ਗਰਮੀ ਦਿਖਾ ਰਹੀ ਤਿੱਖੇ ਤੇਵਰ, ਸਾਉਣ ਮਹੀਨੇ ''ਚ ਹੁੰਮਸ ਤੇ ਲੰਬੇ ਬਿਜਲੀ ਦੇ ਕੱਟਾਂ ਨੇ ਜਨਤਾ ਨੂੰ ਕੀਤਾ ਪ੍ਰੇਸ਼ਾਨ
Sunday, Jul 21, 2024 - 01:00 AM (IST)
ਅੰਮ੍ਰਿਤਸਰ (ਸਰਬਜੀਤ)- ਅੰਮ੍ਰਿਤਸਰ ਸ਼ਹਿਰ ’ਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਤੇ ਸਾਉਣ ਮਹੀਨੇ ’ਚ ਹੁੰਮਸ ਤੋਂ ਇਲਾਵਾ ਆਏ ਦਿਨ ਲੱਗ ਰਹੇ ਬਿਜਲੀ ਦੇ ਵੱਡੇ-ਵੱਡੇ ਕੱਟਾਂ ਕਾਰਨ ਲੋਕਾਂ ’ਚ ਹਾਹਾਕਾਰ ਮਚ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ 2-3 ਦਿਨਾਂ ਦੀ ਬਾਰਿਸ਼ ਕਾਰਨ ਜਿੱਥੇ ਮੌਸਮ ’ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ ਸੀ, ਉਥੇ ਹੀ ਹੁਣ ਇਕ ਵਾਰ ਫਿਰ ਗਰਮੀ ਆਪਣੇ ਤਿੱਖੇ ਤੇਵਰ ਦਿਖਾ ਰਹੀ ਹੈ। ਭਿਆਨਕ ਗਰਮੀ ਨਾਲ ਜਿੱਥੇ ਮਨੁੱਖੀ ਜਨ ਜੀਵਨ ਅਸਤ-ਵਿਅਸਤ ਹੋ ਗਿਆ ਹੈ, ਉਥੇ ਹੀ ਜੀਵ-ਜੰਤੂ ਇਸ ਗਰਮੀ ਕਾਰਨ ਹਾਲੋ-ਬੇਹਾਲ ਹੋਏ ਪਏ ਹਨ। ਗਰਮੀ ਕਾਰਨ ਲੋਕਾਂ ਦਾ ਸੜਕਾਂ ’ਤੇ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ, ਜਿਸ ਕਾਰਨ ਸ਼ਹਿਰ ਦੀਆ ਮੇਨ ਸੜਕਾਂ ਵੀ ਸੁੰਨ ਪੱਸਰੀ ਪਈ ਹੈ। ਹਰ ਕੋਈ ਸਵੇਰੇ-ਸ਼ਾਮ ਕੰਮ ਨਿਪਟਾਉਣ ਦੀ ਫ਼ਿਰਾਕ ਵਿਚ ਹੈ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ।
ਓਧਰ ਦੋਪਹੀਆ ਵਾਹਨ ਚਾਲਕ ਕੱਪੜੇ ਨਾਲ ਮੂੰਹ ਢੱਕ ਕੇ ਬਾਹਰ ਨਿਕਲਣ ਲਈ ਮਜਬੂਰ ਹਨ। ਇਕ ਤਾਂ ਗਰਮੀ ਦਾ ਕਹਿਰ ਤੇ ਦੂਜਾ ਰੋਜ਼ੀ-ਰੋਟੀ ਕਮਾਉਣ ਦੀ ਲਾਲਸਾ, ਜਿਸ ਨੇ ਇਕ ਦਿਹਾੜੀ ਮਜ਼ਦੂਰ ਨੂੰ ਡਾਵਾਂਡੋਲ ਕਰ ਦਿੱਤਾ ਹੈ। ਗਰਮੀ ਤੋਂ ਰਾਹਤ ਪਾਉਣ ਲਈ ਜ਼ਿਆਦਾਤਰ ਨੌਜਵਾਨ ਅਤੇ ਬੱਚੇ ਸਵੀਮਿੰਗ ਪੂਲ ਦੇ ਨਾਲ-ਨਾਲ ਨਹਿਰਾਂ ਅਤੇ ਟਿਊਬਵੈੱਲਾਂ ’ਤੇ ਨਹਾਉਂਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- ਢਾਈ ਸਾਲਾ ਮਾਸੂਮ ਦਾ ਕਤਲ ਕਰ ਬਾਕਸ ਬੈੱਡ 'ਚ ਕਰ'ਤਾ ਸੀ ਬੰਦ, ਅਦਾਲਤ ਨੇ ਕਲਯੁਗੀ ਮਾਂ ਨੂੰ ਸੁਣਾਈ ਮਿਸਾਲੀ ਸਜ਼ਾ
