ਨਾਲ ਰੰਜਿਸ਼ ਰੱਖਦਾ ਸੀ, ਸ਼ੁੱਕਰਵਾਰ ਦੀ ਦੁਪਿਹਰ ਜਦੋਂ ਜਸਵਿੰਦਰ ਅਪਣੇ ਖੇਤਾਂ ਵਿਚ ਘਰੋਂ ਚਾਹ ਲੈ ਕੇ ਜਾ ਰਿਹਾ ਸੀ ਤਾਂ ਉਸਦੇ ਚਚੇਰੇ ਭਰਾ ਰਾਜਵੀਰ ਅਤੇ ਉਸਦੇ ਲੜਕੇ ਨੇ ਆਪਣੇ ਸਾਥੀਆਂ ਸਮੇਤ ਉਕਤ ਦੋਹਾਂ ਨੂੰ ਘੇਰ ਲਿਆ ਅਤੇ ਪਹਿਲਾਂ ਜਸਵਿੰਦਰ ਸਿੰਘ ਦੇ ਗੋਲੀ ਮਾਰੀ ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਉਸਦੀ ਪਤਨੀ ਜਸਪਾਲ ਕੌਰ ਨੂੰ ਗੋਲੀ ਮਾਰ ਮੌਕੇ 'ਤੇ ਹੀ ਕਤਲ ਕਰ ਦਿੱਤਾ। 

ਮ੍ਰਿਤਕ ਦੇ ਲੜਕੇ ਪਰਮਿੰਦਰ ਸਿੰਘ ਦੇ ਬਿਆਨ ਪੁਲਸ ਨੇ ਮੌਕੇ ਤੇ ਦਰਜ ਕਰਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ 'ਤੇ ਐੱਸ. ਪੀ. ਡੀ. ਗੁਰਮੇਲ ਸਿੰਘ, ਡੀ. ਐੱਸ. ਪੀ. ਗੁਰਤੇਜ ਸਿੰਘ ਅਤੇ ਥਾਣਾ ਕੋਟਭਾਈ ਮੁਖੀ ਅੰਗਰੇਜ ਸਿੰਘ ਨੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸੰਬੰਧੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਮੁੱਖ ਦੋਸ਼ੀ ਰਾਜਵੀਰ ਸਿੰਘ ਉਸਦੀ ਪਤਨੀ ਅਤੇ ਉਸਦੇ ਤਿੰਨ ਲੜਕਿਆਂ ਦੀ ਦੋਸ਼ੀਆਂ ਵਜੋਂ ਪਹਿਚਾਣ ਹੋਈ ਹੈ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ


author

Gurminder Singh

Content Editor

Related News