ਓਵਰ ਟਾਇਮ ਅਤੇ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਸੈਂਕੜੇ ਕਾਮਿਆਂ ਨੇ ਮੈਨੇਜਮੈਂਟ ਵਿਰੁੱਧ ਕੀਤੀ ਨਾਅਰੇਬਾਜ਼ੀ

Saturday, May 16, 2020 - 05:16 PM (IST)

ਓਵਰ ਟਾਇਮ ਅਤੇ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਸੈਂਕੜੇ ਕਾਮਿਆਂ ਨੇ ਮੈਨੇਜਮੈਂਟ ਵਿਰੁੱਧ ਕੀਤੀ ਨਾਅਰੇਬਾਜ਼ੀ

ਭਵਾਨੀਗਡ਼੍ਹ (ਕਾਂਸਲ) - ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੀ ਮੁੱਖ ਸੜਕ ਉੱਪਰ ਸਥਿਤ ਇਕ ਧਾਗਾ ਫੈਕਟਰੀ ਵਿਚ ਕੰਮ ਕਰਨ ਵਾਲੇ 3 ਸੈਂਕੜੇ ਦੇ ਕਰੀਬ ਪ੍ਰਵਾਸੀ ਮਜਦੂਰਾਂ ਵਲੋਂ ਰਾਸ਼ਨ ਅਤੇ ਓਵਰ ਟਾਇਮ ਦਾ ਮਿਹਨਤਾਨਾ ਨਾ ਮਿਲਣ ਦੇ ਰੋਸ ਵੱਜੋਂ ਅੱਜ ਸਵੇਰੇ ਤੜਕੇ ਹੀ ਕਲੋਨੀ ਤੋਂ ਸੰਗਰੂਰ ਮੁੱਖ ਸੜਕ ਉੱਪਰ ਪਿੰਡ ਹਰਕ੍ਰਿਸ਼ਨਪੁਰਾ ਵਿਖੇ ਸਥਿਤ ਆਈ.ਏ.ਐਲ ਧਾਗਾ ਫੈਕਟਰੀ ਤੱਕ ਪੈਦਲ ਰੋਸ ਮਾਰਚ ਕਰਕੇ ਫੈਕਟਰੀ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਜਾਣਕਾਰੀ ਦਿੰਦਿਆਂ ਇਨ੍ਹਾਂ ਪ੍ਰਵਾਸੀ ਮਜਦੂਰਾਂ ਦੀ ਮਦਦ ਲਈ ਅੱਗੇ ਆਈਆਂ ਸਥਾਨਕ ਸੰਘਰਸ਼ੀਲ ਭਰਾਤਰੀ ਜਥੇਬੰਦੀਆਂ ਵਿਚੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਮੁੱਖ ਸਿੰਘ ਮਾਨ ਨੇ ਕਿਹਾ ਕਿ ਇਹ ਸਾਰੇ ਵਰਕਰ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਵੱਲੋਂ ਇਥੇ ਮਾਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ ਅਤੇ ਇਹ ਆਪਣੇ ਕਮਰਿਆਂ ਵਿਚ ਭੁੱਖੇ ਬੈਠੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾ ਇਹ ਰੋਸ ਮਾਰਚ ਕਰਕੇ ਆਪਣੀ ਰੋਜ਼ੀ ਰੋਟੀ ਮੰਗਣ ਲਈ ਫੈਕਟਰੀ ਅੱਗੇ ਜਾਵਾਂਗੇ ਅਤੇ ਫਿਰ ਡੀ.ਸੀ ਦਫ਼ਤਰ ਸੰਗਰੂਰ ਵਿਖੇ ਜਾ ਕੇ ਆਪਣੇ ਹੱਕਾਂ ਦੀ ਮੰਗ ਕਰਾਗੇ। ਇਸ ਮੌਕੇ 'ਕਮਰੇ ਵਿਚ ਨਾ ਬੰਦ ਕਰੋ ਰੋਟੀ ਦਾ ਪ੍ਰਬੰਧ ਕਰੋ' ਦੇ ਨਾਅਰੇ ਲਗਾ ਕੇ ਆਪਣਾ ਰੋਸ ਜ਼ਾਹਰ ਕਰ ਰਹੇ ਵਰਕਰਾਂ ਨੇ ਦੱਸਿਆ ਕਿ ਫੈਕਟਰੀ ਵੱਲੋਂ ਉਨ੍ਹਾਂ ਨੂੰ ਨਾ ਹੀ ਮਾਰਚ ਮਹੀਨੇ ਦੇ ਓਵਰ ਟਾਇਮ ਦਾ ਬਣਦਾ ਮਹਿਨਤਾਨਾ ਦਿੱਤਾ ਗਿਆ ਹੈ ਅਤੇ ਨਾ ਹੀ ਅਪ੍ਰੈਲ ਮਹੀਨੇ ਦੀ ਤਨਖਾਹ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਫੈਕਟਰੀ ਵੱਲੋਂ ਰਾਸ਼ਨ ਲੈਣ ਲਈ ਜੋ ਉਨ੍ਹਾਂ ਨੂੰ ਟੋਕਨ ਦਿੱਤੇ ਜਾਂਦੇ ਹਨ। ਉਸ ਟੋਕਨ ਉੱਪਰ ਰਾਸ਼ਨ ਦੇਣ ਵਾਲਿਆਂ ਵੱਲੋਂ ਆਪਣੀ ਮਨਮਾਨੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਤੋਂ ਰਾਸ਼ਨ ਦੀ ਹਰ ਵਸਤੂ ਦੇ ਵੱਧ ਭਾਅ ਵਸੂਲੇ ਜਾਂਦੇ ਹਨ ਜਦੋਂ ਕਿ ਫੈਕਟਰੀ ਤੋਂ ਬਾਹਰ ਸਥਿਤ ਦੁਕਾਨਾਂ ਉਪਰ ਸਾਨੂੰ ਰਾਸ਼ਨ ਸਸਤਾ ਮਿਲਦਾ ਹੈ। ਪਰ ਸਾਡੀ ਇਹ ਮਜਬੂਰੀ ਹੈ ਕਿ ਬਾਹਰ ਦੁਕਾਨਾਂ ਵਾਲੇ ਇਹ ਟੋਕਨ ਨਹੀਂ ਲੈਂਦੇ ਅਤੇ ਨਗਦੀ ਦੀ ਮੰਗ ਕਰਦੇ ਹਨ ਅਤੇ ਫੈਕਟਰੀ ਵੱਲੋਂ ਸਾਨੂੰ ਨਗਦੀ ਨਹੀਂ ਦਿੱਤੀ ਜਾ ਰਹੀ। ਇਸ ਤਰ੍ਹਾਂ ਇਥੇ ਸਾਡਾ ਸੋਸ਼ੋਣ ਹੋ ਰਿਹਾ ਹੈ ਅਤੇ ਅਸੀ ਭੁੱਖ ਮਰੀ ਦਾ ਸ਼ਿਕਾਰ ਹੋਣ ਕਾਰਨ ਮਜਬੂਰਨ ਆਪਣੀ ਰੋਜ਼ੀ-ਰੋਟੀ ਲਈ ਇਹ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਸਾਡੇ ਹੱਕ ਦਿੱਤੇ ਜਾਣ, ਸਾਡੀ ਅਪ੍ਰੈਲ ਮਹੀਨੇ ਦੀ ਤਨਖਾਹ ਅਤੇ ਮਾਰਚ ਮਹੀਨੇ ਦਾ ਓਵਰ ਟਾਇਮ ਦਾ ਮਿਹਨਤਾਨਾ ਦਿੱਤਾ ਜਾਵੇ ਅਤੇ ਕਲੋਨੀ ਵਿਚ ਸਸਤੇ ਰਾਸ਼ਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਜੋ ਵਰਕਰ ਆਪਣੇ ਰਾਜਾਂ ਨੂੰ ਵਾਪਸ ਜਾਣਾ ਚਹੁੰਦੇ ਹਨ। ਉਨ੍ਹਾਂ ਦੇ ਇਥੋਂ ਵਾਪਿਸ ਜਾਣ ਦਾ ਪ੍ਰਬੰਧ ਕੀਤਾ ਜਾਵੇ। ਜਿਸ ਤੋਂ ਬਾਅਦ ਫੈਕਟਰੀ ਅੱਗੇ ਪਹੁੰਚਣ 'ਤੇ ਵਰਕਰਾਂ ਨੇ ਫੈਕਟਰੀ ਦੇ ਗੇਟ ਅੱਗੇ ਰੋਸ ਧਰਨਾ ਦਿੰਦਿਆਂ ਜ਼ੋਰਦਾਰ ਨਆਰੇਬਾਜ਼ੀ ਕੀਤੀ।

ਇਸ ਸੰਬੰਧੀ ਫੈਕਟਰੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਫੈਕਟਰੀ ਵੱਲੋਂ ਇਨ੍ਹਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਲਾਕਡਾਊਨ ਕਾਰਨ ਪਿਛੋਂ ਹੀ ਰਾਸ਼ਨ ਮਹਿੰਗਾ ਹੋ ਜਾਣ ਕਾਰਨ ਰਾਸ਼ਨ ਮਹਿੰਗਾ ਹੈ ਅਤੇ ਉਨ੍ਹਾਂ ਵੱਲੋਂ ਕੰਟੀਨ ਵਿਚ ਸਾਰੇ ਰਾਸ਼ਨ ਦੀ ਰੇਟ ਲਿਸਟ ਵੀ ਲਗਵਾ ਦਿੱਤੀ ਜਾਵੇਗੀ।

 


author

Harinder Kaur

Content Editor

Related News