ਕਈ ਇਲਾਕਿਆਂ ’ਚ ਬਿਜਲੀ ਸਾਰਾ ਦਿਨ ਰਹਿੰਦੀ ਗੁਲ
ਵਧਦੀ ਗਰਮੀ ਦੇ ਨਾਲ-ਨਾਲ ਕਈ ਇਲਾਕਿਆਂ ’ਚ ਪਾਵਰਕਾਮ ਵੀ ਕੱਟ ਲਾਉਣ ਤੋਂ ਨਹੀਂ ਝਿਜਕ ਰਿਹਾ, ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਇਲਾਕਿਆਂ ’ਚ ਤਾਂ ਬਿਜਲੀ ਪੂਰੀ ਤਰ੍ਹਾਂ ਕਈ ਕਈ ਦਿਨਾਂ ਤੋਂ ਗੁਲ ਰਹਿੰਦੀ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਦੇ ਨਾਲ-ਨਾਲ ਪਾਣੀ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਇਸ ਵੱਡੀ ਸਮੱਸਿਆ ਨੂੰ ਲੈ ਕੇ ਲੋਕ ਪਾਵਰਕਾਮ ਨੂੰ ਕੋਸਦੇ ਨਜ਼ਰ ਆ ਰਹੇ ਹਨ।
11 ਸਾਲ ਬਾਅਦ ਗਰਮੀ ਦੀ ਕਹਿਰ, ਟੁੱਟ ਸਕਦੈ ਰਿਕਾਰਡ
ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ 11 ਸਾਲ ਬਾਅਦ ਫਿਰ ਗਰਮੀ ਨੇ ਆਪਣਾ ਕਹਿਰ ਦਿਖਾਇਆ ਹੈ। ਹੁਣ ਤਾਂ ਇੰਝ ਲੱਗ ਰਿਹਾ ਹੈ ਕਿ ਇਸ ਵਾਰ ਉਹ ਰਿਕਾਰਡ ਟੁੱਟ ਸਕਦਾ ਹੈ। ਜ਼ਿਕਰਯੋਗ ਹੈ ਕਿ ਸਾਲ 2013 ਵਿਚ ਬੇਹੱਦ ਗਰਮੀ ਪਈ ਸੀ, ਉਦੋਂ ਤਾਪਮਾਨ 46-47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਮੌਸਮ ਵਿਭਾਗ ਮੁਤਾਬਕ ਸਵੇਰੇ ਕਰੀਬ 8 ਵਜੇ ਤੋਂ ਹੀ ਸ਼ਹਿਰ ਦਾ ਪਾਰਾ (ਤਾਪਮਾਨ) 28-30 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਗਿਆ ਸੀ। ਇਸ ਤੋਂ ਬਾਅਦ ਦਿਨ ਭਰ ਦਾ ਤਾਪਮਾਨ 43 ਡਿਗਰੀ ਦੇ ਆਲੇ-ਦੁਆਲੇ ਰਿਹਾ ਅਤੇ ਦਿਨ ਦਾ ਘੱਟੋ-ਘੱਟ ਤਾਪਮਾਨ 40 ਡਿਗਰੀ ਸੈਲਸੀਅਸ ਰਿਹਾ।
ਇਹ ਵੀ ਪੜ੍ਹੋ- ਜਾਰੀ ਹੋ ਗਏ ਨਵੇਂ ਨਿਯਮ, ਹੁਣ ਵਾਹਨ ਚਲਾਉਣ ਵਾਲੇ ਨਾਬਾਲਗਾਂ ਦੇ ਮਾਪਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e