ਲੁਧਿਆਣਾ ’ਚ ਰਿਟਾਇਰਡ ਇਨਕਮ ਟੈਕਸ ਅਧਿਕਾਰੀ ਤੇ ਉਸ ਦੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ (ਵੀਡੀਓ)
Thursday, May 05, 2022 - 02:24 AM (IST)
ਲੁਧਿਆਣਾ (ਰਾਜ) : ਸ਼ਹਿਰ ਦੇ ਪਾਸ਼ ਇਲਾਕੇ ਭਾਈ ਰਣਧੀਰ ਸਿੰਘ ਨਗਰ ਦੀ ਇਕ ਕੋਠੀ 'ਚ ਰਹਿਣ ਵਾਲੇ ਰਿਟਾ. ਇਨਕਮ ਟੈਕਸ ਅਧਿਕਾਰੀ ਤੇ ਉਸ ਦੀ ਪਤਨੀ ਦਾ ਦੇਰ ਰਾਤ ਦਰਦਨਾਕ ਕਤਲ ਕਰ ਦਿੱਤਾ ਗਿਆ। ਮੁਲਜ਼ਮ ਨੇ ਤੇਜ਼ਧਾਰ ਹਥਿਆਰ ਨਾਲ ਬਜ਼ੁਰਗ ਜੋੜੇ ਦੇ ਗਲ਼ ਵੱਢ ਦਿੱਤੇ। ਵਾਰਦਾਤ ਸਮੇਂ ਜੋੜਾ ਘਰ 'ਚ ਇਕੱਲਾ ਸੀ। ਵਾਰਦਾਤ ਤੋਂ ਬਾਅਦ ਕਮਰੇ ਦੇ ਫਰਸ਼ 'ਤੇ ਖੂਨ ਨਾਲ ਲਥਪਥ ਜੋੜੇ ਦੀ ਲਾਸ਼ ਪਈ ਮਿਲੀ। ਮ੍ਰਿਤਕਾਂ ਦੀ ਪਛਾਣ ਸੁਖਦੇਵ ਸਿੰਘ (65) ਤੇ ਉਸ ਦੀ ਪਤਨੀ ਗੁਰਮੀਤ ਕੌਰ (62) ਵਜੋਂ ਹੋਈ। ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ, ਡੀ. ਸੀ. ਪੀ. (ਕ੍ਰਾਈਮ) ਵਰਿੰਦਰ ਸਿੰਘ ਬਰਾੜ ਤੇ ਏ. ਡੀ. ਸੀ. ਪੀ.-3 ਅਸ਼ਵਨੀ ਗੋਟਿਆਲ ਸਮੇਤ ਥਾਣਾ ਸਰਾਭਾ ਨਗਰ ਦੀ ਪੁਲਸ ਮੌਕੇ 'ਤੇ ਪੁੱਜ ਗਈ। ਇਸ ਦੇ ਨਾਲ ਹੀ ਫਿੰਗਰ ਪ੍ਰਿੰਟ ਐਕਸਪਰਟ ਤੇ ਡਾਗ ਸਕੁਐਡ ਟੀਮ ਨੇ ਵੀ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਅਮਰਪੁਰਾ 'ਚ ਗੁੰਡਾਗਰਦੀ, ਫਾਇਰਿੰਗ ਕਰ ਰਹੇ ਬਦਮਾਸ਼ ਪੁਲਸ ਕਮਿਸ਼ਨਰ ਦਾ ਕਾਫਲਾ ਦੇਖ ਭੱਜੇ
ਜਾਣਕਾਰੀ ਮੁਤਾਬਕ ਕਤਲ ਦੀ ਵਾਰਦਾਤ ਰਾਤ ਕਰੀਬ ਸਵਾ 10 ਵਜੇ ਵਾਪਰੀ। ਸੁਖਦੇਵ ਸਿੰਘ ਇਨਕਮ ਟੈਕਸ ਵਿਭਾਗ ਤੋਂ ਰਿਟਾਇਰਡ ਸੀ, ਜਦਕਿ ਉਸ ਦੀ ਪਤਨੀ ਘਰੇਲੂ ਔਰਤ ਸੀ। ਉਨ੍ਹਾਂ ਦੇ ਬੇਟੇ ਹਨ, ਜੋ ਕਿ ਵਿਦੇਸ਼ 'ਚ ਰਹਿੰਦੇ ਹਨ, ਜਦਕਿ ਉਨ੍ਹਾਂ ਦੀ ਬੇਟੀ ਦੇ ਬੀ. ਆਰ. ਐੱਸ. ਨਗਰ 'ਚ ਹੀ ਸਹੁਰੇ ਹਨ। ਦੱਸਿਆ ਜਾ ਰਿਹਾ ਹੈ ਕਿ ਲਗਭਗ 10 ਵਜੇ ਸੁਖਦੇਵ ਸਿੰਘ ਆਪਣੀ ਬੇਟੀ ਨਾਲ ਮੋਬਾਇਲ 'ਤੇ ਗੱਲ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਬੇਟੀ ਨੇ ਸੁਣਿਆ ਕਿ ਕੋਈ ਵਿਅਕਤੀ ਉਸ ਦੇ ਘਰ ਆਇਆ। ਇਸ ਦੌਰਾਨ ਉਸ ਦੇ ਪਿਤਾ ਨੇ ਉਸ ਵਿਅਕਤੀ ਨੂੰ ਅੰਦਰ ਜਾਣ ਲਈ ਕਿਹਾ ਸੀ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਕਾਤਲ ਜਾਣ-ਪਛਾਣ ਦਾ ਸੀ। ਇਸ ਤੋਂ ਬਾਅਦ ਉਸ ਦੇ ਪਿਤਾ ਮੋਬਾਇਲ ਹੋਲਡ 'ਤੇ ਰੱਖ ਕੇ ਉਕਤ ਵਿਅਕਤੀ ਨਾਲ ਗੱਲ ਕਰਨ ਲੱਗ ਪਏ ਸੀ।
ਇਹ ਵੀ ਪੜ੍ਹੋ : ਤੱਲ੍ਹਣ ਵਾਸੀ ਔਰਤ 10 ਗ੍ਰਾਮ ਹੈਰੋਇਨ ਤੇ 50 ਹਜ਼ਾਰ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ
ਇਸ ਦੌਰਾਨ ਉਨ੍ਹਾਂ 'ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਬੇਟੀ ਨੇ ਸਿਰਫ ਮਾਤਾ-ਪਿਤਾ ਦੀ ਚੀਕਣ ਦੀਆਂ ਆਵਾਜ਼ਾਂ ਹੀ ਸੁਣੀਆਂ। ਹੈਲੋ-ਹੈਲੋ ਕਰਦੀ ਰਹੀ ਪਰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਉਸ ਨੇ ਤੁਰੰਤ ਕਾਲ ਡਿਸਕੁਨੈਕਟ ਕੀਤੀ ਤੇ ਆਪਣੇ ਪਤੀ ਨਾਲ ਪੇਕੇ ਘਰ ਵੱਲ ਨਿਕਲ ਪਈ, ਜਦ ਉਹ ਘਰ ਪੁੱਜੀ ਤਾਂ ਅੰਦਰ ਉਸ ਦੇ ਮਾਤਾ-ਪਿਤਾ ਦੀ ਖੂਨ ਨਾਲ ਲਥਪਥ ਲਾਸ਼ ਫਰਸ਼ 'ਤੇ ਪਈ ਸੀ। ਨੇੜੇ ਦੇ ਲੋਕਾਂ ਨੇ ਇਕ ਪਗੜੀਧਾਰੀ ਵਿਅਕਤੀ ਨੂੰ ਘਰੋਂ ਭੱਜਦਾ ਹੋਇਆ ਵੀ ਦੇਖਿਆ ਸੀ। ਉਧਰ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦਾ ਕਹਿਣਾ ਹੈ ਕਿ ਕਤਲ ਕਰਨ ਵਾਲੇ ਦੀ ਫਰੈਂਡਲੀ ਐਂਟਰੀ ਸੀ। ਉਸ ਦਾ ਕਤਲ ਕਰਨ ਦਾ ਕੀ ਕਾਰਨ ਸੀ, ਇਹ ਸਪੱਸ਼ਟ ਹੋਣਾ ਬਾਕੀ ਹੈ। ਜਾਂਚ ਕੀਤੀ ਜਾ ਰਹੀ ਹੈ, ਮਾਮਲਾ ਜਲਦ ਹੱਲ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਦਿਨ-ਦਿਹਾੜੇ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਇਲਾਕੇ 'ਚ ਫੈਲੀ ਸਨਸਨੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