ਪਤੀ ਨੂੰ ਧੋਖਾ ਦੇਣ ਵਾਲੀ ਐੱਨ. ਆਰ. ਆਈ. ਲਾੜੀ ਲਈ ਅਦਾਲਤ ਦਾ ਫਰਮਾਨ

Friday, Nov 13, 2020 - 06:34 PM (IST)

ਪਤੀ ਨੂੰ ਧੋਖਾ ਦੇਣ ਵਾਲੀ ਐੱਨ. ਆਰ. ਆਈ. ਲਾੜੀ ਲਈ ਅਦਾਲਤ ਦਾ ਫਰਮਾਨ

ਲੁਧਿਆਣਾ (ਮਹਿਰਾ) : ਇਕ ਐੱਨ. ਆਰ. ਆਈ. ਦੁਲਹਣ ਸੁਖਦੀਪ ਕੌਰ ਸ਼ਰਮਾ ਨਿਵਾਸੀ ਪਰਥ ਪੱਛਮੀ, ਆਸਟ੍ਰੇਲੀਆ ਵਿਚ ਪੀ. ਆਰ. ਹਾਸਲ ਹੋਣ ਤੋਂ ਬਾਅਦ ਪਤੀ ਨੂੰ ਛੱਡ ਕੇ ਧੋਖਾਦੇਹੀ ਕਰਨ ਦੇ ਇਕ ਮਾਮਲੇ 'ਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪ੍ਰਭਜੋਤ ਸਿੰਘ ਕਾਲੇਕਾ ਦੀ ਅਦਾਲਤ ਨੇ ਵਿਅਕਤੀਗਤ ਰੂਪ ਨਾਲ ਅਦਾਲਤ ਜਾਂ ਪੁਲਸ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਹੁਕਮ ਪਾਸ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਉਪਰੋਕਤ ਵਿਚਾਰ ਅਧੀਨ ਐੱਫ. ਆਈ. ਆਰ. ਮਾਮਲੇ ਵਿਚ ਤੁਹਾਨੂੰ (ਸੁਖਦੀਪ ਕੌਰ ਸ਼ਰਮਾ) ਸ਼ਿਕਾਇਤਕਰਤਾ ਵੈਭਵ ਸ਼ਰਮਾ ਨਿਵਾਸੀ ਨਿਊ ਕਿਚਲੂ ਨਗਰ ਦੇ ਨਾਲ ਧੋਖਾਦੇਹੀ ਕਰਨ ਲਈ ਆਈ. ਪੀ. ਸੀ. ਦੀ ਧਾਰਾ 420 ਤਹਿਤ ਦੰਡਯੋਗ ਅਪਰਾਧ ਦਾ ਦੋਸ਼ ਲਾਇਆ ਗਿਆ ਹੈ। ਮੁਲਜ਼ਮ ਔਰਤ 'ਤੇ ਦੋਸ਼ ਹੈ ਕਿ ਉਸ ਨੇ ਆਸਟ੍ਰੇਲੀਆ ਵਿਚ ਨਾਗਰਿਕਤਾ ਰੱਖਣ ਵਾਲੇ ਇਕ ਐੱਨ. ਆਰ. ਆਈ. ਵੈਭਵ ਸ਼ਰਮਾ ਮੂਲ ਨਿਵਾਸੀ ਨਿਊ ਕਿਚਲੂ ਨਗਰ, ਲੁਧਿਆਣਾ ਨਾਲ ਸਾਜ਼ਿਸ਼ ਤਹਿਤ ਜਾਣ-ਬੁੱਝ ਕੇ ਵਿਆਹ ਕੀਤਾ ਅਤੇ ਫਿਰ ਉਸ ਨੂੰ ਬਿਨਾਂ ਕਾਰਨ ਛੱਡ ਦਿੱਤਾ।

ਇਹ ਵੀ ਪੜ੍ਹੋ :  ਗੈਂਗਸਟਰ ਦਿਲਪ੍ਰੀਤ ਤੋਂ ਪੁੱਛਗਿੱਛ ਦੌਰਾਨ ਸਨਸਨੀਖੇਜ਼ ਖ਼ੁਲਾਸਾ, ਬਿਸ਼ਨੋਈ ਗੈਂਗ ਬਾਰੇ ਵੱਡੀ ਗੱਲ ਆਈ ਸਾਹਮਣੇ

