ਪਤੀ ’ਤੇ ਧੀ ਨਾਲ ਮਿਲ ਕੇ ਭੈਣ ਨੇ ਭੈਣ ਦੇ ਘਰ ਹੀ ਮਾਰਿਆ ਡਾਕਾ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ

02/27/2024 6:22:05 PM

ਜੋਗਾ (ਗੋਪਾਲ) : ਕਸਬਾ ਜੋਗਾ ਵਿਖੇ ਇਕ ਭੈਣ ਦੇ ਘਰ ਭੈਣ ਨੇ ਹੀ ਆਪਣੇ ਪਤੀ ਅਤੇ ਧੀ ਨਾਲ ਮਿਲ ਕੇ ਰਿਵਾਲਵਰ ਦੀ ਨੋਕ ’ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। ਪੁਲਸ ਨੇ ਹਥਿਆਰ, ਨਕਦੀ ਅਤੇ ਹੋਰ ਸਮਾਨ ਬਰਾਮਦ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਇੱਕ ਵਿਅਕਤੀ ਅਜੇ ਗ੍ਰਿਫਤ ਤੋਂ ਬਾਹਰ ਹੈ। ਇਸ ਘਟਨਾ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਹੈ, ਇਸ ਦੀ ਪੁਲਸ ਤਫਤੀਸ਼ ਕਰ ਰਹੀ ਹੈ। ਔਰਤ ਨੂੰ ਘਰ ਵਿੱਚ ਇਕੱਲੀ ਦੇਖ ਕੇ ਘਰ ਵਿਚ ਇਹ ਘਟਨਾ ਘਟੀ।

ਕਸਬਾ ਜੋਗਾ ਦੀ ਔਰਤ ਕਰਮਜੀਤ ਕੌਰ ਨੇ ਪੁਲਸ ਜੋਗਾ ਨੂੰ ਦੱਸਿਆ ਕਿ ਬਠਿੰਡਾ ਰਹਿੰਦੀ ਉਸ ਦੀ ਭਾਣਜੀ ਅਰਸ਼ਨੂਰ ਕੌਰ ਉਸ ਕੋਲ ਆਈ ਹੋਈ ਸੀ। ਜਦ ਉਹ ਘਰ ਵਿਚ ਇਕੱਲੀ ਸੀ ਤਾਂ ਭਾਣਜੀ ਅਰਸ਼ਨੂਰ ਕੌਰ ਨੇ ਆਪਣੇ ਪਿਤਾ ਈਸ਼ਵਰ ਸਿੰਘ ਅਤੇ ਮਾਂ ਸੁਖਵਿੰਦਰ ਕੌਰ ਨੂੰ ਘਰ ਬੁਲਾ ਲਿਆ ਅਤੇ ਕਿਹਾ ਕਿ ਮਾਸੀ ਇਸ ਵੇਲੇ ਘਰ ਵਿਚ ਇਕੱਲੀ ਹੈ। ਯੋਜਨਾ ਦੇ ਮੁਤਾਬਕ ਈਸ਼ਵਰ ਸਿੰਘ ਉਸ ਦੀ ਪਤਨੀ ਸੁਖਵਿੰਦਰ ਕੌਰ ਉੱਥੇ ਆਏ ਅਤੇ ਉਨ੍ਹਾਂ ਨੇ ਆਉਣ ਸਾਰ ਕਰਮਜੀਤ ਕੌਰ ਤੇ ਰਿਵਾਲਵਰ ਤਾਣ ਲਈ ਅਤੇ ਗੋਲੀ ਮਾਰਨ ਦੀ ਧਮਕੀ ਦਿੰਦਿਆਂ 15 ਹਜ਼ਾਰ ਰੁਪਏ ਦੀ ਨਕਦੀ, ਕੁਝ ਗਹਿਣੇ ਅਤੇ ਇਕ ਚੈੱਕ ਉੱਤੇ ਦਸਤਖਤ ਕਰਵਾ ਲਏ। ਜਦ ਰੌਲਾ ਪਿਆ ਤਾਂ ਘਰ ਵਿਚ ਗੁਆਂਢੀ ਪਹੁੰਚੇ। 

ਕਰਮਜੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਗੁਆਂਢੀਆਂ ਦੇ ਆਉਣ ਤੋਂ ਬਾਅਦ ਉਨ੍ਹਾਂ ਨੇ ਮੇਰੇ ਅਤੇ ਮੇਰੇ ਗੁਆਂਢੀਆਂ ਤੇ ਕੋਈ ਜ਼ਹਿਰੀਲਾ ਛਿੜਕਾਅ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀਆਂ ਅੱਖਾਂ ਮੱਚਣ ਲੱਗੀਆਂ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਸੁਖਵਿੰਦਰ ਕੌਰ, ਜੀਜਾ ਈਸ਼ਵਰ ਸਿੰਘ, ਭਾਣਜੀ ਅਰਸ਼ਨੂਰ ਕੌਰ ਵਾਸੀਅਨ ਬਠਿੰਡਾ ਹਾਲਬਾਦ ਤਲਵੰਡੀ ਸਾਬੋ ਅਤੇ ਪਲਵਿੰਦਰ ਸਿੰਘ ਵਾਸੀ ਜੱਜਲ ਚਾਰਾਂ ਨੇ ਮਿਲ ਕੇ ਉਸ ’ਤੇ ਹਮਲਾ ਕੀਤਾ। ਥਾਣਾ ਜੋਗਾ ਦੀ ਮੁੱਖੀ ਬੇਅੰਤ ਕੌਰ ਨੇ ਦੱਸਿਆ ਕਿ ਪੀੜਤਾ ਕਰਮਜੀਤ ਕੌਰ ਦੀ ਸ਼ਿਕਾਇਤ ’ਤੇ ਉਸ ਦੇ ਜੀਜਾ ਈਸ਼ਵਰ ਸਿੰਘ, ਭੈਣ ਸੁਖਵਿੰਦਰ ਕੌਰ, ਭਾਣਜੀ ਅਰਸ਼ਨੂਰ ਕੌਰ ’ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪਲਵਿੰਦਰ ਸਿੰਘ ਜੱਜਲ ਹਾਲੇ ਫਰਾਰ ਹੈ। ਪੁਲਸ ਨੇ ਉਨ੍ਹਾਂ ਕੋਲੋਂ 32 ਬੋਰ ਰਿਵਾਲਵਰ, 7 ਕਾਰਤੂਸ, ਇਕ ਨਕਲੀ ਖਿਡੋਣਾ ਪਿਸਟਲ, 1 ਚਾਕੂ, 15 ਹਜ਼ਾਰ ਰੁਪਏ ਦੀ ਨਕਦੀ ਅਤੇ ਰੈੱਡ ਚਿੱਲੀ ਸੁਪਾਰੀ (ਦਵਾਈ) ਬਰਾਮਦ ਕਰ ਲਈ ਹੈ।


Gurminder Singh

Content Editor

Related News