ਘਰੇਲੂ ਕਲੇਸ਼ ਦਾ ਖੌਫ਼ਨਾਕ ਅੰਤ, ਪਤੀ ਨੇ ਸੱਸ ਸਾਹਮਣੇ ਕੀਤਾ ਪਤਨੀ ਦਾ ਕਤਲ

Monday, Jan 09, 2023 - 01:00 AM (IST)

ਘਰੇਲੂ ਕਲੇਸ਼ ਦਾ ਖੌਫ਼ਨਾਕ ਅੰਤ, ਪਤੀ ਨੇ ਸੱਸ ਸਾਹਮਣੇ ਕੀਤਾ ਪਤਨੀ ਦਾ ਕਤਲ

ਲੁਧਿਆਣਾ (ਰਾਜ) : ਘਰੇਲੂ ਕਲੇਸ਼ ਕਾਰਨ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦੀ ਖ਼ਬਰ ਸਾਹਨਣੇ ਆਈ ਹੈ। ਜਾਣਕਾਰੀ ਮੁਤਾਬਕ ਘਰੇਲੂ ਕਲੇਸ਼ ਕਾਰਨ ਔਰਤ ਆਪਣੇ ਪਤੀ ਤੋਂ ਵੱਖ ਹੋ ਕੇ ਆਪਣੀ ਮਾਂ ਦੇ ਘਰ ਰਹਿਣ ਲੱਗੀ ਪਰ ਪਤਨੀ ਨੇ ਉਸ ਦਾ ਪਿੱਛਾ ਕਰਨਾ ਨਹੀਂ ਛੱਡਿਆ। ਪਹਿਲਾਂ ਫੋਨ ਕਰ ਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਦੋਂ ਉਹ ਫਿਰ ਵੀ ਘਰ ਨਾ ਆਈ ਤਾਂ ਰਸਤੇ ’ਚ ਉਸ ਨੂੰ ਘੇਰ ਲਿਆ ਜਦੋਂ ਉਸ ਦੀ ਮਾਂ ਬੇਟੀ ਨੂੰ ਲੱਭਦੀ ਆਈ ਤਾਂ ਜਵਾਈ ਨੇ ਉਸ ਦੇ ਸਿਰ ’ਤੇ ਇੱਟਾਂ ਨਾਲ ਵਾਰ ਕਰ ਦਿੱਤਾ ਅਤੇ ਮਾਂ ਦੇ ਸਾਹਮਣੇ ਹੀ ਧੀ ਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ਕੇਸਰ ਢਾਬੇ ਨੇੜੇ ਵੱਡੀ ਵਾਰਦਾਤ, ਦਵਾਈ ਲੈਣ ਲਈ ਰੁਕੇ ਵਪਾਰੀ ਕੋਲੋਂ ਖੋਹੇ ਲੱਖਾਂ ਰੁਪਏ

ਮ੍ਰਿਤਕਾ ਦੀ ਪਛਾਣ ਰਾਣੀ (20) ਵਜੋਂ ਹੋਈ ਹੈ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਸਰਾਭਾ ਨਗਰ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਮੁਲਜ਼ਮ ਬੁੱਧੀ ਲਾਲ ਉਰਫ਼ ਬਾਲਾ ਖਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਕੁਝ ਘੰਟਿਆਂ ’ਚ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਦਿੰਦਿਆਂ ਵਨੀਤਾ ਨੇ ਦੱਸਿਆ ਕਿ ਉਸ ਦੇ 3 ਬੱਚੇ ਹਨ, ਜਿਸ ’ਚ ਰਾਣੀ ਸਭ ਤੋਂ ਵੱਡੀ ਬੇਟੀ ਹੈ। ਡੇਢ ਸਾਲ ਪਹਿਲਾਂ ਉਸ ਦਾ ਵਿਆਹ ਯੂ. ਪੀ. ਦੇ ਜ਼ਿਲ੍ਹਾ  ਨਨ  ਉਨਾਓ ਦੇ ਰਹਿਣ ਵਾਲੇ ਬੁੱਧੀ ਲਾਲ ਨਾਲ ਹੋਇਆ ਸੀ ਪਰ ਬੁੱਧੀ ਬੇਟੀ ਦੀ ਕੁੱਟਮਾਰ ਕਰਦਾ ਸੀ। ਇਸੇ ਕਾਰਨ 3 ਮਹੀਨੇ ਪਹਿਲਾਂ ਉਸ ਦੀ ਧੀ ਯੂ. ਪੀ. ਤੋਂ ਆ ਕੇ ਲੁਧਿਆਣਾ ਉਸ ਕੋਲ ਰਹਿਣ ਆ ਗਈ ਸੀ। ਜਿੱਥੇ ਉਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਬੁੱਧੀ ਉਸ ਨੂੰ ਵਾਰ-ਵਾਰ ਫੋਨ ਕਰ ਕੇ ਪਿੰਡ ਵਾਪਸ ਬੁਲਾ ਰਿਹਾ ਸੀ। ਉਸ ਦੀ ਧੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਇਨਸਾਨੀਅਤ ਹੋਈ ਸ਼ਰਮਸਾਰ : ਕਲਯੁਗੀ ਮਾਂ ਨੇ 5 ਮਹੀਨਿਆਂ ਦੀ ਬੱਚੀ ਨੂੰ ਦਿੱਤੀ ਦਰਦਨਾਕ ਮੌਤ