ਦੋਸ਼ਾਂ ਮੁਤਾਬਕ ਉਸ ਦਾ ਮਕਸਦ ਆਸਟ੍ਰੇਲੀਆ 'ਚ ਸਥਾਈ ਰੂਪ ਨਾਲ ਵਸਣਾ ਸੀ ਅਤੇ ਜਦੋਂ ਉਸ ਨੂੰ ਉਥੇ ਸਥਾਈ ਨਿਵਾਸ ਮਿਲ ਗਿਆ ਤਾਂ ਉਸ ਨੇ ਪਤੀ ਨੂੰ ਪ੍ਰੇਸ਼ਾਨ, ਬੇਇੱਜ਼ਤ ਅਤੇ ਬਲੈਕਮੇਲ ਕੀਤਾ ਅਤੇ ਅਪਰਾਧਕ ਕੇਸਾਂ 'ਚ ਝੂਠੇ ਫਸਾਉਣ ਦੀ ਧਮਕੀ ਦਿੱਤੀ ਅਤੇ ਬਾਅਦ ਉਸ ਨੇ ਬਾਲ ਸ਼ੋਸ਼ਣ ਅਤੇ ਘਰੇਲੂ ਹਿੰਸਾ ਦੇ ਝੂਠੇ ਦੋਸ਼ ਲਾਉਂਦੇ ਹੋਏ ਆਸਟ੍ਰੇਲੀਆ ਦੀ ਅਦਾਲਤ 'ਚ ਕੇਸ ਵੀ ਕਰ ਦਿੱਤਾ ਪਰ ਦੋਸ਼ ਨਿਰ ਆਧਾਰ ਪਾਏ ਗਏ ਅਤੇ ਅਦਾਲਤ ਨੇ ਮੁਕੱਦਮਾ ਖਾਰਜ਼ ਵੀ ਕਰ ਦਿੱਤਾ।

ਇਹ ਵੀ ਪੜ੍ਹੋ :  ਆਪਣੇ ਆਪ ਨੂੰ ਗੁਰੂ ਸਾਹਿਬ ਦਾ ਅਵਤਾਰ ਦੱਸਣ ਵਾਲੇ ਪਾਖੰਡੀ ਮਲਕੀਤ 'ਤੇ ਵੱਡੀ ਕਾਰਵਾਈ

ਇਹ ਦੋਸ਼ ਲਾਇਆ ਗਿਆ ਕਿ ਉਸ ਦੇ ਭਰਾ ਨੇ ਵੀ ਆਸਟ੍ਰੇਲੀਆ ਵਿਚ ਸਥਾਈ ਨਿਵਾਸ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ। ਅਦਾਲਤ ਨੇ ਗ੍ਰਹਿ ਮੰਤਰਾਲਾ ਅਤੇ ਵਿਦੇਸ਼ ਮੰਤਰਾਲਾ, ਭਾਰਤ ਦੇ ਜ਼ਰੀਏ ਸੁਖਦੀਪ ਕੌਰ ਸ਼ਰਮਾ ਨੂੰ ਨੋਟਿਸ ਤਾਮੀਲ ਕਰਵਾਉਣ ਲਈ ਕਿਹਾ ਹੈ ਅਤੇ 29 ਮਾਰਚ 2021 ਮਾਰਚ ਨੂੰ ਜਾਂ ਉਸ ਤੋਂ ਪਹਿਲਾਂ ਅਦਾਲਤ ਜਾਂ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਭੀਮ ਸੇਨ ਸ਼ਰਮਾ (ਸਹੁਰਾ) ਅਤੇ ਉਨ੍ਹਾਂ ਦੀ ਪਤਨੀ ਜੋ ਕਿ ਕੋਟਕਪੁਰਾ, ਜ਼ਿਲ੍ਹਾ ਫਰੀਦਕੋਟ ਦੇ ਨਿਵਾਸੀ ਹਨ, ਆਪਣੀ ਬੇਟੀ/ਮੁਲਜ਼ਮ ਨੂੰ ਵਿਦੇਸ਼ 'ਚ ਵਸਾਉਣਾ ਚਾਹੁੰਦੇ ਸਨ। ਇਸ ਇਰਾਦੇ ਨਾਲ ਉਨ੍ਹਾਂ ਨੇ ਐੱਨ. ਆਰ. ਆਈ. ਲਾੜੇ ਦੀ ਮੰਗ ਵਾਲੇ ਇਕ ਅਖ਼ਬਾਰ ਵਿਚ ਇਕ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਇਆ। ਉਹ ਉਨ੍ਹਾਂ ਦੇ ਜਾਲ 'ਚ ਫਸ ਗਿਆ ਅਤੇ ਉਸ ਦੇ ਅਸਲੀ ਇਰਾਦਿਆਂ ਨੂੰ ਜਾਣੇ ਬਿਨਾਂ ਹੀ ਅਪ੍ਰੈਲ 2012 ਵਿਚ ਉਸ ਨਾਲ ਵਿਆਹ ਕਰ ਲਿਆ।

