ਪਤਨੀ ਦੇ ਚਰਿੱਤਰ ’ਤੇ ਸ਼ੱਕ ਹੋਣ ਕਾਰਨ ਕਤਲ ਕਰਨ ਵਾਲਾ ਪਤੀ ਗ੍ਰਿਫ਼ਤਾਰ

Thursday, Jun 17, 2021 - 01:01 PM (IST)

ਪਤਨੀ ਦੇ ਚਰਿੱਤਰ ’ਤੇ ਸ਼ੱਕ ਹੋਣ ਕਾਰਨ ਕਤਲ ਕਰਨ ਵਾਲਾ ਪਤੀ ਗ੍ਰਿਫ਼ਤਾਰ

ਲੁਧਿਆਣਾ (ਰਿਸ਼ੀ) : ਪਤਨੀ ਦੇ ਚਰਿੱਤਰ ’ਤੇ ਸ਼ੱਕ ਹੋਣ ਕਾਰਨ ਉਸ ਦਾ ਗਲਾ ਘੁੱਟ ਕੇ ਕਤਲ ਕਰਨ ਵਾਲੇ ਪਤੀ ਨੂੰ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਵੀਰਵਾਰ ਨੂੰ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ’ਤੇ ਬਰੀਕੀ ਨਾਲ ਪੁੱਛਗਿੱਛ ਕਰੇਗੀ। ਉਪਰੋਕਤ ਜਾਣਕਾਰੀ ਏ. ਡੀ. ਸੀ. ਪੀ.-4 ਰੁਪਿੰਦਰ ਕੌਰ ਸਰਾਂ ਤੇ ਐੱਸ. ਐੱਚ. ਓ. ਸਤਵੀਰ ਸਿੰਘ ਨੇ ਪੱਤਰਕਾਰ ਸਮਾਗਮ ਦੌਰਾਨ ਦਿੱਤੀ।

ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮ ਦੀ ਪਛਾਣ ਤਾਜਪੁਰ ਰੋਡ ਦੇ ਗੁਰੂ ਅਰਜਨ ਦੇਵ ਨਗਰ ਦੇ ਰਹਿਣ ਵਾਲੇ ਪਿੰਟੂ ਦੇ ਰੂਪ ਵਿਚ ਹੋਈ ਹੈ, ਜੋ ਇਕ ਫੈਕਟਰੀ ਵਿਚ ਕੰਮ ਕਰਦਾ ਹੈ। ਪੁਲਸ ਮੁਤਾਬਕ ਬੀਤੀ 13 ਜੂਨ ਨੂੰ ਪਿੰਟੂ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਉਹ ਆਪਣੀ ਪਤਨੀ ਆਰਤੀ (23) ਨਾਲ ਸੌਂ ਗਿਆ। ਜਦੋਂ ਦੇਰ ਰਾਤ ਉੱਠ ਕੇ ਦੇਖਿਆ ਤਾਂ ਪਤਨੀ ਦੀ ਮੌਤ ਹੋ ਚੁੱਕੀ ਸੀ।

ਸ਼ੱਕੀ ਹਾਲਾਤ ਵਿਚ ਮੌਤ ਹੋਣ ਕਾਰਨ ਪੁਲਸ ਨੇ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਸੀ, ਜਦੋਂ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ ਤਾਂ ਉਸ ਵਿਚ ਸਪੱਸ਼ਟ ਹੋਇਆ ਕਿ ਆਰਤੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪਤੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪਤੀ ਮੁਤਾਬਕ ਉਸ ਦਾ 2017 ਵਿਚ ਵਿਆਹ ਹੋਇਆ ਸੀ ਅਤੇ 3 ਸਾਲ ਦੀ ਇਕ ਧੀ ਹੈ। ਉਸ ਨੂੰ ਸ਼ੱਕ ਸੀ ਕਿ ਪਤਨੀ ਦਾ ਕਿਸੇ ਨਾਲ ਨਾਜਾਇਜ਼ ਸਬੰਧ ਹੈ। ਇਸੇ ਕਾਰਨ ਉਸ ਨੇ ਆਪਣਾ ਕਿਰਾਏ ਦਾ ਮਕਾਨ ਵੀ ਬਦਲ ਲਿਆ ਸੀ।
 


author

Babita

Content Editor

Related News