ਰੇਤ ਮਾਫੀਆ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਗੌਂਸਗੜ੍ਹ ਦੀ ਮਹਿਲਾ ਸਰਪੰਚ ਦੇ ਪਤੀ ਨੂੰ ਕੀਤਾ ਗ੍ਰਿਫ਼ਤਾਰ

Monday, Mar 10, 2025 - 08:15 AM (IST)

ਰੇਤ ਮਾਫੀਆ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਗੌਂਸਗੜ੍ਹ ਦੀ ਮਹਿਲਾ ਸਰਪੰਚ ਦੇ ਪਤੀ ਨੂੰ ਕੀਤਾ ਗ੍ਰਿਫ਼ਤਾਰ

ਲੁਧਿਆਣਾ (ਸ਼ਿਵਮ) : ਥਾਣਾ ਮੇਹਰਬਾਨ ਅਧੀਨ ਪੈਂਦੇ ਪਿੰਡ ਗੌਂਸਗੜ੍ਹ ਵਿਖੇ ਪਿਛਲੇ 5 ਦਿਨਾਂ ਤੋਂ ਰੇਤ ਮਾਫੀਆ ਖਿਲਾਫ ਪਿੰਡ ਵਾਸੀਆਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਬੀਤੇ ਦਿਨ ਮੇਹਰਬਾਨ ਪੁਲਸ ਵੱਲੋਂ ਕਾਰਵਾਈ ਕਰਦਿਆਂ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਮਹਿਲਾ ਸਰਪੰਚ ਗੌਂਸਗੜ੍ਹ ਦੇ ਪਤੀ ਤੇਜਪਿੰਦਰ ਸਿੰਘ ਸੋਨੂੰ ਬੂਥਗੜ੍ਹ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਗੌਂਸਗੜ੍ਹ ਦੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 5 ਦਿਨਾਂ ਤੋਂ ਉਨ੍ਹਾਂ ਦੀ ਪੰਚਾਇਤ ਪਿੰਡ ’ਚ ਰੇਤ ਮਾਫੀਆ ਦੇ ਓਵਰਲੋਡ ਟਿੱਪਰਾਂ ਅਤੇ ਟਰਾਲੀਆਂ ਖਿਲਾਫ ਧਰਨਾ ਦੇ ਕੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਸਨ, ਜਿਸ ਕਾਰਨ ਥਾਣਾ ਮੇਹਰਬਾਨ ਪੁਲਸ ਨੇ ਕਈ ਵਾਰ ਇਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਦਿਆਂ ਧਰਨਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀਆਂ ਨੇ ਰੇਤ ਮਾਫੀਆ ਖਿਲਾਫ ਆਪਣਾ ਧਰਨਾ ਜਾਰੀ ਰੱਖਿਆ। ਐਤਵਾਰ ਸ਼ਾਮ 7 ਵਜੇ ਦੇ ਕਰੀਬ ਸਾਬਕਾ ਬਲਾਕ ਸੰਮਤੀ ਮੈਂਬਰ ਤੇ ਮਹਿਲਾ ਸਰਪੰਚ ਦੇ ਪਤੀ ਤਾਜਪਿੰਦਰ ਸਿੰਘ ਸੋਨੂੰ ਨੂੰ ਮੇਹਰਬਾਨ ਪੁਲਸ ਨੇ ਗ੍ਰਿਫਤਾਰ ਕਰ ਕੇ ਥਾਣਾ ਮੇਹਰਬਾਨ ਲਿਆਂਦਾ, ਜਿਸ ਮਗਰੋਂ ਇਲਾਕੇ ਦੇ ਸੈਂਕੜੇ ਲੋਕਾਂ ਨੇ ਮੇਹਰਬਾਨ ਥਾਣੇ ਦੇ ਬਾਹਰ ਧਰਨਾ ਦਿੱਤਾ।

ਇਹ ਵੀ ਪੜ੍ਹੋ : ਲੁਟੇਰਿਆਂ ਦਾ ਸਾਫਟ ਟਾਰਗੈੱਟ ਬਣੇ ਗੈਸ ਏਜੰਸੀਆਂ ਦੇ ਡਲਿਵਰੀ ਮੈਨ, ਡੀਲਰਾਂ ਤੇ ਕਰਿੰਦਿਆਂ ’ਚ ਖੌਫ ਦਾ ਮਾਹੌਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਗੌਂਸਗੜ੍ਹ ਦੀ ਮਹਿਲਾ ਪੰਚਾਇਤ ਮੈਂਬਰ ਦੇ ਪਤੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਰੇਤ ਮਾਫੀਆ ਖਿਲਾਫ ਧਰਨਾ ਦੇ ਕੇ ਰੋਸ ਪ੍ਰਗਟ ਕਰ ਰਹੇ ਸਨ ਪਰ ਐਤਵਾਰ ਨੂੰ ਥਾਣਾ ਮੇਹਰਬਾਨ ਦੀ ਪੁਲਸ ਧੱਕੇਸ਼ਾਹੀ ਨਾਲ ਕਾਰਵਾਈ ਕਰ ਕੇ ਮਾਫੀਆ ਦਾ ਸਾਥ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਗੌਂਸਗੜ੍ਹ ਦੇ ਲੋਕਾਂ ਨੇ ਪਿੰਡ ਦੀਆਂ ਸੜਕਾਂ ’ਤੇ ਖੜ੍ਹੇ ਵਾਹਨਾਂ ਬਾਰੇ ਲੋਕ ਨਿਰਮਾਣ ਵਿਭਾਗ ਤੋਂ ਲਿਖਤੀ ਤੌਰ ’ਤੇ ਜਾਣਕਾਰੀ ਹਾਸਲ ਕੀਤੀ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਦਿਆਲੂ ਪੁਲਸ ਕਾਨੂੰਨ ਅਨੁਸਾਰ ਇਸ ਮਨਜ਼ੂਰੀ ਨੂੰ ਕੋਈ ਮਹੱਤਵ ਨਹੀਂ ਦੇ ਰਹੀ ਅਤੇ ਰੇਤ ਮਾਫੀਆ ਦੀ ਮਿਲੀਭੁਗਤ ਕਾਰਨ ਅੱਜ ਉਨ੍ਹਾਂ ਨੇ ਸ਼ਾਹੀ ਧੱਕਾ ਕਰ ਕੇ ਸਾਡੀ ਮਹਿਲਾ ਸਰਪੰਚ ਦੇ ਪਤੀ ਨੂੰ ਹਿਰਾਸਤ ’ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਮਹਿਲਾ ਸਰਪੰਚ ਦੇ ਪਤੀ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News