ਵਨੀਤਾ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਬੁੱਧੀ ਦਾ ਫੋਨ ਆਇਆ ਕਿ ਜੇਕਰ ਰਾਣੀ ਵਾਪਸ ਨਾ ਆਈ ਤਾਂ ਉਹ ਉੱਥੇ ਆ ਕੇ ਰਾਣੀ ਨੂੰ ਮਾਰ ਦੇਵੇਗਾ। ਫਿਰ ਬੁੱਧੀ ਪਿੰਡ ਤੋਂ ਲੁਧਿਆਣੇ ਆ ਗਿਆ ਹੈ ਅਤੇ ਆਪਣੇ ਭਰਾ ਕੋਲ ਰਹਿਣ ਲੱਗ ਪਿਆ ਸੀ। ਜੋ ਹਰ ਰੋਜ਼ ਰਾਣੀ ਦਾ ਪਿੱਛਾ ਕਰਦਾ ਸੀ ਅਤੇ ਉਸ ਦੀ ਕੁੱਟਮਾਰ ਕਰਦਾ ਸੀ। ਉਸ ਨੇ ਰਾਣੀ ਨੂੰ ਮਾਰਨ ਦਾ ਮਨ ਬਣਾ ਲਿਆ ਸੀ। ਉਸ ਨੂੰ ਪਤਾ ਸੀ ਕਿ ਰਾਣੀ ਕਦੋਂ ਕੰਮ ’ਤੇ ਜਾਂਦੀ ਹੈ ਅਤੇ ਆਉਂਦੀ ਹੈ। ਰਾਣੀ ਨੂੰ ਸ਼ਨੀਵਾਰ ਨੂੰ ਕੰਮ ਤੋਂ ਲੇਟ ਛੁੱਟੀ ਮਿਲਦੀ ਸੀ, ਜਿਸ ਕਾਰਨ ਸ਼ਨੀਵਾਰ ਨੂੰ ਬੁੱਧੀ ਲਾਲ ਨੇ ਉਸ ਨੂੰ ਮਾਰਨ ਦੀ ਪੂਰੀ ਯੋਜਨਾ ਬਣਾ ਲਈ। ਉਹ ਘਰ ਦੇ ਨੇੜੇ ਹੀ ਇਕ ਪਲਾਟ ’ਚ ਝਾੜੀਆਂ ’ਚ ਲੁਕ ਕੇ ਬੈਠ ਗਿਆ। ਜਦੋਂ ਰਾਣੀ ਉੱਥੋਂ ਲੰਘ ਰਹੀ ਸੀ ਤਾਂ ਉਸ ਨੇ ਉਸ ਨੂੰ ਰਸਤੇ ’ਚ ਰੋਕ ਲਿਆ ਅਤੇ ਖਾਲੀ ਪਲਾਟ ਦੀਆਂ ਝਾੜੀਆਂ ’ਚ ਲੈ ਗਿਆ।

ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ 'ਚ ਭਿੜੇ ਮੂਸੇਵਾਲਾ ਕਤਲਕਾਂਡ ਦੇ ਦੋਸ਼ੀ, ਇਸ ਗੈਂਗਸਟਰ ਸਣੇ 4 ਜ਼ਖ਼ਮੀ

ਵਨੀਤਾ ਦਾ ਕਹਿਣਾ ਹੈ ਕਿ ਇਸ ਦੌਰਾਨ ਜਦੋਂ ਬੇਟੀ ਘਰ ਨਹੀਂ ਪਹੁੰਚੀ ਤਾਂ ਉਹ ਉਸ ਦੀ ਭਾਲ ’ਚ ਖਾਲੀ ਪਲਾਟ ਨੇੜੇ ਪਹੁੰਚ ਗਈ, ਜਿਸ ਵਿਚ ਬੁੱਧੀ ਰਾਣੀ ਨੂੰ ਫੜ ਕੇ ਖੜ੍ਹਾ ਸੀ। ਉਸ ਦੇ ਹੱਥ ਵਿਚ ਇਕ ਇੱਟ ਸੀ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੀ, ਬੁੱਧੀ ਨੇ ਧੀ ਦੇ ਸਿਰ ’ਤੇ ਇੱਟ ਮਾਰਨੀ ਸ਼ੁਰੂ ਕਰ ਦਿੱਤੀ। ਉਸ ਦੇ ਰੌਲਾ ਪਾਉਣ ’ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਵਨੀਤਾ ਤੁਰੰਤ ਬੇਟੀ ਨੂੰ ਨਜ਼ਦੀਕੀ ਹਸਪਤਾਲ ਲੈ ਗਈ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਥਾਣਾ ਸਰਾਭਾ ਨਗਰ ਦੇ ਐੱਸ. ਐੱਚ. ਓ. ਅਮਨਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।


author

Mandeep Singh

Content Editor

Related News