ਇਹ ਵੀ ਪੜ੍ਹੋ :  ਦੀਵਾਲੀ ਤੋਂ ਪਹਿਲਾਂ ਉੱਜੜੀਆਂ ਪਰਿਵਾਰ ਦੀਆਂ ਖੁਸ਼ੀਆਂ, ਜੀਜੇ-ਸਾਲੀ ਦੀ ਇਕੱਠਿਆਂ ਮੌਤ

2013 ਵਿਚ ਪਤਨੀ ਨੂੰ ਵਿਆਹ ਦੇ ਆਧਾਰ 'ਤੇ ਵੀਜ਼ਾ ਮਿਲ ਗਿਆ। ਸ਼ਿਕਾਇਤਕਰਤਾ ਨੇ ਕਿਹਾ ਕਿ 2017 ਤੱਕ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਜਦੋਂ ਉਸ ਨੂੰ ਸਥਾਈ ਨਿਵਾਸ ਮਿਲਿਆ ਤਾਂ ਉਸ ਦਾ ਰਵੱਈਆ ਪੂਰੀ ਤਰ੍ਹਾਂ ਬਦਲ ਗਿਆ। ਪਤਨੀ ਦੇ ਮਾਤਾ-ਪਿਤਾ ਵੱਲੋਂ ਲੋੜ ਤੋਂ ਵੱਧ ਦਖਲ ਦੇਣ ਕਾਰਨ ਸਬੰਧ ਖਰਾਬ ਹੋਣ ਲੱਗੇ। 27 ਨਵੰਬਰ, 2018 ਨੂੰ ਉਹ ਬਿਨਾਂ ਕਿਸੇ ਨੂੰ ਦੱਸੇ ਦੋ ਬੱਚਿਆਂ ਨਾਲ ਘਰੋਂ ਚਲੀ ਗਈ। ਇਹ ਸਭ ਉਸ ਦੇ ਮਾਤਾ-ਪਿਤਾ ਅਤੇ ਭਰਾ ਦੇ ਨਾਲ ਪਹਿਲਾਂ ਤੋਂ ਹੀ ਤੈਅ ਸੀ, ਜੋ ਆਸਟ੍ਰੇਲੀਆ ਵਿਚ ਵੀ ਰਹਿ ਰਿਹਾ ਸੀ। ਸ਼ਿਕਾਇਤਕਰਤਾ ਮੁਤਾਬਕ ਜਦੋਂ ਲੜਕੀ ਦੇ ਮਾਤਾ-ਪਿਤਾ ਦੇ ਨੋਟਿਸ 'ਚ ਪੂਰੀ ਘਟਨਾ ਲਿਆਂਦੀ ਗਈ ਤਾਂ ਉਨ੍ਹਾਂ ਨੇ ਇਸ ਮੁੱਦੇ ਨੂੰ ਹੱਲ ਕਰਨ ਲਈ 20 ਲੱਖ ਰੁਪਏ ਦੀ ਮੰਗ ਕੀਤੀ। ਅਦਾਲਤ ਨੇ ਸ਼ਿਕਾਇਤ ਦਾ ਨੋਟਿਸ ਲੈਂਦੇ ਹੋਏ ਨੋਟਿਸ ਜਾਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ :  ਦੋ ਦਿਨ ਪਹਿਲਾਂ ਲਏ ਮੋਟਰਸਾਈਕਲ 'ਤੇ ਘੁੰਮਣ ਨਿਕਲੇ ਨੌਜਵਾਨ, ਵਾਪਰੀ ਹੋਣੀ ਨੇ ਦੋ ਪਰਿਵਾਰਾਂ 'ਚ ਪਵਾਏ ਕੀਰਣੇ


author

Gurminder Singh

Content Editor

Related News