ਗ੍ਰੰਥੀ ਨੇ ਨਾਬਾਲਗ ਕੁੜੀ ਨਾਲ ਕੀਤੀ ਛੇੜਛਾੜ, ਥਾਣੇ ''ਚ ਹੋਇਆ ਹੰਗਾਮਾ

11/26/2019 7:08:01 PM

ਹੁਸ਼ਿਆਰਪੁਰ (ਅਮਰੀਕ)— ਇਥੋਂ ਦੇ ਪਿੰਡ ਖਨੌੜਾ ਦੇ ਵਾਸੀਆਂ ਨੇ ਇਕ ਗ੍ਰੰਥੀ 'ਤੇ ਲੱਗੇ ਨਾਬਾਲਗ ਲੜਕੀ ਨਾਲ ਛੇੜਛਾੜ ਦੇ ਦੋਸ਼ਾਂ ਤੋਂ ਬਾਅਦ ਪੁਲਸ ਦੀ ਕਾਰਵਾਈ 'ਤੇ ਬਵਾਲ ਕਰਦੇ ਹੋਏ ਹੁਸ਼ਿਆਰਪੁਰ-ਫਗਵਾੜਾ ਰੋਡ ਜਾਮ ਕਰ ਦਿੱਤਾ। ਇਸ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਸ਼ਿਕਾਇਤ ਕਰਤਾ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਪਿੰਡ ਦੇ ਸਾਬਕਾ ਕਾਂਗਰਸੀ ਸਰਪੰਚ ਦੀ ਕੁੱਟਮਾਰ ਕੀਤੀ ਅਤੇ ਬਾਅਦ 'ਚ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ। ਕਰੀਬ ਦੋ ਘੰਟੇ ਰੋਡ ਜਾਮ ਕਰਨ ਤੋਂ ਬਾਅਦ ਦੋਵੇਂ ਪਾਰਟੀਆਂ 'ਚ ਰਾਜੀਨਾਮਾ ਹੋਇਆ ਅਤੇ ਪੁਲਸ ਨੇ ਜਾਮ ਖੁੱਲ੍ਹਵਾਇਆ। 

ਮਿਲੀ ਜਾਣਕਾਰੀ ਮੁਤਾਬਕ ਪੀੜਤ ਲੜਕੀ ਦੇ ਪਿਤਾ ਨੇ ਪਿੰਡ ਖਨੌੜਾ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ 'ਤੇ ਆਪਣੀ ਨਾਬਾਲਗ ਧੀ ਨਾਲ ਛੇੜਛਾੜ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਪਰਿਵਾਰ ਨੇ ਇਸ ਬਾਰੇ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਪੁਲਸ ਤੁਰੰਤ ਕਾਰਵਾਈ ਕਰਦਿਆਂ ਗ੍ਰੰਥੀ ਨੂੰ ਥਾਣੇ ਲੈ ਆਈ। 

PunjabKesari
ਪਿਤਾ ਨੇ ਦੱਸਿਆ ਕਿ ਪਿੰਡ ਖਨੌੜਾ ਦੇ ਗੁਰਦੁਆਰਾ ਸਾਹਿਬ 'ਚ ਪਿਛਲੇ ਕਰੀਬ 15 ਸਾਲਾ ਤੋਂ ਡਿਊਟੀ ਨਿਭਾਅ ਰਹੇ ਗ੍ਰੰਥੀ ਸੁਖਦੇਵ ਸਿੰਘ ਨੇ ਉਸ ਦੀ ਨਾਬਾਲਗ ਬੱਚੀ ਨਾਲ ਗੁਰੂਘਰ 'ਚ ਛੇੜਛਾੜ ਕੀਤੀ ਹੈ। ਸਾਬਕਾ ਸਰਪੰਚ ਪਰਮਜੀਤ ਸਿੰਘ ਵੱਲੋਂ ਲੜਕੀ ਦੇ ਬਿਆਨ ਪੁਲਸ ਨੂੰ ਦਿਵਾਏ ਗਏ ਅਤੇ ਪਿੰਡ ਦੇ ਗ੍ਰੰਥੀ ਨੂੰ ਬਿਨਾਂ ਕਿਸੇ ਨੂੰ ਦੱਸੇ ਮੇਹਟਿਆਣਾ ਥਾਣੇ ਲੈ ਗਏ। ਇਸ ਤੋਂ ਬਾਅਦ ਪੂਰਾ ਪਿੰਡ ਸੜਕਾਂ 'ਤੇ ਉਤਰ ਆਇਆ ਅਤੇ ਥਾਣੇ ਪਹੁੰਚੇ। ਇਸੇ ਦੌਰਾਨ ਥਾਣੇ 'ਚ ਸਾਬਕਾ ਸਰਪੰਚ ਅਤੇ ਪਿੰਡ ਵਾਸੀਆਂ 'ਚ ਝੜਪ ਹੋ ਗਈ ਅਤੇ ਪਿੰਡ ਵਾਸੀਆਂ ਨੇ ਥਾਣੇ 'ਚ ਸਰਪੰਚ ਦੀ ਕੁੱਟਮਾਰ ਕਰ ਦਿੱਤੀ। ਜਿਸ ਤੋਂ ਬਾਅਦ ਪੁਲਸ ਨੇ ਸਾਬਕਾ ਸਰਪੰਚ ਨੂੰ ਬਚਾਇਆ। 

ਪਿੰਡ ਵਾਸੀਆਂ 'ਚ ਰੋਸ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸਾਬਕਾ ਸਰਪੰਚ ਪਿੰਡ ਦੇ ਹੋਰ ਲੋਕਾਂ 'ਤੇ ਮਾਮਲੇ ਦਰਜ ਕਰਵਾ ਕੇ ਮੋਟੀ ਰਕਮ ਵਸੂਲਣ ਦਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਜੇਕਰ ਗ੍ਰੰਥੀ 'ਤੇ ਦੋਸ਼ ਲੱਗੇ ਹਨ ਤਾਂ ਗੁਰਦੁਆਰਾ ਸਾਹਿਬ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਕਿਉਂ ਨਹੀਂ ਚੈੱਕ ਕੀਤੇ, ਜਿਸ ਨਾਲ ਪੂਰਾ ਸੱਚ ਸਾਹਮਣੇ ਆ ਜਾਵੇਗਾ। 
ਮਾਮਲਾ ਉਲਝਦਾ ਦੇਖ ਪੁਲਸ ਨੇ ਦੋਵੇਂ ਪਾਰਟੀਆਂ ਨੂੰ ਥਾਣੇ ਬੁਲਾਇਆ ਅਤੇ ਆਪਸੀ ਸਮਝੌਤਾ ਕਰਵਾ ਕੇ ਰਾਜੀਨਾਮਾ ਕਰਵਾ ਦਿੱਤਾ। ਡੀ. ਐੱਸ. ਪੀ. ਸਤਿੰਦਰਪਾਲ ਸਿੰਘ ਚੱਢਾ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਗੰ੍ਰਥੀ ਨੇ ਪਿੰਡ ਦੀ ਬੱਚੀ ਨਾਲ ਛੇੜਛਾੜ ਕੀਤੀ ਹੈ। ਸਹਿਮਤੀ ਤੋਂ ਬਾਅਦ ਰੋਡ ਜਾਮ ਨੂੰ ਖੁੱਲ੍ਹਵਾਇਆ ਗਿਆ।


shivani attri

Content Editor

Related News