ਨਸ਼ੇ ਦੀ ਹਾਲਤ 'ਚ ਪਤਨੀ ਦਾ ਕੀਤਾ ਕਤਲ, ਖੁਦ ਨੂੰ ਮਾਰੀ ਗੋਲੀ
Tuesday, Oct 01, 2019 - 10:17 AM (IST)

ਸੰਗਤ ਮੰਡੀ (ਮਨਜੀਤ) : ਬਠਿੰਡਾ-ਬਾਦਲ ਸੜਕ 'ਤੇ ਪੈਂਦੇ ਪਿੰਡ ਜੈ ਸਿੰਘ ਵਾਲਾ ਵਿਖੇ ਬੀਤੀ ਰਾਤ ਕਾਂਗਰਸ ਦੀ ਬਲਾਕ ਸੰਮਤੀ ਮੈਂਬਰ ਪਰਮਜੀਤ ਕੌਰ ਦੇ ਸਹੁਰੇ ਵੱਲੋਂ ਸ਼ਰਾਬੀ ਹਾਲਤ 'ਚ ਆਪਣੀ ਪਤਨੀ ਦਾ ਕਤਲ ਕਰ ਕੇ ਖੁਦ ਨੂੰ ਵੀ ਗੋਲੀ ਮਾਰ ਲਈ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਉਰਫ ਭਿੰਦਰ ਪੁੱਤਰ ਨੰਬਰਦਾਰ ਬਲਜੀਤ ਸਿੰਘ ਦਾ ਬੀਤੀ ਰਾਤ ਆਪਣੀ ਪਤਨੀ ਰਾਜਵਿੰਦਰ ਕੌਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਭੁਪਿੰਦਰ ਸਿੰਘ ਵੱਲੋਂ ਤੈਸ਼ 'ਚ ਆਉਂਦਿਆਂ ਆਪਣੀ ਲਾਈਸੈਂਸੀ 12 ਬੋਰ ਰਾਈਫ਼ਲ ਨਾਲ ਆਪਣੀ ਪਤਨੀ 'ਤੇ ਸਿੱਧਾ ਫਾਇਰ ਕਰ ਦਿੱਤਾ, ਜਿਸ ਕਾਰਣ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਤੋਂ ਬਾਅਦ ਭੁਪਿੰਦਰ ਸਿੰਘ ਵੱਲੋਂ ਖੁਦ ਨੂੰ ਵੀ ਗੋਲੀ ਮਾਰ ਲਈ ਗਈ, ਜੋ ਕਿ ਉਸ ਦੇ ਖੱਬੇ ਮੋਢੇ 'ਚ ਲੱਗੀ। ਪਿੰਡ ਵਾਸੀਆਂ ਵੱਲੋਂ ਭੁਪਿੰਦਰ ਸਿੰਘ ਨੂੰ ਗੰਭੀਰ ਹਾਲਤ ਦੇ ਚੱਲਦਿਆਂ ਇਲਾਜ ਲਈ ਬਠਿੰਡਾ ਦੇ ਨਿਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸੰਗਤ ਦੇ ਮੁਖੀ ਹਰਬੰਸ ਸਿੰਘ ਮੌਕੇ 'ਤੇ ਪੁਲਸ ਪਾਰਟੀ ਸਮੇਤ ਪਹੁੰਚੇ, ਜਿਨ੍ਹਾਂ ਨੇ ਮ੍ਰਿਤਕ ਰਾਜਵਿੰਦਰ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਭੇਜਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਭੁਪਿੰਦਰ ਸਿੰਘ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਸਮੇਂ ਉਹ ਸ਼ਰਾਬੀ ਹਾਲਤ 'ਚ ਸੀ। ਭੁਪਿੰਦਰ ਸਿੰਘ ਦੇ ਸਾਰੇ ਹੀ ਪਰਿਵਾਰ ਵੱਲੋਂ ਸਵੇਰ ਸਮੇਂ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਦੀਵਾਨ 'ਚ ਸੇਵਾ ਕੀਤੀ ਗਈ ਪ੍ਰੰਤੂ ਰਾਤ ਸਮੇਂ ਇਹ ਘਟਨਾ ਵਾਪਰ ਗਈ। ਥਾਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜਵਿੰਦਰ ਕੌਰ ਦੇ ਸਹੁਰੇ ਨੰਬਰਦਾਰ ਬਲਜੀਤ ਸਿੰਘ ਦੇ ਬਿਆਨਾਂ 'ਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ਭੁਪਿੰਦਰ ਸਿੰਘ ਦਾ ਪੂਰਾ ਪਰਿਵਾਰ ਕਾਂਗਰਸ ਪਾਰਟੀ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ। ਇਸ ਵਾਰ ਬਲਾਕ ਸੰਮਤੀ ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਵੱਲੋਂ ਚੋਣ ਲੜਦਿਆਂ ਬਲਾਕ ਸੰਮਤੀ ਜ਼ੋਨ ਜੈ ਸਿੰਘ ਵਾਲਾ ਤੋਂ ਉਸ ਦੀ ਨੂੰਹ ਪਰਮਜੀਤ ਕੌਰ ਨੇ ਚੋਣ ਜਿੱਤੀ ਹੈ।